ਔਟਵਾ : ਵਿਸ਼ਵ ਸਿੱਖ ਸੰਸਥਾ, ਕੈਨੇਡਾ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਊਡਾਣਾਂ ਤੇ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਦੀ ਆਗਿਆ ਦੇਣ ਵਾਲੇ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ। ਯੂਕੇ ਵਿੱਚ ਸਿੱਖਾਂ ਨੂੰ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਮਿਆਰ ਅਨੁਸਾਰ ਕੁੱਝ ਸਮੇ ਤੋਂ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਕਿਰਪਾਨ ਨਾਲ ਹਵਾਈ ਸਫਰ ਕਰਨ ਦੀ ਆਗਿਆ ਦਿੱਤੀ ਗਈ ਸੀ। ਡਬਲਯੂ ਐਸ ਓ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਅਸੀਂ ਇਸ ਐਲਾਨ ਦਾ ਸਵਾਗਤ ਕਰਦੇ ਹਾਂ। ਅਸੀ ਕੁਝ ਮਹੀਨੇ ਪਹਿਲਾਂ ਟਰਾਂਸਪੋਰਟ ਕੈਨੇਡਾ ਨਾਲ ਛੋਟੀਆਂ ਕਿਰਪਾਨਾਂ ਦੀ ਮਨਜ਼ੂਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ ਅਤੇ ਇਸ ਮਸਲੇ ਦੇ ਸਬੰਧ ਵਿੱਚ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖੀ ਸੀ। ਇਸ ਫੈਸਲੇ ਨਾਲ ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਯਾਤਰੂ ਛੋਟੀਆਂ ਕਿਰਪਾਨਾਂ ਸਜਾ ਕੇ ਸਫਰ ਕਰ ਸਕਣਗੇ। ਵਿਸ਼ਵ ਸਿੱਖ ਸੰਸਥਾ ਇਕ ਨਾ-ਮੁਨਾਫ਼ਾ ਸੰਸਥਾ ਹੈ ਜੋ ਕੈਨੇਡਾ ਦੇ ਸਿੱਖਾਂ ਦੇ ਹਿੱਤਾਂ ਨੂੰ ਮਹਿਫ਼ੂਜ਼ ਰੱਖਣ ‘ਤੇ ਇਨ੍ਹਾਂ ਦੀ ਪ੍ਰੌੜਤਾ ਦੇ ਨਾਲ ਨਾਲ ਸਾਰੇ ਹੀ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਹੈ ਭਾਵੇਂ ਉਹ ਕਿਸੇ ਵੀ ਨਸਲ, ਧਰਮ, ਲਿੰਗ, ਸੱਭਿਆਚਾਰ, ਸਮਾਜਕ ਜਾਂ ਆਰਥਕ ਪੱਧਰ ਨਾਲ ਸਬੰਧ ਰਖਦੇ ਹੋਣ।