Breaking News
Home / ਪੰਜਾਬ / ਸਰਪੰਚੀ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਿਆਸਤਦਾਨ

ਸਰਪੰਚੀ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਿਆਸਤਦਾਨ

ਕਈ ਆਗੂ ਵਿਧਾਨ ਸਭਾ ਤੱਕ ਅਤੇ ਕਈਆਂ ਨੇ ਕੌਮੀ ਪੱਧਰ ‘ਤੇ ਕਮਾਇਆ ਨਾਮ
ਪਟਿਆਲਾ/ਬਿਊਰੋ ਨਿਊਜ਼ : ਪੰਚਾਇਤੀ ਚੋਣਾਂ ਬਦੌਲਤ ਸਿਆਸਤ ਦੀ ਪੌੜੀ ਚੜ੍ਹਨ ਵਾਲੇ ਕਈ ਸਿਆਸੀ ਆਗੂ ਵਿਧਾਨ ਸਭਾ ਤੱਕ ਪੁੱਜੇ ਹਨ ਤੇ ਕੌਮੀ ਪੱਧਰ ਤੱਕ ਨਾਮ ਬਣਾਇਆ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਸਰਪੰਚੀ ਤੋਂ ਹੀ ਸ਼ੁਰੂਆਤ ਕੀਤੀ ਸੀ। ਸਰਪੰਚ ਰਹਿ ਚੁੱਕੇ ਅਨੇਕ ਆਗੂ ਕੇਂਦਰੀ ਅਤੇ ਸੂਬਾਈ ਵਜ਼ੀਰ, ਵਿਧਾਇਕ ਤੇ ਚੇਅਰਮੈਨ ਬਣੇ ਹਨ। ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਵਿਚ ਪੈਰ ਪਿੰਡ ਬਾਦਲ ਦੀ ਸਰਪੰਚੀ ਤੋਂ ਹੀ ਰੱਖਿਆ ਸੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੀ ਆਪਣੇ ਜੱਦੀ ਪਿੰਡ ਬਿਲਾਸਪੁਰ ਦੇ ਦਸ ਸਾਲ ਸਰਪੰਚ ਰਹੇ। ਸੁਖਦੇਵ ਸਿੰਘ ਢੀਂਡਸਾ, ਬੀਰਦਵਿੰਦਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਸੁੱਚਾ ਸਿੰਘ ਛੋਟੇਪੁਰ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਰਣਧੀਰ ਸਿੰਘ ਚੀਮਾ, ਐੱਨ.ਕੇ ਸ਼ਰਮਾ, ਉਜਾਗਰ ਸਿੰਘ ਵਡਾਲੀ, ਮਨਪ੍ਰੀਤ ਸਿੰਘ ਇਆਲੀ ਤੇ ਡਾ. ਧਰਮਵੀਰ ਅਗਨੀਹੋਤਰੀ ਨੇ ਵੀ ਸਰਪੰਚੀ ਕੀਤੀ ਹੈ। ਪਟਿਆਲਾ ਖੇਤਰ ਦੇ ਕਰਨੈਲ ਪੰਜੋਲੀ, ਸੁਰਜੀਤ ਗੜ੍ਹੀ, ਹਰਵਿੰਦਰ ਹਰਪਾਲਪੁਰ, ਰਣਧੀਰ ਰੱਖੜਾ, ਸਤਵਿੰਦਰ ਟੌਹੜਾ, ਗੁਰਸੇਵ ਹਰਪਾਲਪੁਰ, ਨਰਦੇਵ ਆਕੜੀ, ਸੁਰਿੰਦਰ ਖੇੜਕੀ, ਰਾਜਿੰਦਰਾ ਰਾਜਾ ਤੇ ਪਰਮਜੀਤ ਕੌਰ ਲਾਂਡਰਾਂ ਵੀ ਸਰਪੰਚ ਰਹਿ ਚੁੱਕੇ ਹਨ। ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ਤੇ ਮੌਜੂਦਾ ਸਮੇਂ ਦੇ ਹਾਲਾਤ ਵਿਚ ਬਹੁਤ ਫਰਕ ਹੈ। ਪਹਿਲਾਂ ਭਲਾ ਸਮਾਂ ਸੀ, ਉਦੋਂ ਸਰਪੰਚੀ ਦੀ ਚੋਣ ਆਪਣੇ ਬਲਬੂਤੇ ‘ਤੇ ਲੜੀ ਤੇ ਜਿੱਤੀ ਜਾਂਦੀ ਸੀ। ਪਿੰਡ ਦੇ ਵਿਕਾਸ ਤੇ ਸੁਧਾਰ ਸਮੇਤ ਸਾਂਝੇ ਮਸਲੇ ਹੱਲ ਕਰਨ ਦਾ ਟੀਚਾ ਵੀ ਹੁੰਦਾ ਸੀ, ਪਰ ਅਜੋਕੇ ਸਮੇਂ ਵਿਚ ਪੰਚਾਇਤੀ ਚੋਣਾਂ ਧੜੇਬੰਦੀ ਦਾ ਕਾਰਨ ਬਣ ਗਈਆਂ ਹਨ।
ਪੰਚਾਇਤੀ ਚੋਣ ਪ੍ਰਣਾਲੀ ਗੰਧਲੀ ਹੋਈ : ਚਿੰਤਕઠ
ਪ੍ਰੋਫੈਸਰ ਤੇ ਚਿੰਤਕ ਡਾ. ਰਾਜਿੰਦਰਪਾਲ ਬਰਾੜ, ਡਾ. ਕੇਸਰ ਸਿੰਘ ਭੰਗੂ, ਡਾ. ਸਰਬਜਿੰਦਰ ਸਿੰਘ ਤੇ ਡਾ. ਭੀਮਇੰਦਰ ਸਮੇਤ ਰਾਜਸੀ ਆਗੂ ਬੀਰਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੋਕਾ ਰੁਝਾਨ ਭਵਿੱਖ ਲਈ ਘਾਤਕ ਹੈ। ਅਜੋਕੇ ਦੌਰ ਵਿਚ ਰਾਜਨੀਤੀ ਦੀ ਪਨੀਰੀ ਮੰਨੀ ਜਾਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਗੰਧਲੀ ਸਿਆਸਤ ਦਾ ਗ੍ਰਹਿਣ ਲੱਗ ਗਿਆ ਹੈ। ਅਜਿਹੇ ਹਾਲਾਤ ਵਿਚ ਸਰਪੰਚ ਬਣਨ ਵਾਲਿਆਂ ਦੇ ਸਿਆਸਤ ਵਿਚ ਅੱਗੇ ਵਧਣ ਦੇ ਆਸਾਰ ਘੱਟ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਅਮਨ ਤੇ ਭਾਈਚਾਰਕ ਸਾਂਝ ਕਾਇਮ ਰਹਿਣੀ ਚਾਹੀਦੀ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …