Breaking News
Home / ਭਾਰਤ / ਬੁੱਢੇ ਨਾਲੇ ਨੂੰ ‘ਜਵਾਨ’ ਬਣਾਉਣ ਦੀ ਕਵਾਇਦ ਸ਼ੁਰੂ

ਬੁੱਢੇ ਨਾਲੇ ਨੂੰ ‘ਜਵਾਨ’ ਬਣਾਉਣ ਦੀ ਕਵਾਇਦ ਸ਼ੁਰੂ

ਨਾਲੇ ਦੀ ਸਫਾਈ ਲਈ ਸਤਿਗੁਰੂ ਉਦੈ ਸਿੰਘ ਨੂੰ ਬਣਾਇਆ ਗਿਆ ਹੈ ਟਾਸਕ ਫੋਰਸ ਦਾ ਮੁਖੀ
ਲੁਧਿਆਣਾ/ਬਿਊਰੋ ਨਿਊਜ਼ : ਬੁੱਢੇ ਨਾਲੇ ਨੂੰ ਫੇਰ ਤੋਂ ਬੁੱਢਾ ਦਰਿਆ ਬਣਾਉਣ ਦੇ ਮੰਤਵ ਨਾਲ ਐਤਵਾਰ ਤੋਂ ਸਨਅਤੀ ਸ਼ਹਿਰ ਵਿੱਚ ਨਾਮਧਾਰੀ ਸੰਪਰਦਾ ਤੇ ਨਗਰ ਨਿਗਮ ਨੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸਵੇਰ ਠੰਢ ਤੇ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਵਿਚ ਨਾਮਧਾਰੀ ਸੰਗਤ ਤੇ ਨਿਗਮ ਦੇ ਮੁਲਾਜ਼ਮ ਤਾਜਪੁਰ ਰੋਡ ਪੁੱਜੇ।
ਇੱਥੇ ਮਸ਼ੀਨਰੀ ਦੀ ਮਦਦ ਨਾਲ ਬੁੱਢੇ ਨਾਲੇ ‘ਚ ਜੰਮੀ ਗਾਰ ਤੇ ਕੂੜਾ ਕੱਢਣਾ ਸ਼ੁਰੂ ਕੀਤਾ ਗਿਆ। ਇਸ ਮੌਕੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੂੰ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਥਾਪਿਆ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਸੰਜੈ ਤਲਵਾੜ ਤੇ ਡਾਇੰਗ (ਰੰਗਾਈ) ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਤਾਜਪੁਰ ਰੋਡ ‘ਤੇ ਬੁੱਢੇ ਨਾਲੇ ਦੀ ਸਫ਼ਾਈ ਮੁਹਿੰਮ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਨਾਮਧਾਰੀ ਸੰਗਤ ਨੇ ਸਾਂਝਾ ਉੱਦਮ ਕਰਦਿਆਂ ਮਸ਼ੀਨਾਂ ਨਾਲ ਗਾਰ ਕੱਢ ਕੇ ਟਿੱਪਰਾਂ ਵਿਚ ਲੱਦਿਆ। ਜਦਕਿ ਇਸ ਤੋਂ ਪਹਿਲਾਂ ਨਾਲੇ ਦੀ ਸਫ਼ਾਈ ਦੌਰਾਨ ਗਾਰ ਕੱਢ ਕੇ ਕੰਢਿਆਂ ‘ਤੇ ਹੀ ਸੁੱਟ ਦਿੱਤੀ ਜਾਂਦੀ ਸੀ। ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਸਫ਼ਾਈ ਸਿਰਫ਼ ਨਾਮਧਾਰੀ ਸੰਪਰਦਾ ਨਾਲ ਜੁੜੀ ਸੰਗਤ ਹੀ ਨਹੀਂ ਕਰ ਸਕਦੀ ਬਲਕਿ ਇਸ ਲਈ ਸਾਂਝੇ ਉੱਦਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਦੇ ਲਈ ਅੱਗੇ ਆ ਕੇ ਪੂਰਾ ਸਹਿਯੋਗ ਦੇਣਾ ਪਏਗਾ। ਲੋਕਾਂ ਤੇ ਨਗਰ ਨਿਗਮ ਨੂੰ ਆਪਣੇ ਪੱਧਰ ‘ਤੇ ਜ਼ਿੰਮੇਵਾਰੀ ਸਮਝਣੀ ਪਵੇਗੀ ਤੇ ਬੁੱਢੇ ਨਾਲੇ ਵਿੱਚ ਗੰਦਗੀ ਸੁੱਟਣੀ ਬਿਲਕੁਲ ਬੰਦ ਕਰਨੀ ਪਏਗੀ। ਦੱਸਣਯੋਗ ਹੈ ਕਿ ਬੁੱਢਾ ਨਾਲਾ ਸਨਅਤੀ ਸ਼ਹਿਰ ਦੇ ਵਿਚੋ-ਵਿਚ 16 ਕਿਲੋਮੀਟਰ ਤੱਕ ਗੁਜ਼ਰਦਾ ਹੈ। ਇਹ ਤਾਜਪੁਰ ਰੋਡ ਤੋਂ ਸ਼ੁਰੂ ਹੋ ਵਲੀਪੁਰ ਕਲਾਂ ਪਿੰਡ ਤੱਕ ਜਾਂਦਾ ਹੈ। ਇਹ ਸਤਲੁਜ ਦਰਿਆ ਵਿਚ ਵੀ ਡਿੱਗਦਾ ਹੈ। ਇਸ ਥਾਂ ‘ਤੇ ਬੁੱਢੇ ਨਾਲੇ ਦਾ ਪ੍ਰਦੂਸ਼ਣ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ ਕਾਲੇ ਰੰਗ ਦਾ ਪ੍ਰਦੂਸ਼ਿਤ ਪਾਣੀ ਸਤਲੁਜ ਦੇ ਸਾਫ਼ ਪਾਣੀ ਵਿੱਚ ਘੁਲਦਾ ਨਜ਼ਰ ਆਉਂਦਾ ਹੈ। ਰਾਜਸਥਾਨ ਤੇ ਹਰਿਆਣਾ ਸਤਲੁਜ ਵਿਚ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਵੀ ਲੁਧਿਆਣਾ ਸਿਰ ਮੜ੍ਹਦੇ ਹਨ। ਐਨਜੀਟੀ ਇਸ ਕਾਰਨ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਵੀ ਕਰ ਚੁੱਕੀ ਹੈ। ਇਸ ਤੋਂ ਬਾਅਦ ਸਰਕਾਰ ਨੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਸੀ।
ਸਾਫ਼ ਪਾਣੀ ਵਗਣ ਵਿਚ ਲੱਗਣਗੇ ਦੋ-ਤਿੰਨ ਸਾਲ
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਇਸ ਮੌਕੇ ਕਿਹਾ ਕਿ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ।
ਨਾਮਧਾਰੀ ਮੁਖੀ ਨੇ ਕਿਹਾ ਕਿ ਇਸ ਮਕਸਦ ਦੀ ਪੂਰਤੀ ਲਈ ਸ਼ਹਿਰ ਵਿੱਚ ਐੱਸਟੀਪੀਜ਼ (ਸੀਵਰੇਜ ਟਰੀਟਮੈਂਟ ਪਲਾਂਟ) ਦੀ ਗਿਣਤੀ ਵਧਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਸਫ਼ਾਈ ਤਾਂ ਚਾਰ ਤੋਂ ਛੇ ਮਹੀਨਿਆਂ ਵਿਚ ਹੀ ਪੂਰੀ ਹੋ ਜਾਵੇਗੀ, ਪਰ ਸਾਫ਼ ਪਾਣੀ ਵਗਣ ਵਿਚ ਦੋ ਤੋਂ ਤਿੰਨ ਸਾਲ ਲੱਗ ਸਕਦੇ ਹਨ।
ਰੰਗਾਈ ਸਨਅਤਾਂ ਖ਼ਿਲਾਫ਼ ਹੋਵੇਗੀ ਕਾਰਵਾਈ
ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫ਼ਾਈ ਲਈ ਹੁਣ ਲੋਕ ਅੱਗੇ ਆਉਣ ਲੱਗੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਜਲਦੀ ਹੀ ਪਹਿਲਾਂ ਵਾਂਗ ਬੁੱਢਾ ਦਰਿਆ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਨਾਲ ਹੁਣ ਨਾਲੇ ਵਿੱਚ ਗੰਦਾ ਤੇ ਰਸਾਇਣ ਵਾਲਾ ਪਾਣੀ ਸੁੱਟਣ ਵਾਲੀਆਂ ਸਨਅਤਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਜੇ ਡਾਇੰਗ (ਰੰਗਾਈ) ਤੇ ਹੋਰ ਸਨਅਤਾਂ ਨੇ ਆਉਣ ਵਾਲੇ ਕੁੱਝ ਸਮੇਂ ‘ਚ ਬੁੱਢੇ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਸੁੱਟਣਾ ਬੰਦ ਨਾ ਕੀਤਾ ਤਾਂ ਕਾਰਵਾਈ ਕੀਤੀ ਜਾਏਗੀ।
ਦਰਜਨ ਪਿੰਡਾਂ ਨੂੰ ਮੌਤ ਵੱਲ ਧੱਕ ਰਹੀ ਹੈ ਕਾਲਾ ਸੰਘਿਆ ਡਰੇਨ
ਜਲੰਧਰ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਪੰਜਾਬ ਦੇ ਪਾਣੀਆਂ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਜੇ. ਚੰਦਰਾ ਬਾਬੂ ਕੋਲ ਕਾਲਾ ਸੰਘਿਆ ਡਰੇਨ ਤੇ ਚਿੱਟੀ ਵੇਈਂ ਨਾਲ ਲੱਗਦੇ ਦਰਜਨ ਦੇ ਕਰੀਬ ਪਿੰਡ ਦੇ ਲੋਕਾਂ ਨੇ ਆਪਣਾ ਦਰਦ ਸੁਣਾਉਂਦਿਆਂ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਉਨ੍ਹਾਂ ਨਿਗਰਾਨ ਮੈਂਬਰ ਨੂੰ ਦੱਸਿਆ ਕਿ ਕਿਵੇਂ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਪ੍ਰਦੂਸ਼ਣ ਨਾਲ ਫੈਲੀਆਂ ਬੀਮਾਰੀਆਂ ਕਾਰਨ ਉਹ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹ ਪਿੰਡ ਜਾਂ ਜ਼ਮੀਨ ਛੱਡ ਕੇ ਹੋਰ ਕਿੱਧਰੇ ਨਹੀਂ ਜਾ ਸਕਦੇ ਜਦਕਿ ਇਨ੍ਹਾਂ ਪਿੰਡਾਂ ਵਿਚ ਕੈਂਸਰ ਤੇ ਕਾਲੇ ਪੀਲੀਏ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਜਾਇਜ਼ਾ ਲੈਣ ਪੁੱਜੇ ਜੇ. ਚੰਦਰਾ ਬਾਬੂ ਦੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਜੀ.ਐੱਸ ਮਜੀਠੀਆ ਅਤੇ ਨਿਗਰਾਨ ਇੰਜਨੀਅਰ ਹਰਬੀਰ ਸਿੰਘ ਵੀ ਹਾਜ਼ਰ ਸਨ। ਪਿੰਡ ਚਮਿਆਰਾ, ਗਾਜ਼ੀ ਪੁਰ, ਅਠੌਲਾ, ਬਲੇਰਖਾਨਪੁਰ ਦੇ ਗੁਰਦੁਆਰਾ ਟਾਹਲੀ ਸਾਹਿਬ, ਫਤਹਿਪੁਰ ਅਤੇ ਨਵਾਂ ਪਿੰਡ ਖਾਲੇਵਾਲ ਵਿਚ ਇਕੱਠੇ ਹੋਏ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਹ ਦਹਾਕਿਆਂ ਤੋਂ ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਈਂ ਦੇ ਪ੍ਰਦੂਸ਼ਣ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ। ਟਰੀਟਮੈਂਟ ਪਲਾਂਟ ਮਿਲਿਆ ਬੰਦ : ਬਸਤੀ ਪੀਰਦਾਦ ਸਥਿਤ 50 ਐਮਐੱਲਡੀ ਵਾਲਾ ਟਰੀਟਮੈਂਟ ਪਲਾਂਟ ਫਿਰ ਬੰਦ ਮਿਲਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਦਿਖਾਇਆ ਕਿ ਕਿਵੇਂ ਪਲਾਂਟ ਨੂੰ ਚਲਾਉਣ ਵਾਲੇ ਇਸ ਦੀ ਸਲੱਜ ਨੂੰ ਪਾਈਪਾਂ ਰਾਹੀਂ ਡਰੇਨ ਵਿਚ ਸੁੱਟ ਰਹੇ ਹਨ। ਸਲੱਜ ਦਾ ਕੋਈ ਵੀ ਰਿਕਾਰਡ ਨਹੀਂ ਰੱਖਿਆ ਜਾਂਦਾ ਤੇ ਹਰ ਮੀਟਿੰਗ ਵਿੱਚ ਅਧਿਕਾਰੀ ਇਸ ਪਲਾਂਟ ਦੇ ਸਹੀ ਚੱਲਣ ਦਾ ਦਾਅਵੇ ਕਰਦੇ ਆ ਰਹੇ ਹਨ।

Check Also

ਮਮਤਾ ਬੈਨਰਜੀ ਦੀ ਹਾਜ਼ਰੀ ’ਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਸ਼ਾਮਲ

ਭਾਜਪਾ ਨੂੰ ਹਰਾਉਣ ਦੀਆਂ ਹੋਣ ਲੱਗੀਆਂ ਕੋਸ਼ਿਸ਼ਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ …