ਵਿਧਾਇਕ ਗਨੀਵ ਕੌਰ ਮਜੀਠੀਆ ਤੇ ਸਮਰਥਕਾਂ ਨੇ ਧਰਨਾ ਲਾਇਆ
ਮਜੀਠਾ/ਬਿਊਰੋ ਨਿਊਜ਼ : ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਮਜੀਠਾ ਸਥਿਤ ਰਿਹਾਇਸ਼ ਕਮ ਦਫਤਰ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੇ 540 ਕਰੋੜ ਰੁਪਏ ਦੇ ਕਥਿਤ ਮਾਮਲੇ ਵਿੱਚ ਜਾਂਚ ਕੀਤੀ ਜਿਥੇ ਵਿਜੀਲੈਂਸ ਵਲੋਂ ਮਜੀਠੀਆ ਨੂੰ ਵੀ ਲਿਆਂਦਾ ਗਿਆ। ਵਿਜੀਲੈਂਸ ਵਲੋਂ ਮਜੀਠੀਆ ਨੂੰ ਰਿਮਾਂਡ ‘ਤੇ ਲੈ ਕੇ ਉਨ੍ਹਾਂ ਦੀ ਜਾਇਦਾਦ ਅਤੇ ਦਸਤਾਵੇਜ਼ਾਂ ਨਾਲ ਸਬੰਧਤ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਤਹਿਤ ਹੀ ਮਜੀਠੀਆ ਨੂੰ ਮਜੀਠਾ ਸਥਿਤ ਉਨ੍ਹਾਂ ਦੀ ਰਿਹਾਇਸ਼ ਦਫਤਰ ਲਿਆਂਦਾ ਗਿਆ। ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਸਾਰੀ ਕਾਰਵਾਈ ਚੱਲੀ। ਪੁਲਿਸ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਇਸ ਸਾਰੇ ਮਾਮਲੇ ਤੋਂ ਦੂਰ ਰੱਖਿਆ, ਜਦਕਿ ਮਜੀਠੀਆ ਦੀ ਪਤਨੀ ਤੇ ਹਲਕਾ ਮਜੀਠਾ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੂੰ ਵੀ ਦਫਤਰ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਵਾਈ ਦੇ ਵਿਰੋਧ ਵਿੱਚ ਗਨੀਵ ਕੌਰ ਮਜੀਠੀਆ ਨੇ ਆਪਣੇ ਸਮਰਥਕਾਂ ਸਮੇਤ ਪੁਲਿਸ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਬੈਰੀਕੇਡ ਲਗਾ ਕੇ ਬੀਬਾ ਮਜੀਠੀਆ ਸਮੇਤ ਸਮਰਥਕਾਂ ਨੂੰ 100 ਗਜ਼ ਦੀ ਦੂਰੀ ‘ਤੇ ਰੋਕਿਆ, ਜਿਸ ਕਾਰਨ ਬੀਬਾ ਗਨੀਵ ਕੌਰ ਅਤੇ ਪੁਲਿਸ ਵਿਚਕਾਰ ਬਹਿਸਬਾਜ਼ੀ ਵੀ ਹੋਈ। ਗਨੀਵ ਕੌਰ ਨੇ ਇਸ ਜਾਂਚ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਸਰਕਾਰ ‘ਤੇ ਸੱਚ ਅਤੇ ਅਕਾਲੀ ਦਲ ਦੀ ਆਵਾਜ਼ ਨੂੰ ਦਬਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਨੂੰ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਦੱਸਿਆ।