ਰਵਨੀਤ ਬਿੱਟੂ ਦੇ ਗੱਠਜੋੜ ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ’ਚ ਟਕਰਾਅ ਦੀ ਸਥਿਤੀ September 16, 2023 ਰਵਨੀਤ ਬਿੱਟੂ ਦੇ ਗੱਠਜੋੜ ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ’ਚ ਟਕਰਾਅ ਦੀ ਸਥਿਤੀ ਪ੍ਰਤਾਪ ਬਾਜਵਾ ਬੋਲੇ : ਜਿਸ ਨੂੰ ਗੱਠਜੋੜ ਦੀ ਜ਼ਿਆਦਾ ਕਾਹਲੀ ਉਹ ਆਮ ਆਦਮੀ ਪਾਰਟੀ ਨਾਲ ਚਲੇ ਜਾਣ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ ਲੋਕ ਸਭਾ ਚੋਣਾਂ ਲੜਨ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਅੰਦਰ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਬਿਆਨ ਮਗਰੋਂ ਪਹਿਲਾਂ ਸਾਬਕਾ ਯੂਥ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਗੱਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਉਤੇ ਸਵਾਲ ਚੁੱਕੇ ਸਨ। ਉਥੇ ਹੀ ਹੁਣ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਿੱਟੂ ਨੂੰ ਗੱਠਜੋੜ ਵਾਲੇ ਬਿਆਨ ’ਤੇ ਠੋਕਵਾਂ ਜਵਾਬ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਗੱਠਜੋੜ ਸਬੰਧੀ ਕਾਂਗਰਸ ਹਾਈ ਕਮਾਂਡ ਨੇ ਸਾਡੇ ਕੋਲੋਂ ਰਿਪੋਰਟ ਲੈਣੀ ਹੈ ਕਿ ਸੂਬੇ ’ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ ਜਾਂ ਨਾ। ਬਾਜਵਾ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ‘ਆਪ’ ਨਾਲ ਗੱਠਜੋੜ ਕਰਨ ਲਈ ਸਹਿਮਤ ਨਹੀਂ ਜਦਕਿ ਚੰਦ ਕਾਂਗਰਸੀ ਆਗੂ ਗੱਠਜੋੜ ਲਈ ਕਾਹਲੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ‘ਆਪ’ ਨਾਲ ਸਮਝੌਤਾ ਹੁੰਦਾ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਪ੍ਰੰਤੂ ਜਿਹੜੇ ਚੰਦ ਕਾਂਗਰਸੀ ਆਗੂ ਗੱਠਜੋੜ ਲਈ ਜ਼ਿਆਦਾ ਕਾਹਲੇ ਉਹ ਆਮ ਆਦਮੀ ਪਾਰਟੀ ਵਾਲਿਆਂ ਕੋਲੋਂ ਜਾ ਕੇ ਟਿਕਟ ਲੈ ਲੈਣ। ਧਿਆਨ ਰਹੇ ਕਿ ਲੰਘੇ ਦਿਨੀਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੱਟੂ ਨੇ ਕਿਹਾ ਸੀ ਕਿ ਰਾਸ਼ਟਰਪਤੀ ਪੱਧਰ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗੱਠਜੋੜ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਗੱਠਜੋੜ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। 2023-09-16 Parvasi Chandigarh Share Facebook Twitter Google + Stumbleupon LinkedIn Pinterest