ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਧਰਮ ਪਰਿਵਰਤਨ ਦੇ ਨਾਂ ‘ਤੇ ਲੋਕਾਂ ਨੂੰ ਵੱਡੇ ਸਬਜ਼ਬਾਗ ਦਿਖਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਕਰਾਮਾਤਾਂ ਦੇ ਨਾਂ ‘ਤੇ ਗੁਮਰਾਹ ਕੀਤਾ ਜਾ ਰਿਹਾ ਹੈ। ਇਹ ਵਰਤਾਰਾ ਘਰਾਂ ਵਿਚ ਚਰਚ ਬਣਾ ਕੇ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਨੇੜਲੇ ਇਕ ਪਿੰਡ ਵਿਚ ਚਰਚ ‘ਚ ਧਰਮ ਪਰਿਵਰਤਨ ਸਮਾਗਮ ਵਿਚ ਵੱਡੀ ਗਿਣਤੀ ਲੋਕ ਜੁੜੇ। ਪੰਜਾਬ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਸੱਤ ਗਿਰਜਾਘਰ ਹੋਂਦ ਵਿਚ ਆਏ ਹਨ ਜਿਨ੍ਹਾਂ ਵਿੱਚੋਂ ਕੁਝ ਘਰਾਂ ਤੋਂ ਚਲਾਏ ਜਾ ਰਹੇ ਹਨ। ਧਰਮ ਪਰਿਵਰਤਨ ਸਮਾਗਮ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਕਰਾਮਾਤਾਂ ਤੇ ਚੰਗੀ ਜ਼ਿੰਦਗੀ ਜਿਊਣ ਦੇ ਨਾਮ ‘ਤੇ ਸਬਜ਼ਬਾਗ ਦਿਖਾਏ ਜਾਂਦੇ ਹਨ।
ਮਾਮਲਾ ਮੇਰੇ ਵਿਚਾਰ ਅਧੀਨ: ਡਾ. ਨਿੱਝਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ, ‘ਧੋਖੇ ਨਾਲ ਵਿਸ਼ਵਾਸ ਨੂੰ ਬਦਲਣਾ ਅਤੇ ਲੋਕਾਂ ਦਾ ਚਮਤਕਾਰਾਂ ਵਿੱਚ ਗਲਤ ਵਿਸ਼ਵਾਸ ਪੈਦਾ ਕਰਨਾ ਚਿੰਤਾ ਦਾ ਵਿਸ਼ਾ ਹੈ। ਇਸ ਮੁੱਦੇ ‘ਤੇ ਕੁਝ ਜਣਿਆਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਤੇ ਮੈਂ ਇਹ ਮਾਮਲਾ ਵਿਚਾਰ ਰਿਹਾ ਹਾਂ।’

