17 C
Toronto
Sunday, October 5, 2025
spot_img
Homeਪੰਜਾਬਭਗਵੰਤ ਮਾਨ ਵੱਲੋਂ ਸਸਤੇ ਭਾਅ ਰੇਤ ਲਈ 16 ਜਨਤਕ ਖੱਡਾਂ ਦੀ ਸ਼ੁਰੂਆਤ

ਭਗਵੰਤ ਮਾਨ ਵੱਲੋਂ ਸਸਤੇ ਭਾਅ ਰੇਤ ਲਈ 16 ਜਨਤਕ ਖੱਡਾਂ ਦੀ ਸ਼ੁਰੂਆਤ

ਸਾਢੇ ਪੰਜ ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਭਾਅ ਮਿਲੇਗੀ ਰੇਤ
ਜਗਰਾਉਂ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਗਰਾਉਂ ਦੇ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿੱਚ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸਦੇ ਨਾਲ ਹੀ ਸੂਬੇ ਅੰਦਰ 16 ਜਨਤਕ ਖੱਡਾਂ ਦੀ ਸ਼ੁਰੂਆਤ ਹੋ ਗਈ ਹੈ, ਜਿੱਥੋਂ ਲੋਕ ਟਰੈਕਟਰ-ਟਰਾਲੀ ਲਿਜਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਭਾਅ ਰੇਤ ਭਰ ਸਕਣਗੇ।
ਉਨ੍ਹਾਂ ਕਿਹਾ ਕਿ ਆਉਂਦੇ ਮਹੀਨੇ ਤੱਕ ਇਨ੍ਹਾਂ ਖੱਡਾਂ ਦੀ ਗਿਣਤੀ 50 ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ। ਲੋਕਾਂ ਨੂੰ ਟਰੈਕਟਰ-ਟਰਾਲੀ ਦੇ ਨਾਲ ਲੇਬਰ ਲਿਜਾਣੀ ਹੋਵੇਗੀ ਅਤੇ ਲੇਬਰ ਨਾ ਹੋਣ ‘ਤੇ ਖੱਡਾਂ ‘ਤੇ ਵੀ ਲੇਬਰ ਮੁਹੱਈਆ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੱਡਾਂ ‘ਚ ਟਿੱਪਰਾਂ ਅਤੇ ਜੇਸੀਬੀ ਨੂੰ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਸਰਕਾਰ ਦਾ ਕੋਈ ਮੰਤਰੀ, ਵਿਧਾਇਕ, ਨੁਮਾਇੰਦਾ ਜਾਂ ਪਾਰਟੀ ਆਗੂ ਇਸ ਕੰਮ ‘ਚ ਦਖ਼ਲ ਨਹੀਂ ਦੇਵੇਗਾ। ਇਸ ਮੌਕੇ ਹਲਕਾ ਜਗਰਾਉਂ ਤੋਂ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਮੌਜੂਦ ਸਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਅਤੇ ਥਾਂ-ਥਾਂ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ। ਰੇਤੇ ਦੀਆਂ ਸਰਕਾਰੀ ਖੱਡਾਂ ‘ਤੇ ਕੋਈ ਗੁੰਡਾ ਪਰਚੀ ਨਹੀਂ ਲੱਗੇਗੀ।
ਉਨ੍ਹਾਂ ਦੱਸਿਆ ਕਿ ਜਿਸ ਖੱਡ ਦਾ ਉਦਘਾਟਨ ਕੀਤਾ ਗਿਆ ਹੈ, ਇੱਥੇ 10 ਲੱਖ ਮੀਟਰਿਕ ਟਨ ਰੇਤਾ ਹੈ ਜਦੋਂਕਿ ਬਾਕੀ ਖੱਡਾਂ ‘ਚ 24 ਲੱਖ ਮੀਟਰਿਕ ਟਨ ਰੇਤਾ ਮੌਜੂਦ ਹੈ। ਇਨ੍ਹਾਂ ਜਨਤਕ ਖੱਡਾਂ ਦੇ ਸ਼ੁਰੂ ਹੋਣ ਨਾਲ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਕਿਉਂਕਿ ਵੱਡੀ ਗਿਣਤੀ ‘ਚ ਨੌਜਵਾਨ ਅਤੇ ਮਜ਼ਦੂਰ ਇਸ ਕੰਮ ‘ਚ ਲੱਗਣਗੇ ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੱਡਾਂ ‘ਚ ਟਿੱਪਰਾਂ ਅਤੇ ਜੇਸੀਬੀ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਸਰਕਾਰ ਦਾ ਕੋਈ ਮੰਤਰੀ, ਵਿਧਾਇਕ, ਨੁਮਾਇੰਦਾ ਜਾਂ ਪਾਰਟੀ ਆਗੂ ਵੀ ਇਸ ਕੰਮ ‘ਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇਵੇਗਾ। ਪਿਛਲੇ ਸਮੇਂ ‘ਚ ਰੇਤ ਮਾਫੀਆ ਦੀ ਲੁੱਟ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਬਾਰੇ ਪੁੱਛਣ ‘ਤੇ ਉਨ੍ਹਾਂ ਪੜਤਾਲ ਕਰਵਾਉਣ ਦੀ ਗੱਲ ਆਖੀ।
ਕੰਢੀ ਖੇਤਰ ‘ਚ ਨਾਜਾਇਜ਼ ਮਾਈਨਿੰਗ ਨੇ ਮੁੜ ਜ਼ੋਰ ਫੜਿਆ
ਤਲਵਾੜਾ : ਕੰਢੀ ਖ਼ੇਤਰ ‘ਚ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨੇ ਮੁੜ ਰਫ਼ਤਾਰ ਫੜ ਲਈ ਹੈ। ਆਲਮ ਇਹ ਹੈ ਕਿ ਰਾਤ ਦੇ ਹਨੇਰੇ ‘ਚ ਵਾਹੀਯੋਗ ਜ਼ਮੀਨਾਂ ਅਤੇ ਦਰਿਆਵਾਂ ਦੇ ਕੰਢਿਆਂ ਤੋਂ ਲੈ ਕੇ ਪਹਾੜਾਂ ਦੀ ਖੁਦਾਈ ਤੱਕ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਸਰਕਾਰੀ ਦਾਅਵਿਆਂ ਅਤੇ ਮਾਈਨਿੰਗ ਵਿਭਾਗ ਦੇ ਰਿਕਾਰਡ ‘ਚ ਖ਼ੇਤਰ ਵਿਚ ਮਾਈਨਿੰਗ ਮੁਕੰਮਲ ਬੰਦ ਹੈ ਪਰ ਕਰੱਸ਼ਰ ਮਾਲਕ ਨਾਜਾਇਜ਼ ਮਾਈਨਿੰਗ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ ਤੇ ਮਹਿੰਗੇ ਭਾਅ ਰੇਤ ਵੇਚ ਰਹੇ ਹਨ। ਤਲਵਾੜਾ, ਹਾਜੀਪੁਰ, ਦਸੂਹਾ, ਮੁਕੇਰੀਆਂ ਆਦਿ ਦੀਆਂ ਸੜਕਾਂ ‘ਤੇ ਰਾਤ ਵੇਲੇ ਮਾਈਨਿੰਗ ਸਮੱਗਰੀ ਲੈ ਕੇ ਆਉਂਦੀਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਆਮ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਹੈ।

 

RELATED ARTICLES
POPULAR POSTS