ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨਾਂ ‘ਤੇ ਗਣਤੰਤਰ ਦਿਵਸ ਪਰੇਡ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ 26 ਜਨਵਰੀ ਨੂੰ ਲੁਧਿਆਣਾ ਵਿੱਚ ਹੋਣ ਵਾਲਾ ਸਮਾਗਮ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਵੇਗਾ। ਇਹ ਹੁਕਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਰੀ ਕੀਤੇ ਹਨ। ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਮਾਗਮ ਸਿੰਥੈਟਿਕ ਵਾਲੇ ਅਥਲੈਟਿਕ ਟਰੈਕਾਂ ਨੂੰ ਛੱਡ ਕੇ ਬਾਕੀ ਖੇਡ ਮੈਦਾਨਾਂ ਜਾਂ ਸਟੇਡੀਅਮਾਂ ਵਿੱਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਸੂਬੇ ਤੇ ਦੇਸ਼ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਣ ਲਈ ਝਾਕੀਆਂ ਕੱਢਣ ਤੋਂ ਇਲਾਵਾ ਹੋਰ ਸਮਾਗਮ ਕਰਵਾਏ ਜਾਂਦੇ ਹਨ। ਸਮਾਗਮਾਂ ਦੌਰਾਨ ਪਰੇਡ ਹੋਣ ਮੌਕੇ ਵਾਹਨਾਂ ਤੇ ਹੋਰ ਮਸ਼ੀਨਰੀ ਦੀ ਆਵਾਜਾਈ ਨਾਲ ਟਰੈਕ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਕਿਸੇ ਵੀ ਤਰ੍ਹਾਂ ਨਾਲ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।