5.2 C
Toronto
Saturday, March 7, 2026
spot_img
Homeਪੰਜਾਬ'ਬੰਬਾਂ ਬਾਰੇ ਬਿਆਨ': ਪ੍ਰਤਾਪ ਸਿੰਘ ਬਾਜਵਾ ਕੋਲੋਂ ਮੁਹਾਲੀ ਥਾਣੇ ਵਿਚ ਛੇ ਘੰਟੇ...

‘ਬੰਬਾਂ ਬਾਰੇ ਬਿਆਨ’: ਪ੍ਰਤਾਪ ਸਿੰਘ ਬਾਜਵਾ ਕੋਲੋਂ ਮੁਹਾਲੀ ਥਾਣੇ ਵਿਚ ਛੇ ਘੰਟੇ ਪੁੱਛ ਪੜਤਾਲ

ਮੁਹਾਲੀ ਦੇ ਸਾਈਬਰ ਅਪਰਾਧ ਥਾਣੇ ਦੇ ਬਾਹਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੰਗਲਵਾਰ ਨੂੰ ਮੁਹਾਲੀ ਦੇ ਸਾਈਬਰ ਅਪਰਾਧ ਥਾਣਾ ਫੇਜ-7 ਵਿੱਚ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਏ। ਪੁਲਿਸ ਵੱਲੋਂ ਸੀਨੀਅਰ ਕਾਂਗਰਸੀ ਆਗੂ ਕੋਲੋਂ ‘ਬੰਬਾਂ ਬਾਰੇ ਬਿਆਨ’ ਬਾਰੇ ਛੇ ਘੰਟੇ ਪੁੱਛ ਪੜਤਾਲ ਕੀਤੀ ਗਈ।
ਬਾਜਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵੱਡੀ ਗਿਣਤੀ ਵਰਕਰਾਂ ਨਾਲ ਮੁਹਾਲੀ ਥਾਣੇ ਪਹੁੰਚੇ ਅਤੇ ਜਾਂਚ ਵਿੱਚ ਸ਼ਾਮਲ ਹੋਏ। ਮੁਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਐਤਵਾਰ ਨੂੰ ਕਾਂਗਰਸ ਆਗੂ ਬਾਜਵਾ ਨੂੰ ਸੰਮਨ ਭੇਜ ਕੇ ਸੋਮਵਾਰ ਨੂੰ ਦੁਪਹਿਰ 12 ਵਜੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਬਾਜਵਾ ਥਾਣੇ ਵਿੱਚ ਨਹੀਂ ਪਹੁੰਚੇ ਸਨ। ਸਗੋਂ ਉਨ੍ਹਾਂ ਨੇ ਆਪਣੇ ਵਕੀਲ ਪਰਦੀਪ ਸਿੰਘ ਵਿਰਕ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਇੱਕ ਅਰਜ਼ੀ ਸੌਂਪ ਕੇ ਇੱਕ ਦਿਨ (15 ਅਪਰੈਲ) ਤੱਕ ਪੇਸ਼ ਹੋਣ ਦੀ ਮੋਹਲਤ ਮੰਗੀ ਸੀ। ਇਸ ਤਰ੍ਹਾਂ ਬਾਜਵਾ ਦੂਜੇ ਦਿਨ ਬਾਅਦ ਦੁਪਹਿਰ 2:26 ਵਜੇ ਮੁਹਾਲੀ ਦੇ ਥਾਣੇ ਵਿੱਚ ਪੇਸ਼ ਹੋਏ। ਜਿਵੇਂ ਹੀ ਬਾਜਵਾ ਦਾ ਕਾਫਲਾ ਪਹੁੰਚਿਆ ਤਾਂ ਵਰਕਰਾਂ ਨੇ ਬਾਜਵਾ ਦੇ ਹੱਕ ਵਿੱਚ ‘ਬਾਜਵਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਾਏ’।
ਮੁਹਾਲੀ ਪੁਲਿਸ ਨੇ ਥਾਣੇ ਦੁਆਲੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੋਈ ਸੀ। ਬਾਜਵਾ ਤੋਂ ਬਿਨਾਂ ਕਿਸੇ ਵੀ ਕਾਂਗਰਸ ਆਗੂ ਨੂੰ ਥਾਣੇ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਰਾਜਾ ਵੜਿੰਗ ਦੀ ਪੁਲਿਸ ਨਾਲ ਬਹਿਸ ਵੀ ਹੋਈ।
ਬਾਜਵਾ ਨਾਲ ਸਿਰਫ਼ ਉਨ੍ਹਾਂ ਦੇ ਵਕੀਲਾਂ ਨੂੰ ਨਾਲ ਜਾਣ ਦਿੱਤਾ ਗਿਆ। ਬਾਜਵਾ ਦੇ ਥਾਣੇ ਅੰਦਰ ਜਾਣ ਤੋਂ ਬਾਅਦ ਸਾਰੇ ਆਗੂ ਥਾਣੇ ਦੇ ਬਾਹਰ ਸੜਕ ਕਿਨਾਰੇ ਬੈਠ ਗਏ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹੈਰੀ ਮਾਨ, ਬਾਜਵਾ ਦਾ ਪੁੱਤਰ ਬਿਕਰਮਜੀਤ ਸਿੰਘ ਬਾਜਵਾ, ਰਣਦੀਪ ਸਿੰਘ ਨਾਭਾ, ਆਰੀਅਨ ਬੋਪਾਰਾਏ ਸਮੇਤ ਸੀਨੀਅਰ ਆਗੂ, ਕਾਂਗਰਸ ਦੇ ਸਰਗਰਮ ਵਰਕਰ, ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਅਤੇ ਬਾਜਵਾ ਪਰਿਵਾਰ ਦੇ ਸਮਰਥਕ ਮੌਜੂਦ ਸਨ।
ਕਾਬਿਲੇਗੌਰ ਹੈ ਕਿ ਪ੍ਰਤਾਪ ਬਾਜਵਾ ਨੇ ਇੱਕ ਨਿੱਜੀ ਟੀਵੀ ਚੈਨਲ ‘ਤੇ ਇੰਟਰਵਿਊ ਵਿੱਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿੱਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ‘ਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਚੱਲਣੇ ਬਾਕੀ ਹਨ।
ਇਸ ਸਬੰਧੀ ਬਾਜਵਾ ਖਿਲਾਫ਼ ਇੱਕ ਮਹਿਲਾ ਸਿਪਾਹੀ ਤਰਨਪ੍ਰੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

RELATED ARTICLES
POPULAR POSTS