
ਬਿਜਲੀ ਦੇ ਉਤਪਾਦਨ ਤੋਂ ਜ਼ਿਆਦਾ ਵਧੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪੈ ਰਹੀ ਸਖਤ ਗਰਮੀ ਅਤੇ ਝੋਨੇ ਦੀ ਲੁਆਈ ਦੇ ਚੱਲ ਰਹੇ ਸੀਜ਼ਨ ਕਰਕੇ ਬਿਜਲੀ ਦੀ ਖਪਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਬਿਜਲੀ ਦੀ ਮੰਗ ਉਤਪਾਦਨ ਤੋਂ ਜ਼ਿਆਦਾ ਵਧ ਗਈ ਹੈ। ਇਸਦੇ ਚੱਲਦਿਆਂ ਸੂਬੇ ਵਿਚ ਬਿਜਲੀ ਦੀ ਮੰਗ ਦੀ ਪੂਰਤੀ ਕਰਨ ਲਈ ਪਾਵਰਕੌਮ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਦਿਨ ਵਿਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਹੋ ਗਈ ਹੈ, ਜੋ ਕਿ ਆਪਣੇ ਆਪ ਵਿਚ ਇਕ ਨਵਾਂ ਰਿਕਾਰਡ ਹੈ। ਇਸੇ ਦੌਰਾਨ ਬਿਜਲੀ ਦੇ ਲੱਗ ਰਹੇ ਕੱਟਾਂ ਕਰਕੇ ਲੋਕ ਵੀ ਪ੍ਰੇਸ਼ਾਨ ਹਨ। ਉਧਰ ਦੂਜੇ ਪਾਸੇ ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਵਿਚ ਆਈ ਖਰਾਬੀ ਨੇ ਵੀ ਬਿਜਲੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀ ਟੈਨਸ਼ਨ ਵਧਾਈ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਪੰਜਾਬ ਸਰਕਾਰ ਸੂਬੇ ਵਿਚ ਹਰ ਘਰ ਨੂੰ ਇਕ ਮਹੀਨੇ ਵਿਚ 300 ਯੂਨਿਟ ਬਿਜਲੀ ਮੁਫਤ ਦੇ ਰਹੀ ਹੈ ਅਤੇ ਲੋਕ ਇਸ ਕਰਕੇ ਬਿਜਲੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ। ਇਸਦੇ ਚੱਲਦਿਆਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿਚ ਬਿਜਲੀ ਦਾ ਸੰਕਟ ਹੋਰ ਵਧ ਸਕਦਾ ਹੈ।