ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ। ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਸਿਆਣਪ ਭਰਪੂਰ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। 1947 ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੀ ਵੰਡੀਆਂ ਪੈ ਗਈਆਂ। ਬਟਵਾਰੇ ਨੇ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਤੇ ਦੋਵੇਂ ਪਾਸੇ ਅਣਗਿਣਤ ਮਨੁੱਖੀ ਜਾਨਾਂ ਅਜਾਈਂ ਚਲੀਆਂ ਗਈਆਂ। ਸੰਤ ਨਿਰੰਜਨ ਸਿੰਘ ਮੋਹੀ ਵਾਲੇ ਉਸ ਸਮੇ ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਵਿਚ ਅਜੀਤ ਸਰ ਖਾਲਸਾ ਸਕੂਲ ਚਲਾ ਰਹੇ ਸਨ। ਉਹਨਾਂ ਨੂੰ ਵੀ ਸਾਰਾ ਕੁਝ ਪਿਛੇ ਛੱਡ ਕੇ ਪੰਜਾਬ ਆਉਣਾ ਪਿਆ। ਉਹਨਾਂ ਅਗਵਾਈ ਕਰਦਿਆਂ, ਹਜਾਰਾਂ ਦੀ ਗਿਣਤੀ ਵਿੱਚ ਰਿਫੂਜੀਆਂ ਨੂੰ ਬਾਰਡਰ ਪਾਰ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ, ਤੇ ਉਹ ਆਪ ਆਪਣੀ ਜਨਮ ਭੂਮੀ ਮੋਹੀ ਪਿੰਡ ਵਿੱਚ ਪਹੁੰਚ ਗਏ। ‘ਫੈਲੇ ਵਿਦਿਆ ਚਾਨਣ ਹੋਏ’, ਦੇ ਸਿਧਾਂਤ ਉਤੇ ਅਮਲ ਕਰਦਿਆਂ ਤੇ ਬਿਨਾਂ ਕੋਈ ਸਮਾਂ ਗੁਆਇਆਂ ਉਹਨਾਂ ਨੇ 1948 ਵਿੱਚ ਮੋਹੀ ਪਿੰਡ ਵਿੱਚ ਦਸਵੀਂ ਜਮਾਤ ਤੱਕ ਲੜਕੇ ਲੜਕੀਆਂ ਦਾ ਸਕੂਲ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲਾਂ ਮੋਹੀ ਪਿੰਡ ਦੇ ਲੜਕੇ 6 ਕਿਲੋਮੀਟਰ ਦੂਰ ਸੁਧਾਰ ਸਕੂਲ ਵਿੱਚ ਪੜ੍ਹਦੇ ਸਨ ਤੇ ਪਿੰਡ ਦੀਆਂ ਲੜਕੀਆਂ ਅਨਪੜ੍ਹ ਰਹਿ ਜਾਂਦੀਆਂ ਸਨ । ਇਸ ਤੋਂ ਥੋੜ੍ਹੇਂ ਸਮੇ ਪਿਛੋਂ ਹੀ ਉਹਨਾਂ ਨੇ ਲੋਕਾਂ ਤੇ ਦਾਨੀ ਸੱਜਣਾਂ ਨੂੰ ਪ੍ਰੇਰ ਕੇ ਪਿੰਡ ਜਾਗਪੁਰ, ਮੁੱਲਾਂਪੁਰ ਤੇ ਰਾਏਕੋਟ ਤੇ ਫਿਰ ਮਸਤੂਆਣਾ ਸਾਹਿਬ (ਜੋ ਪਿਛੋਂ ਜਾ ਕੇ ਕਾਲਜ ਤਕ ਅਪਗ੍ਰੇਡ ਹੋ ਗਿਆ) ਵਿਖੇ ਵੀ ਖਾਲਸਾ ਹਾਈ ਸਕੂਲ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਸੰਤ ਬਾਬਾ ਨਿਰੰਜਨ ਸਿੰਘ ਦੇ ਯਤਨਾਂ ਸਦਕਾ ਇਸ ਪਛੜੇ ਹੋਏ ਪੇਂਡੂ ਖੇਤਰ ਵਿੱਚ ਇਕ ਤਰ੍ਹਾਂ ਨਾਲ ਵਿਦਿਅਕ ਇਨਕਲਾਬ ਆ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਸਮਿਆਂ ਵਿੱਚ ਇਨ੍ਹਾਂ ਸਕੂਲਾਂ ਤੋਂ ਵਿਦਿਆ ਪ੍ਰਾਪਤ ਕਰਕੇ ਤੇ ਫਿਰ ਨਾਲ ਲੱਗਦੇ ਸੁਧਾਰ ਕਾਲਜ ਤੋਂ ਉਚੇਰੀ ਸਿੱਖਿਆ ਨਾਲ ਲੈਸ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਉਚ ਕੋਟੀ ਦੀਆ ਪਦਵੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ।
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲੇ ਇਕ ਦੂਰਦਰਸ਼ੀ ਸਖਸ਼ੀਅਤ ਸਨ ਤੇ ਅੱਜ ਦੇ ਸਮੇਂ ਦੇ ਬਹੁਤੇ ਸੰਤਾਂ ਤੋਂ ਵੱਖਰੇ ਸਨ। ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ। ਲੋਕ ਭਲਾਈ ਤੇ ਪੇਂਡੂ ਇਲਾਕਿਆਂ ਵਿੱਚ ਵਿੱਦਿਆ ਦਾ ਪਸਾਰ ਕਰਨਾ ਉਹਨਾਂ ਦਾ ਵਿਜਨ ਸੀ। 10 ਜੁਲਾਈ 1965 ਨੂੰ ਮੋਹੀ ਪਿੰਡ ਵਿੱਚ ਉਹਨਾਂ ਨੇ ਸੁਆਸ ਤਿਆਗ ਦਿਤੇ। ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਕਿ ਕਿਵੇਂ ਅਸੀ ਨਿੱਜ ਤੋਂ ਉੱਪਰ ਉੱਠ ਕੇ, ਸਾਰਿਆਂ ਦੇ ਸਹਿਯੋਗ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ, ਮਨੁੱਖ ਮਨਾਂ ਦੇ ਹਨੇਰੇ ਨੂੰ ਸਿਖਿਆ ਨਾਲ ਰੁਸ਼ਨਾ ਸਕਦੇ ਹਾਂ। ਉਹਨਾਂ ਦੀ ਵਿਦਿਅਕ ਖੇਤਰ ਵਿੱਚ ਪਿੰਡ ਮੋਹੀ ਅਤੇ ਹੋਰ ਪਛੜੇ ਹੋਏ ਪੇਂਡੂ ਇਲਾਕੇ ਵਿੱਚ ਪਾਏ ਯੋਗਦਾਨ ਤੋਂ ਸੇਧ ਲੈਂਦੇ ਹੋਏ, ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ (ਕਰੋਨਾ ਕਾਰਨ ਦੋ ਸਾਲ ਦੇ ਵਕਫ਼ੇ ਤੋਂ ਬਾਅਦ) ਇਸ ਵਾਰ 8 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ਸਿੱਖ ਸੰਗਤ, ਰੀਗਨ ਰੋਡ ਬਰੈਂਪਟਨ ਵਿਖੇ, ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। 10 ਜੁਲਾਈ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਤੇ ਸਾਰੀ ਸਮਾਪਤੀ 12 ਵਜੇ ਹੋਵੇਗੀ। ਬਰੈਂਪਟਨ ‘ਚ ਰਹਿ ਰਹੇ ਸਾਰੇ ਪਿੰਡ ਵਾਸੀਆਂ, ਸਕੂਲਾਂ ਵਿੱਚ ਪੜ੍ਹੇ ਪੁਰਾਣੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਸੰਤ ਨਰੰਜਣ ਸਿੰਘ ਮੋਹੀ ਵਾਲਿਆਂ ਦੀ ਬਰਸੀ ‘ਤੇ ਹਾਜ਼ਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਰਣਜੀਤ ਸਿੰਘ ਕਾਕਾ ਮੋਹੀ ਨੂੰ 647 330 9800 ਤੇ ਜਾਂ ਜਸਪ੍ਰੀਤ ਸਿੰਘ ਜਸੀ ਮੋਹੀ ਨੂੰ 647 281 0859 ‘ਤੇ ਫੋਨ ਕੀਤਾ ਜਾ ਸਕਦਾ ਹੈ।
ਵਲੋਂ:ਮਹਿੰਦਰ ਸਿੰਘ ਬਿੰਦਰ ਮੋਹੀ 416 659 1232
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …