ਅੱਜ ਤੋਂ ਤਿੰਨ ਸਾਲ ਪਹਿਲਾਂ ਏਕ ਨੂਰ ਸੇਵਾ ਕੇਂਦਰ (ਲੁਧਿਆਣਾ) ਦਾ ਸੇਵਾਦਾਰ ਗੁਰਪ੍ਰੀਤ ਸਿੰਘ 11 ਮਈ 2019 ਨੂੰ ਇੱਕ ਲਾਵਾਰਸ-ਬੇਘਰ ਬੱਚੇ ਨੂੰ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ‘ਚ ਦਾਖਲ ਕਰਵਾ ਗਿਆ ਸੀ। ਉਸ ਸਮੇਂ ਇਸ ਬੱਚੇ ਦੀ ਹਾਲਤ ਇੰਨੀ ਕੁ ਮਾੜੀ ਸੀ ਜਿਸ ਨੂੰ ਬਿਆਨ ਕਰਦਿਆਂ ਵੀ ਆਤਮਾ ਝੰਜੋੜੀ ਜਾਂਦੀ ਹੈ। ਦਿਮਾਗੀ ਸੰਤੁਲਨ ਗੁਆ ਚੁੱਕਾ ਤੇ ਬੋਲਣ ਤੋਂ ਅਸਮਰੱਥ ਇਹ ਅਪਾਹਜ ਬੱਚਾ ਇੱਕੋ ਹੀ ਜਗ੍ਹਾ ਪਿਆ ਰਹਿੰਦਾ ਸੀ। ਇਸ ਤੋਂ ਕਿਸੇ ਹੋਰ ਪਾਸੇ ਹਿੱਲਿਆ ਨਹੀਂ ਸੀ ਜਾਂਦਾ। ਇਸਦੇ ਕੰਨਾਂ ਵਿੱਚੋਂ ਖੂਨ ਵਗਦਾ ਰਹਿੰਦਾ ਸੀ। ਮੂੰਹ ‘ਚੋਂ ਗਿਰਦੀਆਂ ਸੀ ਲੰਮੀਆਂ-ਲੰਮੀਆਂ ਲਾਲ਼ਾਂ। ਮਲ-ਮੂਤਰ ਨਾਲ ਗਿੱਲੇ ਹੋਏ ਇਸ ਦੇ ਕੱਪੜਿਆਂ ਅਤੇ ਸਰੀਰ ‘ਚੋਂ ਬਹੁਤ ਜ਼ਿਆਦਾ ਬੋ ਆਉਂਦੀ ਸੀ। ਇਉਂ ਪ੍ਰਤੀਤ ਹੁੰਦਾ ਸੀ ਕਿ ਇਸ ਬੱਚੇ ਦੀ ਜ਼ਿੰਦਗੀ ਕੁੱਝ ਕੁ ਹਫ਼ਤਿਆਂ ਦੀ ਹੀ ਹੈ।
ਆਸ਼ਰਮ ਵਿੱਚ ਇਸਨੂੰ ਤਿੰਨ ਸਾਲ ਤੋਂ ਲਗਾਤਾਰ ਮੈਡੀਕਲ ਸਹਾਇਤਾ ਮਿਲਣ ਕਾਰਨ ਅਤੇ ਚੰਗੀ ਸੇਵਾ-ਸੰਭਾਲ ਹੋਣ ਕਾਰਨ ਹੌਲੀ-ਹੌਲੀ ਇਸਦੀ ਹਾਲਤ ਸੁਧਰ ਰਹੀ ਹੈ। ਹੁਣ ਇਹ ਬੱਚਾ ਥੋੜ੍ਹਾ-ਬਹੁਤਾ ਆਪਣੇ ਪੈਰਾਂ ‘ਤੇ ਆਪ ਚੱਲਣ ਲੱਗ ਗਿਆ ਹੈ ਅਤੇ ਨਹਾਉਣ ਸਮੇਂ ਆਪਣੇ ਕੱਪੜੇ ਵੀ ਆਪ ਖੋਲ੍ਹਣ-ਪਾਉਣ ਲੱਗ ਗਿਆ ਹੈ। ਆਸ਼ਰਮ ਵਿੱਚ ਇਸ ਨੂੰ ਰੱਬ ਦੀ ਦਿੱਤੀ ਦਾਤ ਸਮਝ ਕੇ ਇਸ ਬੇਨਾਮ ਬੱਚੇ ਦਾ ਨਾਉਂ ”ਰੱਬ ਜੀ” ਹੀ ਪੈ ਗਿਆ। ਇਸ ਰੱਬ ਜੀ ਨਾਮਕ ਬੱਚੇ ਨਾਲ ਇਸ ਆਸ਼ਰਮ ਦੇ ਹਰ ਜੀਅ ਦਾ ਖਾਸ ਕਰਕੇ ਸਾਂਭ-ਸੰਭਾਲ ਕਰਨ ਵਾਲੇ ਸੇਵਾਦਾਰਾਂ ਦਾ ਦਿਲੀ ਮੋਹ ਹੈ। ਆਸ਼ਰਮ ਦਾ ਹਰ ਸੇਵਾਦਾਰ ਇਸ ਨੂੰ ਆਪਣੇ ਵਾਰਡ ਵਿੱਚ ਹੀ ਰੱਖਣਾ ਚਾਹੁੰਦਾ ਹੈ। ਰੱਬ ਜੀ ਹੁਣ ਕੁੱਝ-ਕੁੱਝ ਸਮਝ ਲੈਂਦਾ ਹੈ ਪਰ ਬੋਲ ਕੇ ਦੱਸ ਨਹੀਂ ਸਕਦਾ। ਇਸ ਅਭਾਗੇ ਬੱਚੇ ਦਾ ਅੱਜ ਤੋਂ 3 ਸਾਲ ਪਹਿਲਾਂ ਇਹ ਆਸ਼ਰਮ ਮਾਂ-ਬਾਪ ਅਤੇ ਪਰਿਵਾਰ ਬਣ ਕੇ ਇਸਨੂੰ ਲਾਡ-ਪਿਆਰ ਨਾਲ ਪਾਲ-ਪਲੋਸ਼ ਰਿਹਾ ਹੈ।ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ 200 ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ। ਜਿਹਨਾਂ ਵਿੱਚ ਰੱਬ ਜੀ ਵਰਗੇ ਹੋਰ ਵੀ ਕਿੰਨੇ ਹੀ ਮਰੀਜ਼ ਹਨ ਜਿਹੜੇ ਪੂਰੀ ਸੁੱਧ-ਬੁੱਧ ਨਾ ਹੋਣ ਕਾਰਨ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਕਈ ਵਿਅਕਤੀ ਅਜਿਹੇ ਮਰੀਜ਼ਾਂ ਦੀ ਹਾਲਤ ਵੇਖ ਕੇ ਭਾਵੁਕ ਹੋ ਜਾਂਦੇ ਹਨ ਅਤੇ ਉਹਨਾਂ ਦੀਆਂ ਅੱਖਾਂ ‘ਚੋਂ ਆਪ ਮੁਹਾਰੇ ਅੱਥਰੂ ਆ ਜਾਂਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ: 95018-42505; ਡਾ. ਨੌਰੰਗ ਸਿੰਘ ਮਾਂਗਟ: 95018-42506; ਕੈਨੇਡਾ: 403-401-8787
Check Also
ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …