ਜਰਨੈਲ ਸਿੰਘ
(ਕਿਸ਼ਤ 29ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਲੇਠਾ ਕਹਾਣੀ ਸੰਗ੍ਰਹਿ ‘ਮੈਨੂੰ ਕੀ’
1981 ਵਿਚ ਛਪੇ ਇਸ ਸੰਗ੍ਰਹਿ ਵਿਚ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸੰਬੰਧਿਤ 15 ਕਹਾਣੀਆਂ ਦਰਜ ਹਨ। ਨਿੱਕੀ ਹੁਨਰੀ ਕਹਾਣੀ ਦੀ ਤਰਜ਼ ਦੀਆਂ ਇਨ੍ਹਾਂ ਕਹਾਣੀਆਂ ਦੀ ਲੰਬਾਈ 4 ਤੋਂ 6 ਸਫੇ ਦੀ ਹੈ। ਸੰਖੇਪ ਭੂਮਿਕਾ ਵਜੋਂ ਪ੍ਰਿੰਸੀਪਲ ਸੁਜਾਨ ਸਿੰਘ ਨੇ ਥਾਪੜਾ ਦੇਂਦਿਆਂ ਮੈਨੂੰ ਭਵਿੱਖ ਦਾ ਹੋਣਹਾਰ ਕਹਾਣੀਕਾਰ ਆਖਿਆ। ਪ੍ਰੇਮ ਗੋਰਖੀ ਨੇ ਉਤਸ਼ਾਹੀ ਸ਼ਬਦਾਂ ਵਿਚ ‘ਖੁਸ਼ ਆਮਦੀਦ’ ਕਿਹਾ।
ਡਾ.ਧਰਮਪਾਲ ਸਿੰਗਲ ਨੇ ‘ਜੱਗ ਬਾਣੀ’ ਅਖਬਾਰ (13 ਦਸੰਬਰ, 1981) ਅਤੇ ਪ੍ਰੋ.ਪਿਆਰਾ ਸਿੰਘ ਭੋਗਲ ਨੇ ‘ਅਜੀਤ’ ਅਖਬਾਰ (4 ਅਕਤੂਬਰ, 1981) ਵਿਚ ਇਸ ਕਿਤਾਬ ਦੇ ਰਿਵਿਊ ਕੀਤੇ। ਦੋਨਾਂ ਵਿਦਵਾਨਾਂ ਦੇ ਵਿਚਾਰ ਹੌਸਲਾ-ਅਫ਼ਜ਼ਾਈ ਵਾਲ਼ੇ ਸਨ।
ਡਾ.ਕਰਮਜੀਤ ਸਿੰਘ ਨਾਲ਼ ਮੇਰੀ ਜਾਣ-ਪਛਾਣ ਕਿਸੇ ਸਾਹਿਤ ਸਭਾ ਦੇ ਪ੍ਰੋਗਰਾਮ ਵਿਚ ਹੋਈ ਸੀ। ਮੈਂ ਉਸਨੂੰ ਕਥਾ ਸੰਗ੍ਰਹਿ ‘ਮੈਨੂੰ ਕੀ’ ਭੇਟ ਕੀਤਾ। ਇਸ ਕਿਤਾਬ ‘ਤੇ ਹੋਈ ਗੋਸ਼ਟੀ ਵਿਚ ਉਸਨੇ ਪਰਚਾ ਪੜ੍ਹਿਆ। ਕਹਾਣੀਆਂ ਦੇ ਗੁਣਾਂ ਦੇ ਨਾਲ਼-ਨਾਲ ੳਸਨੇ ਖਾਮੀਆਂ ‘ਤੇ ਵੀ ਝਾਤ ਪੁਆਈ। ਉਸਦੀ ਆਲੋਚਨਾ ਵਿਚਲੇ ਉਤਸ਼ਾਹ ਤੇ ਅਪਣੱਤ ਸਦਕਾ ਮੈਂ ਛੇਤੀ ਹੀ ਉਸਦੇ ਨੇੜੇ ਹੋ ਗਿਆ। ਤੇ ਜਾਣ-ਪਛਾਣ ਗੂੜ੍ਹੀ ਦੋਸਤੀ ਦਾ ਰੂਪ ਧਾਰ ਗਈ। ਦੋਸਤੀ ਪੈਣ ਤੋਂ ਬਾਅਦ ਪਤਾ ਲੱਗਾ ਕਿ ਉਸਦੀ ਪਤਨੀ ਗੁਰਬਚਨ ਕੌਰ ਦੇ ਨਾਨਕੇ ਸਾਡੇ ਪਿੰਡ ਸਨ। ਉਹ ਹੁਸ਼ਿਆਰਪੁਰ ਦੇ ਇਕ ਹਾਈ ਸਕੂਲ ‘ਚ ਟੀਚਰ ਸੀ। ਉਨ੍ਹਾਂ ਦੀ ਰਿਹਾਇਸ਼ ਹੁਸ਼ਿਆਰਪੁਰ ਸੀ। ਕਰਮਜੀਤ ਸਿੰਘ ਦੀ ਨੌਕਰੀ ਕੁਰੂਕਸ਼ੇਤਰ ਯੂਨੀਵਰਸਿਟੀ ‘ਚ ਸੀ। ਉਹ ਜਦੋਂ ਵੀ ਹੁਸ਼ਿਆਰਪੁਰ ਆਉਂਦਾ ਉਸ ਨਾਲ਼ ਮੁਲਾਕਾਤ ਹੋ ਜਾਂਦੀ। ਜੇ ਮੈਂ ਕੋਈ ਨਵੀਂ ਕਹਾਣੀ ਲਿਖੀ ਹੁੰਦੀ ਉਸਨੂੰ ਪੜ੍ਹਨ ਲਈ ਦੇ ਦੇਂਦਾ। ਉਸ ਨਾਲ਼ ਹੁੰਦਾ ਵਿਚਾਰ-ਵਟਾਂਦਰਾ ਲਾਹੇਵੰਦ ਸੀ।
ਉਨ੍ਹੀਂ ਦਿਨੀਂ ਪ੍ਰੋ. ਜਸਵੰਤ ਸਿੰਘ ਵਿਰਦੀ, ਡਾ.ਰਣਧੀਰ ਸਿੰਘ ਚੰਦ, ਪ੍ਰੋ.ਪਰਬਿੰਦਰ ਸਿੰਘ, ਡਾ. ਪ੍ਰਿਤਪਾਲ ਸਿੰਘ ਮਹਿਰੋਕ ਵਰਗੇ ਨਾਮਵਰ ਵਿਦਵਾਨ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਸ਼ਾਨ ਵਧਾ ਰਹੇ ਸਨ। ਉਨ੍ਹਾਂ ਸਾਰੇ ਸੱਜਣਾਂ ਨਾਲ਼ ਮੇਲ-ਮਿਲਾਪ ਹੁੰਦਾ ਰਹਿੰਦਾ। ਵੱਡਾ ਸ਼ਾਇਰ ਡਾ.ਜਗਤਾਰ ਵੀ ਇਸੇ ਕਾਲਜ ਵਿਚ ਸੀ। ਉਸ ਨਾਲ਼ ‘ਹੈਲੋ-ਹੈਲੋ’ ਹੀ ਹੁੰਦੀ ਸੀ।
ਸਾਹਿਤ ਸਭਾ ਸ਼ਾਮਚੁਰਾਸੀ ਦਾ ਪ੍ਰਧਾਨ ਸਭਾ ਨੂੰ ਆਪਣੀ ਮਲਕੀਅਤ ਸਮਝਦਾ ਸੀ। ਮੈਂ, ਗੁਰਮੀਤ ਹੇਅਰ ਤੇ ਹਰੀ ਸਿੰਘ ਢਿੱਲੋਂ ਨੇ ਆਸ-ਪਾਸ ਦੇ ਲੇਖਕਾਂ-ਪਾਠਕਾਂ ਦੀ ਸਲਾਹ ਨਾਲ਼ ਆਦਮਪੁਰ ‘ਚ ‘ਦੁਆਬਾ ਸਾਹਿਤ ਮੰਚ’ ਸਥਾਪਤ ਕਰ ਲਿਆ। ਢਿੱਲੋਂ ਵੀ ਮੇਰੇ ਵਾਂਗ ਸਾਬਕਾ ਹਵਾਈ ਸੈਨਿਕ ਸੀ। ਉਹ ਤੇ ਹੇਅਰ ਦੋਨੋਂ ਕਹਾਣੀਆਂ ਲਿਖਦੇ ਸਨ। ਪ੍ਰੋਫੈਸਰ ਪ੍ਰਿਤਪਾਲ ਮਹਿਰੋਕ, ਜੋ ਉਦੋਂ ਡਰੋਲੀ ਪਿੰਡ ਦੇ ਕਾਲਜ ‘ਚ ਪੜ੍ਹਾਉਂਦਾ ਸੀ, ਗਜ਼ਲਗੋ ਹਰਭਜਨ ਸਿੰਘ ਬੈਂਸ, ਗਜ਼ਲਗੋ ਸੁਖਵੰਤ ਪੱਟੀ, ਦਾਗ਼ੀ ਅਲਾਵਲਪੁਰੀ, ਨਿਰਮਲ ਸਿੰਘ ਪਟਵਾਰੀ ਸਮੇਤ ਸਭਾ ਦੇ 16 ਕੁ ਮੈਂਬਰ ਸਨ।
ਢਿੱਲੋਂ ਨੂੰ ਪ੍ਰਧਾਨ ਤੇ ਮੈਨੂੰ ਜਨਰਲ ਸਕੱਤਰ ਬਣਾਇਆ ਗਿਆ। ਹਰ ਮਹੀਨੇ ਸਭਾ ਦੀ ਮੀਟਿੰਗ ਹੁੰਦੀ ਸੀ। ਮੰਚ ਨੂੰ ਕੇਂਦਰੀ ਲੇਖਕ ਸਭਾ ਨਾਲ਼ ਸੰਬੰਧਿਤ ਕਰਵਾ ਕੇ ਅਸੀਂ ਇਸਨੂੰ ਰਜਿਸਟਰਡ ਵੀ ਕਰਵਾ ਲਿਆ।
ਕੋਆਪ੍ਰੇਟਿਵ ਬੈਂਕਾਂ ਵਿਚ ਲੰਮੀ ਹੜਤਾਲ
ਪੰਜਾਬ ਦੀਆਂ ਸਾਰੀਆਂ ਕੇਂਦਰੀ ਸਹਿਕਾਰੀ ਬੈਂਕਾਂ ਤੇ ਏਪੈੱਕਸ ਬੈਂਕ ਵਿਚ ਯੁਨੀਅਨ ਬਣੀਆਂ ਹੋਈਆਂ ਸਨ। ਅਗਾਂਹ ਇਨ੍ਹਾਂ ਯੂਨੀਅਨਾਂ ਦੇ ਪ੍ਰਤਿਨਿਧਾਂ ਦੀ ਪੰਜਾਬ ਲੈਵਲ ‘ਤੇ ‘ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਐਂਪਲਾਈਜ਼ ਫੈਡਰਸ਼ਨ’ ਬਣੀ ਹੋਈ ਸੀ। ਫੈਡਰੇਸ਼ਨ ਵਾਸਤੇ ਮੁੱਖ ਮਸਲਾ ਕਰਮਚਾਰੀਆਂ ਦੇ ਤਨਖਾਹ-ਗਰੇਡ ਰਿਵਾਈਜ਼ ਕਰਵਾਉਣ ਦਾ ਸੀ। ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਤੇ ਸਹਿਕਾਰਤਾ ਮੰਤਰੀ ਨੇ ਟਾਲ਼-ਮਟੋਲ ਦੀ ਨੀਤੀ ਅਪਣਾਈ ਹੋਈ ਸੀ। ਅੱਕੀ ਹੋਈ ਫੈਡਰਸ਼ਨ ਨੇ ਹੜਤਾਲ ਦਾ ਨੋਟਿਸ ਦੇ ਦਿੱਤਾ। ਸਰਕਾਰ ਦੇ ਕੰਨ ‘ਤੇ ਜੂੰ ਨਾ ਸਰਕੀ। ਮਈ 1981 ‘ਚ ਮਿੱਥੀ ਹੋਈ ਤਾਰੀਖ਼ ‘ਤੇ ਹੜਤਾਲ ਸ਼ੁਰੂ ਹੋ ਗਈ। ਪੰਜਾਬ ਅਤੇ ਚੰਡੀਗੜ੍ਹ ‘ਚ ਕੋਆਪ੍ਰੇਟਿਵ ਬੈਂਕਾਂ ਦਾ ਕੰਮ-ਕਾਜ ਪੂਰਨ ਤੌਰ ‘ਤੇ ਠੱਪ ਹੋ ਗਿਆ। ਫੈਡਰਸ਼ਨ ਦੀ ਰਜਿਸਟਰਾਰ ਨਾਲ਼ ਤਿੰਨ ਕੁ ਵਾਰ ਗੱਲਬਾਤ ਹੋਈ। ਰਜਿਸਟਰਾਰ ਵੱਲੋਂ ਤਨਖਾਹ ਦੇ ਵਾਧੇ ਦੀ ਪੇਸ਼ਕਸ਼ ਬਹੁਤ ਥੋੜ੍ਹੀ ਸੀ।
ਹੜਤਾਲ ਲੰਮੀ ਪੈ ਗਈ। ਮੁੱਖ ਮੰਤਰੀ ਦਰਬਾਰਾ ਸਿੰਘ ਹੜਤਾਲ ਨੂੰ ਫੇਲ੍ਹ ਕਰਨਾ ਚਾਹੁੰਦਾ ਸੀ। ਸਹਿਕਾਰਤਾ ਮੰਤਰੀ ਵੱਲੋਂ ਸਖਤੀ ਕਰਨ ਦੇ ਆਰਡਰ ਆ ਗਏ। ਏਪੈੱਕਸ ਬੈਂਕ ਤੇ ਕੇਂਦਰੀ ਬੈਂਕਾਂ ਦੇ ਬੋਰਡਾਂ ਨੇ ਹੜਤਾਲ ਦੇ ਮੋਹਰੀ ਕਰਮਚਾਰੀ ਮੁਅੱਤਲ ਕਰ ਦਿੱਤੇ।
ਸਾਡੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਵਿਚ ਚੌਧਰ ਅਕਾਲੀਆਂ ਦੀ ਸੀ। ਸ. ਕਰਤਾਰ ਸਿੰਘ ਵੈਦ (ਐਮ.ਐਲ.ਏ) ਚੇਅਰਮੈਨ ਤੇ ਸ.ਕਾਬਲ ਸਿੰਘ (ਸ਼ੋਮਣੀ ਕਮੇਟੀ ਦਾ ਮੀਤ ਪ੍ਰਧਾਨ) ਮੈਨੇਜਿੰਗ ਡਾਇਰੈਕਟਰ ਸੀ। ਵੈਦ ਗੁੱਸੇਖੋਰ ਤਾਂ ਸੀ ਪਰ ਗਲਤ ਬੰਦਿਆਂ ਲਈ ਹੀ। ਆਮ ਕਰਮਚਾਰੀਆਂ ਲਈ ਉਸਦਾ ਵਿਹਾਰ ਠੀਕ ਸੀ। ਕਾਬਲ ਸਿੰਘ ਹੰਕਾਰੀ ਤੇ ਓਵਰਸਮਾਰਟ ਸੀ। ਅੰਗ੍ਰੇਜ਼ੀ ਦੇ ਚਾਰ ਕੁ ਅੱਖਰ ਉਹ ਜਾਣਦਾ ਸੀ। ‘ਮਾਈ ਬੈਂਕ’ ਦੇ ਸ਼ਬਦ ਉਹ ਏਨੇ ਗਰੂਰ ਨਾਲ਼ ਬੋਲਦਾ ਜਿਵੇਂ ਐਮ.ਡੀ ਦਾ ਅਹੁਦਾ ਉਸਨੇ ਪੱਕੇ ਤੌਰ ‘ਤੇ ਹਾਸਲ ਕਰ ਲਿਆ ਹੋਵੇ ਜਦੋਂ ਕਿ ਬੋਰਡ ਦੀ ਮਿਆਦ ਤਾਂ ਚਾਰ ਜਾਂ ਸ਼ਾਇਦ ਪੰਜ ਸਾਲ ਹੀ ਹੁੰਦੀ ਸੀ। ਉੱਪਰੋਂ ਆਏ ਸਖਤੀ ਦੇ ਆਦੇਸ਼ਾਂ ਦੀ ਕਾਰਵਾਈ ਪਾਉਣ ਲਈ ਸਾਡਾ ਜਨਰਲ ਮੈਨੇਜਰ ਚਾਰ ਕੁ ਕਰਮਚਾਰੀ ਹੀ ਮੁਅੱਤਲ ਕਰਨੇ ਚਾਹੁੰਦਾ ਸੀ। ਪਰ ਐਮ.ਡੀ ਨੇ ਚੌਧਰ ਦੇ ਗਰੂਰ ਵਿਚ ਦਰਜਨ ਤੋਂ ਵੱਧ, ਜਿਨ੍ਹਾਂ ਵਿਚ ਮੈਂ ਵੀ ਸਾਂ, ਮੁਅਤਲ ਕਰਵਾ ਦਿੱਤੇ।
ਮੇਰੀ ਮੁਅੱਤਲੀ ਇਸ ਕਰਕੇ ਹੋਈ ਕਿ ਮੈਂ ਕਰਮਚਾਰੀਆਂ ਦੀਆਂ ਵਾਜਬ ਮੰਗਾਂ ਬਾਬਤ ਵਿਸਤ੍ਰਿਤ ਰਿਪੋਰਟਾਂ ਅਖਬਾਰਾਂ ਨੂੰ ਭੇਜਦਾ ਸਾਂ।
ਹੜਤਾਲ ਮਹੀਨਾ ਟੱਪ ਗਈ। ਲੰਮੀ ਹੜਤਾਲ ‘ਚ ਕਰਮਚਾਰੀਆਂ ਦੇ ਡੋਲਣ ਦਾ ਖ਼ਤਰਾ ਹੁੰਦਾ ਹੈ। ਪਰ ਸਾਰੀਆਂ ਕੇਂਦਰੀ ਬੈਕਾਂ ਤੇ ਏਪੈੱਕਸ ਬੈਂਕ ਦੇ ਕਰਮਚਾਰੀ ਪੂਰੀ ਤਰ੍ਹਾਂ ਡਟੇ ਹੋਏ ਸਨ। ਸਾਡੀ ਬੈਂਕ ਦੀ ਯੂਨੀਅਨ ਦਾ ਪ੍ਰਧਾਨ ਫਕੀਰ ਸਿੰਘ ਸਹੋਤਾ ਸੁਲਝਿਆ ਕਾਮਰੇਡ ਸੀ। ਜਨਰਲ ਸਕੱਤਰ ਮਹਿੰਦਰ ਸਿੰਘ ਬੈਂਸ ਦਾ ਨਾਅਰੇ ਲਾਉਣ ਦਾ ਅੰਦਾਜ਼ ਵਧੀਆ ਸੀ। ਸਹੋਤੇ ਦੇ ਭਾਸ਼ਣ ਤੇ ਬੈਂਸ ਦੇ ਨਾਅਰੇ ਕਰਮਚਾਰੀਆਂ ਦਾ ਹੌਸਲਾ ਵਧਾਈ ਰੱਖਦੇ। ਅਗਲੇ ਸਾਲਾਂ ਵਿਚ ਫਕੀਰ ਸਿੰਘ ਸਹੋਤਾ, ਲੀਡਰਸ਼ਿਪ ਦੇ ਗੁਣਾਂ ਸਦਕਾ, ਸਾਡੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆਂ ਗਿਆ। ਇਹ ਮਹੱਤਵਪੂਰਨ ਜ਼ਿੰਮੇਵਾਰੀ ਉਸਨੇ ਕਈ ਸਾਲ ਨਿਭਾਈ।
ਹੜਤਾਲ ਦੀ ਕਾਮਯਾਬੀ ਨੂੰ ਦੇਖਦਿਆਂ ਸਰਕਾਰ ਢਿੱਲੀ ਪੈ ਗਈ। ਪਹਿਲਾ ਰਜਿਸਟਰਾਰ ਬਦਲ ਕੇ ਉਸਦੀ ਥਾਂ ਚਮਨ ਲਾਲ ਬੈਂਸ ਆਈ.ਏ.ਐਸ ਦੀ ਨਿਯੁਕਤੀ ਹੋ ਗਈ। ਉਹ ਸਿਆਣਾ ਅਫਸਰ ਸੀ। ਉਸਨੇ ਫੈਡਰੇਸ਼ਨ ਦੇ ਆਗੂਆਂ ਨਾਲ਼ ਗੱਲਬਾਤ ਕਰਕੇ, ਤਨਖਾਹਾਂ ‘ਚ ਮੰਗੇ ਜਾ ਰਹੇ ਵਾਧੇ ਦਾ 80% ਦੇਣ ਲਈ ਵਾਅਦਾ ਕਰ ਲਿਆ। ਸਾਰੀਆਂ ਬੈਂਕਾਂ ਦੇ ਮੁਅਤਲ ਕੀਤੇ ਕਰਮਚਾਰੀ ਬਹਾਲ ਕਰਨ ਦੀ ਗੱਲ ਵੀ ਮੰਨ ਲਈ। ਤਕਰੀਬਨ ਡੇਢ ਮਹੀਨੇ ਬਾਅਦ ਹੜਤਾਲ ਖ਼ਤਮ ਹੋ ਗਈ।
ਸਾਡੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੇ ਬਾਕੀ ਕਰਮਚਾਰੀ ਤਾਂ ਬਹਾਲ ਕਰ ਦਿੱਤੇ ਪਰ ਮੇਰੇ ਬਾਰੇ ਇਹ ਮਤਾ ਪਾਸ ਕਰ ਦਿੱਤਾ ਕਿ ਜਰਨੈਲ ਸਿੰਘ ਨੂੰ ਬੈਂਕ ਦੀ ਕੋਈ ਲੋੜ ਨਹੀਂ, ਇਸਨੂੰ ਵਾਪਸ ਏਪੈੱਕਸ ਬੈਂਕ ਚੰਡੀਗੜ੍ਹ ਭੇਜਿਆ ਜਾਏ। ਮੇਰੇ ਲਈ ਇਹ ਡਾਢੀ ਹੈਰਾਨੀ ਵਾਲ਼ੀ ਗੱਲ ਸੀ। ਮੈਂ ਇਹ ਤਾਂ ਜਾਣਦਾ ਸੀ ਕਿ ਬੈਂਕ ਦਾ ਬੋਰਡ ਮੇਰੀ ਪੋਸਟ ਨੂੰ ਹਿਲਾ ਨਹੀਂ ਸਕਦਾ। ਹੈਰਾਨੀ ਇਸ ਗੱਲ ਦੀ ਸੀ ਕਿ ਇਹ ਮਾਮਲਾ ਵਾਪਰਿਆ ਕਿਉਂ? ਮੈਂ ਜਨਰਲ ਮੈਨੇਜਰ ਤੋਂ ਪੁੱਛਿਆ। ਉਹ ਕਹਿਣ ਲੱਗਾ, ”ਮੈਂ ਮੀਟਿੰਗ ‘ਚ ਕਿਹਾ ਸੀ ਪਈ ਬੋਰਡ ਇਸ ਤਰ੍ਹਾਂ ਨਹੀਂ ਕਰ ਸਕਦਾ। ਪਰ ਐਮ.ਡੀ ਤੁਲਿਆ ਹੋਇਆ ਸੀ।”
”ਪਰ ਐਮ.ਡੀ ਨੂੰ ਮੇਰੇ ਨਾਲ਼ ਕੀ ਨਾਰਾਜਗੀ ਹੈ?”
”ਮੈਨੂੰ ਲਗਦੈ ਕਿਸੇ ਨੇ ਐਮ.ਡੀ ਦੇ ਕੰਨ ਭਰੇ ਹਨ।”
ਮੈਨੇਜਰ ਕੋਲ਼ੋਂ ਉੱਠ ਕੇ ਮੈਂ ਬੰਗੇ ਨਾਲ਼ ਗੱਲ ਕੀਤੀ ਤੇ ਉਸਨੂੰ ਗੋਝ ਕੱਢਣ ਲਈ ਕਿਹਾ।
ਅਗਲੇ ਦਿਨ ਬੋਰਡ ਦੀਆਂ ਮੀਟਿੰਗਾਂ ਕਰਵਾਉਣ ਵਾਲ਼ਾ, ਐਸਟੈਬਲਿਸ਼ਮੈਂਟ ਇੰਚਾਰਜ ਬਲਬੀਰ ਸਿੰਘ ਗਿੱਲ, ਮੈਨੂੰ ਕਹਿਣ ਲੱਗਾ, ”ਅਜੇ ਮਤਾ ਏਪੈੱਕਸ ਬੈਂਕ ਨੂੰ ਨਹੀਂ ਭੇਜਿਆ, ਤੁਸੀਂ ਐਮ.ਡੀ ਦੇ ਗੋਡੇ ਫੜ ਲਓ…।”
ਪਰ ਧੱਕੜਸ਼ਾਹੀ ਮੂਹਰੇ ਲਿਫਣਾ ਮੇਰੀ ਰੂਹ ਨੂੰ ਪ੍ਰਵਾਨ ਨਹੀਂ ਸੀ। ਬੰਗੇ ਨੇ ਚਾਰ ਕੁ ਦਿਨਾਂ ‘ਚ ਹੀ ਗੋਝ ਕੱਢ ਲਿਆ। ਮੇਰੇ ਨਾਲ਼ ਖਾਰ ਖਾਦੇਂ ਜੂਨੀਅਰ ਅਕਾਊਂਟੈਂਟ ਅਮਰ ਸਿੰਘ ਨੇ ਐਮ.ਡੀ ਦੇ ਕੰਨ ਭਰੇ ਸਨ, ਅਖੇਂ ਜਰਨੈਲ ਸਿੰਘ ਦਾ ਬੈਂਕ ਦੇ ਕੰਮਾਂ ਵਿਚ ਕੋਈ ਖਾਸ ਰੋਲ ਨਹੀਂ। ਇਹ ਸੁਸਾਇਟੀਆਂ ‘ਚ ਗੇੜੇ ਮਾਰ ਕੇ ਬੈਂਕ ਤੋਂ ਤਨਖਾਹ ਅਤੇ ਨਾਲ਼ ਟੀ.ਏ, ਡੀ.ਏ ਲਈ ਜਾਂਦੈ। ਇਸਦੀ ਪੋਸਟ ਬੈਂਕ ‘ਤੇ ਵਾਧੂ ਬੋਝ ਹੈ… ਇਸਨੂੰ ਵਾਪਸ ਏਪੈੱਕਸ ਬੈਂਕ ਭੇਜੋ। ਚੁੱਕ ‘ਚ ਆਏ ਕਾਬਲ ਸਿੰਘ ਨੇ ਮੇਰੀ ਪੋਸਟ ਵਿੱਰੁਧ ਮਤਾ ਪਾਸ ਕਰਵਾ ਕੇ ਏਪੈੱਕਸ ਬੈਂਕ ਨੂੰ ਭੇਜ ਦਿੱਤਾ।
ਦੋ ਕੁ ਹਫਤਿਆਂ ਬਾਅਦ ਏਪੈੱਕਸ ਬੈਂਕ ਦੀ ਚਿੱਠੀ ਆ ਗਈ। ਉਨ੍ਹਾਂ ਮਤਾ ਪ੍ਰਵਾਨ ਨਹੀਂ ਸੀ ਕੀਤਾ ਤੇ ਸਪਸ਼ਟ ਸ਼ਬਦਾਂ ‘ਚ ਲਿਖ ਦਿੱਤਾ ਕਿ ਐਫ.ਈ.ਆਈਦੀਆਂ ਪੋਸਟਾਂ ਅਤੇ ਉਨ੍ਹਾਂ ਦੀਆਂ ਡਿਊਟੀਆਂ ਰਜਿਸਟਰਾਰ ਦੀ ਪ੍ਰਵਾਨਗੀ ਲੈ ਕੇ ਹੀ ਬਣਾਈਆਂ ਗਈਆਂ ਸਨ।
ਆਖਰੀ ਗੱਲ ਹੜਤਾਲ ਦੀਆਂ ਮੰਗਾਂ ਦੀ ਪੂਰਤੀ ਬਾਰੇ। ਨਵੇਂ ਰਜਿਸਟਰਾਰ ਚਮਨ ਲਾਲ ਬੈਂਸ ਨੇ ਆਪਣੀ ਸੁਹਿਰਦਤਾ ਦਾ ਸਬੂਤ ਦੇਂਦਿਆਂ ਫੈਡਰੇਸ਼ਨ ਆਗੂਆਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ। ਤਨਖਾਹਾਂ ‘ਚ ਮੰਗੇ ਜਾ ਰਹੇ ਵਾਧੇ ਦਾ 80% ਪ੍ਰਵਾਨ ਕਰਕੇ ਗਰੇਡ ਰਿਵਾਈਜ਼ ਕਰਵਾ ਦਿੱਤੇ। ਨਵੇਂ ਗਰੇਡਾਂ ਮੁਤਾਬਿਕ ਕੋਆਪ੍ਰੇਟਿਵ ਬੈਂਕਾਂ ਤੇ ਕਮਰਸ਼ੀਅਲ ਬੈਂਕਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਮਸਾਂ ਉੱਨੀ-ਇਕੀ ਦਾ ਹੀ ਫ਼ਰਕ ਸੀ।
ਇਹ ਆਰਟੀਕਲ ਇਥੇ ਸਮਾਪਤ ਹੁੰਦਾ ਹੈ
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …