Breaking News
Home / ਹਫ਼ਤਾਵਾਰੀ ਫੇਰੀ / ਬਠਿੰਡਾ ਦੇ ਐਸਐਸਪੀ ਦੀ ਸਲਾਹੁਣਯੋਗ ਪਹਿਲ

ਬਠਿੰਡਾ ਦੇ ਐਸਐਸਪੀ ਦੀ ਸਲਾਹੁਣਯੋਗ ਪਹਿਲ

ਹੁਣ ਠੰਡ ‘ਚ ਗਸ਼ਤ ਕਰਨ ਵਾਲੇ ਪੁਲਿਸ ਦੇ ਜਵਾਨਾਂ ਨੂੰ ਰਾਤ ਨੂੰ ਮਿਲੇਗੀ ਚਾਹ, ਦੁੱਧ ਤੇ ਸੂਪ
ਇਹ ਸਹੂਲਤ ਸਿਰਫ ਰਾਤ 11 ਤੋਂ 2 ਵਜੇ ਤੱਕ
ਬਠਿੰਡਾ : ਕੜਾਕੇ ਦੀ ਠੰਡ ਦੇ ਚੱਲਦਿਆਂ ਬਠਿੰਡਾ ਵਿਚ ਹੁਣ ਰਾਤ ਦੇ ਸਮੇਂ ਗਸ਼ਤ ਅਤੇ ਡਿਊਟੀ ‘ਤੇ ਤੈਨਾਤ ਪੁਲਿਸ ਦੇ ਜਵਾਨਾਂ ਨੂੰ ਚਾਹ ਦੀ ਚੁਸਕੀ, ਸੂਪ ਅਤੇ ਦੁੱਧ ਦੀ ਸਹੂਲਤ ਵੀ ਮਿਲੇਗੀ। ਹੰਢ ਕੰਬਾਊ ਠੰਡ ਵਿਚ ਪੂਰੀ ਰਾਤ ਸੜਕਾਂ ‘ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਤੈਨਾਤ ਜਵਾਨਾਂ ਨੂੰ ਠੰਡ ਤੋਂ ਰਾਹਤ ਦਿਵਾਉਣ ਲਈ ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਵਲੋਂ ਪੁਲਿਸ ਵੈਲਫੇਅਰ ਦੇ ਤਹਿਤ ਇਸ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਰੋਜ਼ਾਨਾ ਰਾਤ ਦੇ ਸਮੇਂ 200 ਦੇ ਕਰੀਬ ਜਵਾਨਾਂ ਅਤੇ ਪੁਲਿਸ ਅਫਸਰਾਂ ਨੂੰ ਚਾਹ, ਦੁੱਧ ਅਤੇ ਸੂਪ ਉਪਲਬਧ ਕਰਵਾਇਆ ਜਾ ਰਿਹਾ ਹੈ ਤਾਂ ਕਿ ਮੁਲਾਜ਼ਮ ਠੰਡ ਦੌਰਾਨ ਰਾਹਤ ਮਹਿਸੂਸ ਕਰ ਸਕਣ। ਇਸ ਸਹੂਲਤ ਦੇ ਚੱਲਦਿਆਂ ਰੋਜ਼ਾਨਾ ਰਾਤ 11 ਤੋਂ 2 ਵਜੇ ਤੱਕ ਇਕ ਟੀਮ ਵੱਖ-ਵੱਖ ਜਗ੍ਹਾ ‘ਤੇ ਡਿਊਟੀ ਦੇ ਰਹੇ ਜਵਾਨਾਂ ਨੂੰ ਕਦੀ ਚਾਹ, ਕਦੀ ਦੁੱਧ ਅਤੇ ਕਦੀ ਸੂਪ ਪਹੁੰਚਾਏਗੀ। ਬਠਿੰਡਾ ਪੁਲਿਸ ਦੇ ਲਈ ਸ਼ੁਰੂ ਕੀਤੀ ਇਸ ਯੋਜਨਾ ਦੀ ਜਵਾਨਾਂ ਵਲੋਂ ਖੂਬ ਸਰਾਹਨਾ ਕੀਤੀ ਜਾ ਰਹੀ ਹੈ।
ਹਰ ਜਵਾਨ ‘ਤੇ 50 ਤੋਂ 60 ਰੁਪਏ ਤੱਕ ਦਾ ਰੱਖਿਆ ਗਿਆ ਬਜਟ, ਚਾਹ ਪਹੁੰਚਾਉਣ ਲਈ 20 ਜਵਾਨਾਂ ਦੀ ਲਗਾਈ ਗਈ ਡਿਊਟੀ
ਰਾਤ ਦੇ ਸਮੇਂ ਬਠਿੰਡਾ ‘ਚ 200 ਜਵਾਨ ਰਹਿੰਦੇ ਹਨ ਤੈਨਾਤ
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਨਿਯੁਕਤੀ ਤੋਂ ਬਾਅਦ ਪੀਸੀਆਰ ਵਿਚ ਬਦਲਾਅ ਕਰਦੇ ਹੋਏ ਥਾਣਿਆਂ ਵਿਚ ਤੈਨਾਤ ਨੌਜਵਾਨ ਪੁਲਿਸ ਜਵਾਨਾਂ ਨੂੰ ਪੀਸੀਆਰ ਵਿਚ ਤਬਦੀਲ ਕੀਤਾ ਹੈ। ਇਸ ਤੋਂ ਇਲਾਵਾ ਦਫਤਰਾਂ ‘ਚੋਂ ਉਨ੍ਹਾਂ ਪੁਲਿਸ ਕਰਮੀਆਂ ਨੂੰ ਵੀ ਪੀਸੀਆਰ ਵਿਚ ਤੈਨਾਤ ਕੀਤਾ ਗਿਆ ਹੈ, ਜਿਨ੍ਹਾਂ ਦਾ ਉਥੇ ਜ਼ਿਆਦਾ ਕੰਮ ਨਹੀਂ ਸੀ। ਇਹ ਵਿਵਸਥਾ ਸ਼ਹਿਰ ਵਿਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਬਣਾਈ ਸੀ। ਸ਼ਹਿਰ ਵਿਚ ਰਾਤ ਦੇ ਸਮੇਂ ਕਾਂਸਟੇਬਲ ਤੋਂ ਡੀਐਸਪੀ ਰੈਂਕ ਦੇ ਕਰੀਬ 200 ਪੁਲਿਸ ਦੇ ਜਵਾਨ ਤੈਨਾਤ ਰਹਿੰਦੇ ਹਨ।
ਉਦੇਸ਼ : ਜਵਾਨਾਂ ਨੂੰ ਠੰਡ ਤੋਂ ਬਚਾਉਣਾ, ਹਾਦਸਾ ਹੋਣ ‘ਤੇ ਤੱਤਕਾਲ ਮੱਦਦ ਪਹੁੰਚਾਉਣ ਸਮੇਂ ਚੁਸਤੀ ‘ਚ ਕਮੀ ਨਾ ਰਹੇ
ਡੀਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਸੁਰੱਖਿਆ, ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੁਲਿਸ ਵਿਭਾਗ ਦਿਨ-ਰਾਤ ਡਿਊਟੀ ਕਰਦਾ ਹੈ। ਖਾਸਕਰ ਰਾਤ ਸਮੇਂ ਹੋਣ ਵਾਲੀ ਵਾਰਦਾਤ ‘ਤੇ ਰੋਕ ਲਗਾਉਣ ਦੇ ਲਈ ਪੁਲਿਸ ਕਰਮਚਾਰੀਆਂ ਦੀ ਰਾਤ ਦੀ ਡਿਊਟੀ ਵੀ ਲੱਗੀ ਰਹਿੰਦੀ ਹੈ। ਬਰਸਾਤ ਹੋਵੇ ਜਾਂ ਠੰਡ ਜਵਾਨ ਡਿਊਟੀ ‘ਤੇ ਮੁਸ਼ਤੈਦ ਰਹਿੰਦੇ ਹਨ, ਪਰ ਬੀਤੇ ਕੁਝ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਅਤੇ ਕੋਹਰੇ ਨੇ ਠੰਡ ਵਿਚ ਇਜਾਫਾ ਕਰ ਦਿੱਤਾ ਹੈ। ਅਜਿਹੇ ਵਿਚ ਰਾਤ ਨੂੰ ਡਿਊਟੀ ਕਰਨ ਵਾਲੇ ਪੁਲਿਸ ਕਰਮੀਆਂ ਦਾ ਹਾਲ ਬੇਹਾਲ ਹੈ। ਐਸਐਸਪੀ ਹਰਮਨਬੀਰ ਸਿੰਘ ਗਿੱਲ ਬਠਿੰਡਾ ਨੇ ਪੁਲਿਸ ਵੈਲਫੇਅਰ ਦੇ ਤਹਿਤ ਰਾਤ ਸਮੇਂ ਨਾਕਿਆਂ ‘ਤੇ ਡਿਊਟੀ ਦੇਣ ਵਾਲੇ ਤੇ ਗਸ਼ਤ ਕਰਨ ਵਾਲੇ ਜਵਾਨਾਂ ਦੇ ਲਈ ਚਾਹ, ਸੂਪ ਅਤੇ ਦੁੱਧ ਦੀ ਵਿਵਸਥਾ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਮੁਲਾਜ਼ਮ ਠੰਡ ਦੇ ਮੌਸਮ ਦੌਰਾਨ ਰਾਹਤ ਮਹਿਸੂਸ ਕਰ ਸਕਣ।
ਜਵਾਨਾਂ ਲਈ ਦੁੱਧ, ਚਾਹ ਅਤੇ ਸੂਪ ਦੀ ਵਿਵਸਥਾ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਹੈ। ਚਾਹ ਅਤੇ ਦੁੱਧ ਵਿਚ ਲੌਂਗ, ਇਲਾਇਚੀ, ਦਾਲ ਚੀਨੀ, ਅਦਰਕ ਆਦਿ ਜੜ੍ਹੀ ਬੂਟੀਆਂ ਪਾਈਆਂ ਜਾਂਦੀਆਂ ਹਨ ਤਾਂ ਕਿ ਜਵਾਨ ਸਰਦ ਰਾਤਾਂ ਵਿਚ ਰਾਹਤ ਮਹਿਸੂਸ ਕਰ ਸਕਣ। ਇਸ ਕੰਮ ਦੇ ਲਈ ਪੁਲਿਸ ਦੇ 20 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। 200 ਜਵਾਨਾਂ ਤੱਕ ਸੇਵਾ ਉਪਲਬਧ ਕਰਵਾਉਣ ਦੇ ਲਈ ਇਕ ਵਾਰ ਵਿਚ ਚਾਰ-ਚਾਰ ਜਵਾਨ ਨਾਕਿਆਂ ਦੇ ਲਈ ਨਿਕਲਦੇ ਹਨ। ਬਜਟ ਦੀ ਕੋਈ ਸੀਮਾ ਨਹੀਂ ਹੈ। ਇਕ ਜਵਾਨ ‘ਤੇ ਕਿਸੇ ਦਿਨ 30-40 ਰੁਪਏ ਅਤੇ ਕਿਸੇ ਦਿਨ 50-60 ਰੁਪਏ ਖਰਚ ਆ ਜਾਂਦਾ ਹੈ।
– ਪ੍ਰਵੇਸ਼ ਚੋਪੜਾ, ਡੀਐਸਪੀ ਟਰੈਫਿਕ

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …