ਵਿਦੇਸ਼ ਜਾਣ ਦੇ ਚਾਹਵਾਨ 70 ਫ਼ੀਸਦ ਨੌਜਵਾਨ ਕਿਸਾਨੀ ਪਿਛੋਕੜ ਵਾਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਸੰਕਟ, ਰੁਜ਼ਗਾਰ ‘ਚ ਗੁਣਵੱਤਾ ਦੀ ਘਾਟ ਪੰਜਾਬ ਦੇ ਪੇਂਡੂ ਨੌਜਵਾਨਾਂ ਨੂੰ ਵਿਦੇਸ਼ ਉਡਾਰੀ ਮਾਰਨ ਲਈ ਮਜਬੂਰ ਕਰ ਰਹੇ ਹਨ। ਇਕ ਹਾਲੀਆ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾ ਰਹੇ ਨੌਜਵਾਨਾਂ ਵਿਚੋਂ 70 ਫ਼ੀਸਦ ਕਿਸਾਨੀ ਪਿਛੋਕੜ ਵਾਲੇ ਹਨ। ਆਪਣੀ ਤਰ੍ਹਾਂ ਦਾ ਇਹ ਪਹਿਲਾ ਸਮਾਜਿਕ-ਆਰਥਿਕ ਅਧਿਐਨ ਦੱਸਦਾ ਹੈ ਕਿ ਵਿਆਪਕ ਪੱਧਰ ‘ਤੇ ਬੇਰੁਜ਼ਗਾਰੀ, ਖ਼ਤਮ ਹੋ ਰਹੇ ਸਰੋਤ ਅਤੇ ਇਸ ਨਾਲ ਉਪਜ ਰਹੀ ਨਿਰਾਸ਼ਾ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਧੱਕ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਦੇ ਪ੍ਰੋਫੈਸਰ ਕਮਲਜੀਤ ਸਿੰਘ ਤੇ ਡਾ. ਰਕਸ਼ਿੰਦਰ ਕੌਰ ਵੱਲੋਂ ਇਕੱਤਰ ਵੇਰਵਿਆਂ ਮੁਤਾਬਕ ਪਰਵਾਸ ਲਈ ਸਭ ਤੋਂ ਵੱਧ ‘ਸਿੱਖਿਆ ਹਾਸਲ ਕਰਨ ਦਾ ਰੂਟ’ ਹੀ ਅਪਣਾਇਆ ਜਾ ਰਿਹਾ ਹੈ। ਪੰਜਾਬ ਦੇ ਮਾਲਵਾ ਖਿੱਤੇ ਦੇ ਆਈਲੈੱਟਸ ਕੇਂਦਰਾਂ ‘ਚ ਸਿਖ਼ਲਾਈ ਲੈ ਰਹੇ 540 ਵਿਦਿਆਰਥੀਆਂ ਬਾਰੇ ਇਕੱਤਰ ਅੰਕੜਿਆਂ ‘ਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਵੀਜ਼ਾ ‘ਤੇ ਵਿਦੇਸ਼ ਜਾਣ ਦੇ ਚਾਹਵਾਨ 79 ਫ਼ੀਸਦ ਨੌਜਵਾਨ ਪੇਂਡੂ ਪਿਛੋਕੜ ਵਾਲੇ ਹਨ, 70 ਫ਼ੀਸਦ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ। ਜੇ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਆਰਥਿਕ ਪਿਛੋਕੜ ‘ਤੇ ਝਾਤ ਮਾਰੀ ਜਾਵੇ ਤਾਂ ਜ਼ਿਆਦਾਤਰ ਇਹ ਛੋਟੇ ਜਾਂ ਸੀਮਾਂਤ ਕਿਸਾਨ ਪਰਿਵਾਰ ਹਨ। 56 ਫ਼ੀਸਦ ਅਜਿਹੇ ਪਰਿਵਾਰਾਂ ਤੋਂ ਹਨ ਜਿਨ੍ਹਾਂ ਕੋਲ ਪੰਜ ਏਕੜ ਤੋਂ ਵੀ ਘੱਟ ਜ਼ਮੀਨ ਹੈ। 24 ਫ਼ੀਸਦ ਅਜਿਹੇ ਹਨ ਜਿਨ੍ਹਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। ਪ੍ਰੋ. ਕਮਲਜੀਤ ਮੁਤਾਬਕ ਇਹ ਰੁਝਾਨ ਸ਼ਾਇਦ ਖੇਤੀਬਾੜੀ ਸੈਕਟਰ ਦੇ ਸੰਕਟ ਤੇ ਰੁਜ਼ਗਾਰ ਦੇ ਮੌਕੇ ਬੇਹੱਦ ਸੀਮਤ ਹੋਣ ਵੱਲ ਇਸ਼ਾਰਾ ਕਰਦਾ ਹੈ। ਦੂਜੇ ਪਾਸੇ ਵੱਡੇ ਕਿਸਾਨ ਆਪਣੇ ਆਰਥਿਕ ਤੇ ਸਮਾਜੀ ਰੁਤਬੇ ਨੂੰ ਹੋਰ ਬਿਹਤਰ ਕਰਨ ਲਈ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਇੱਛਾ ਰੱਖਦੇ ਹਨ। ਕਾਫ਼ੀ ਸਮਾਂ ਪਹਿਲਾਂ ਬੱਚਿਆਂ ਨੂੰ ਪੜ੍ਹਾਈ ਲਈ ਮੁਲਕੋਂ ਬਾਹਰ ਭੇਜਣ ਵਾਲਿਆਂ ‘ਚ ਸਰਕਾਰੀ ਮੁਲਾਜ਼ਮ ਮੋਹਰੀ ਹੁੰਦੇ ਸਨ, ਪਰ ਹੁਣ 70 ਫ਼ੀਸਦ ਨਾਲ ਕਿਸਾਨ ਮੋਹਰੀ ਹਨ। ਸਰਕਾਰੀ ਮੁਲਾਜ਼ਮਾਂ ਦੇ ਸਿਰਫ਼ 16.5 ਫ਼ੀਸਦ ਬੱਚੇ ਹੀ ਪੜ੍ਹਾਈ ਲਈ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ। ਕਾਰੋਬਾਰੀਆਂ ‘ਚੋਂ ਅੱਠ ਫ਼ੀਸਦ ਤੇ ਪ੍ਰਾਈਵੇਟ ਸੈਕਟਰ ‘ਚ ਕੰਮ ਕਰਨ ਵਾਲੇ ਸਿਰਫ਼ 6.5 ਫ਼ੀਸਦ ਪਰਿਵਾਰ ਹੀ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਇਕ ਹੋਰ ਦਿਲਚਸਪ ਤੱਥ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਗਿਣਤੀ ‘ਚ ਲੜਕਿਆਂ ਨੂੰ ਲੜਕੀਆਂ ਆਈਲੈੱਟਸ ਕੇਂਦਰਾਂ ‘ਚ ਪਛਾੜ ਰਹੀਆਂ ਹਨ। ਟੈਸਟ ਪਾਸ ਕਰ ਕੇ ਲੋੜੀਂਦੇ ਬੈਂਡ ਲੈਣ ਵਾਲਿਆਂ ‘ਚ ਵੀ ਕੁੜੀਆਂ ਮੋਹਰੀ ਹਨ। ਪੰਜਾਬ ਵਿਚ ਆਈਲੈੱਟਸ ਪਾਸ ਕੁੜੀ ਵਿਆਹ ਦੇ ਮਾਮਲੇ ‘ਚ ਵੱਧ ਯੋਗ ਮੰਨੀ ਜਾ ਰਹੀ ਹੈ। ਮਾਲਵਾ ਖਿੱਤੇ ‘ਚ ਵਿਦੇਸ਼ ਜਾਣ ਦੇ ਚਾਹਵਾਨ ਜ਼ਿਆਦਾਤਰ ਜਨਰਲ ਵਰਗ ਦੇ ਹਨ ਜਦਕਿ ਦਲਿਤ ਸਿਰਫ਼ ਦੋ ਫ਼ੀਸਦ ਹੀ ਹਨ। ਦਲਿਤ ਵਰਗ ਕੋਲ ਸ਼ਾਇਦ ਵਿੱਤੀ ਸਰੋਤਾਂ ਦੀ ਘਾਟ ਜਾਂ ਨੌਕਰੀਆਂ ‘ਚ ਰਾਖ਼ਵਾਂਕਰਨ ਇਸ ਦੇ ਕਾਰਨ ਹੋ ਸਕਦੇ ਹਨ।
ਜ਼ਮੀਨ-ਜਾਇਦਾਦ ਵੇਚ ਰਹੇ ਨੇ ਮਾਪੇ
ਅਧਿਐਨ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾਣ ਦੇ ਜ਼ਿਆਦਾਤਰ ਚਾਹਵਾਨ ਸੀਮਤ ਵਿੱਤੀ ਸਰੋਤਾਂ ਵਾਲੇ ਹਨ। ਇਸ ਲਈ ਮਾਪਿਆਂ ਨੂੰ ਬੱਚੇ ਵਿਦੇਸ਼ ਭੇਜਣ ਲਈ ਜ਼ਮੀਨ-ਜਾਇਦਾਦ ਵੇਚਣੀ ਪੈ ਰਹੀ ਹੈ। ਸਿਰਫ਼ 36 ਫ਼ੀਸਦ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਲੋੜੀਂਦੇ ਵਿੱਤੀ ਸਾਧਨ ਹਨ। 17 ਫ਼ੀਸਦ ਵਿਦਿਆਰਥੀਆਂ ਦੇ ਪਰਿਵਾਰ ਇਨ੍ਹਾਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨ-ਜਾਇਦਾਦ ਵੇਚ ਰਹੇ ਹਨ, 37 ਫ਼ੀਸਦ ਕਰਜ਼ਾ ਚੁੱਕ ਰਹੇ ਹਨ ਤੇ ਕੁਝ ਦੇ ਵਿਦੇਸ਼ ਰਹਿੰਦੇ ਰਿਸ਼ਤੇਦਾਰ ਉਨ੍ਹਾਂ ਦੀ ਵਿੱਤੀ ਮਦਦ ਕਰ ਰਹੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …