2.6 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਵਰਦੀਧਾਰੀ ਗੁੰਡਿਆਂ ਨੇ ਦਿੱਲੀ 'ਚ ਸਿੱਖ ਪਿਓ-ਪੁੱਤ ਨਾਲ ਕੀਤੀ ਕੁੱਟਮਾਰ

ਵਰਦੀਧਾਰੀ ਗੁੰਡਿਆਂ ਨੇ ਦਿੱਲੀ ‘ਚ ਸਿੱਖ ਪਿਓ-ਪੁੱਤ ਨਾਲ ਕੀਤੀ ਕੁੱਟਮਾਰ

ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਕੇਜਰੀਵਾਲ
ਦਿੱਲੀ ਪੁਲਿਸ ਦੀ ਘਿਨੌਣੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ : ਕੈਪਟਨ
ਘੱਟਗਿਣਤੀ ਭਾਈਚਾਰੇ ‘ਤੇ ਅਜਿਹਾ ਜ਼ੁਲਮ ਦੇਸ਼ ਦੇ ਮੱਥੇ ‘ਤੇ ਕਲੰਕ : ਲੌਂਗੋਵਾਲ
ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ, 3 ਪੁਲਿਸ ਕਰਮੀ ਮੁਅੱਤਲ
ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ, ਮਾਮਲੇ ਦੀ ਜਾਂਚ ਦੇ ਆਦੇਸ਼
ਨਵੀਂ ਦਿੱਲੀ : ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਸਿੱਖ ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਨਾਲ ਸੜਕ ‘ਤੇ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੁਖਰਜੀ ਨਗਰ ਇਲਾਕੇ ਵਿਚ ਸਵਾਰੀਆਂ ਲੈ ਕੇ ਜਾਣ ਵਾਲੀ ‘ਗ੍ਰਾਮੀਣ ਸੇਵਾ’ ਦਾ ਵਾਹਨ ਚਲਾਉਣ ਵਾਲੇ ਦੋਵੇਂ ਗੁਰਸਿੱਖ ਪਿਓ-ਪੁੱਤਰਾਂ ਦੀ ਤਕਰੀਬਨ ਇਕ ਦਰਜਨ ਪੁਲਿਸ ਮੁਲਾਜ਼ਮਾਂ ਵਲੋਂ ਡੰਡਿਆਂ, ਲੱਤਾਂ ਤੇ ਮੁੱਕਿਆਂ ਨਾਲ ਕੁੱਟਮਾਰ ਅਤੇ ਬੇਰਹਿਮੀ ਨਾਲ ਸੜਕਾਂ ‘ਤੇ ਘੜੀਸਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਤੇ ਆਗੂ ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਪੁੱਜ ਗਏ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਸਿੱਖਾਂ ਦੇ ਰੋਹ ਨੂੰ ਵੇਖਦੇ ਹੋਏ ਤਿੰਨ ਪੁਲਿਸ ਕਰਮਚਾਰੀਆਂ ਏ.ਐਸ.ਆਈ. ਸੰਜੇ ਮਲਿਕ, ਏ.ਐਸ.ਆਈ. ਦਵਿੰਦਰ ਤੇ ਕਾਂਸਟੇਬਲ ਪੁਸ਼ਪਿੰਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਸਰਬਜੀਤ ਸਿੰਘ ਵਲੋਂ ਪਹਿਲਾਂ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ, ਜਿਸ ਵਿਚ 2 ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਪੁਲਿਸ ਦਾ ਦਾਅਵਾ ਹੈ ਕਿ ਮੁਖਰਜੀ ਨਗਰ ਵਿਖੇ ‘ਗ੍ਰਾਮੀਣ ਸੇਵਾ’ ਤਹਿਤ ਵਾਹਨ ਚਲਾਉਣ ਵਾਲੇ ਸਰਬਜੀਤ ਸਿੰਘ ਨਾਮ ਦੇ ਡਰਾਈਵਰ ਨੇ ਪੁਲਿਸ ਦੀ ਜਿਪਸੀ ਨੂੰ ਟੱਕਰ ਮਾਰੀ। ਪੁਲਿਸ ਮੁਤਾਬਿਕ ਇਸ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਡਰਾਈਵਰ ਦੇ ਨਾਬਾਲਗ ਪੁੱਤਰ ਬਲਵੰਤ ਸਿੰਘ ਨੇ ਇਕ ਪੁਲਿਸ ਮੁਲਾਜ਼ਮ ਦੇ ਪੈਰ ‘ਤੇ ਗੱਡੀ ਵੀ ਚੜ੍ਹਾ ਦਿੱਤੀ।
ਇਸ ਘਟਨਾ ਨਾਲ ਪੁਲਿਸ ਦੇ ਰਵੱਈਏ ‘ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਾਣਕਾਰੀ ਮੁਤਾਬਿਕ ਜਿਸ ਮਾਮੂਲੀ ਵਿਵਾਦ ਨੂੰ ਪੇਸ਼ੇਵਰ ਤਰੀਕੇ ਨਾਲ ਸੌਖੇ ਤੇ ਸ਼ਾਂਤੀਪੂਰਨ ਢੰਗ ਨਾਲ ਕੁਝ ਸਮੇਂ ਵਿਚ ਹੀ ਨਿਪਟਾਇਆ ਜਾ ਸਕਦਾ ਸੀ, ਉਸ ਦੇ ਲਈ ਪੁਲਿਸ ਕਰਮੀਆਂ ਨੇ ਬੇਹੱਦ ਗ਼ੈਰ ਪੇਸ਼ੇਵਰ ਤਰੀਕਾ ਅਪਨਾਉਂਦੇ ਹੋਏ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਨਾਲ ਹੀ ਸਿੱਖਾਂ ਪ੍ਰਤੀ ਨਫ਼ਰਤ ਭਰੇ ਹੋਣ ਦਾ ਅਹਿਸਾਸ ਵੀ ਕਰਵਾਇਆ। ਵਾਇਰਲ ਵੀਡੀਓ ਵਿਚ ਪੁਲਿਸ ਮੁਲਾਜ਼ਮ ਤੇ ਸਰਬਜੀਤ ਸਿੰਘ ਦੀ ਬਹਿਸਬਾਜ਼ੀ ਹੁੰਦੀ ਨਜ਼ਰ ਆਈ ਅਤੇ ਉਸ ਤੋਂ ਬਾਅਦ ਜਦ ਸਰਬਜੀਤ ਨੂੰ ਉਸ ਦਾ ਪੁੱਤਰ ਉਥੋਂ ਹਟਾ ਕੇ ਇਕ ਪਾਸੇ ਲੈ ਜਾਂਦਾ ਹੈ ਤਾਂ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਪਿਸਟਲ ਤੇ ਡੰਡਿਆਂ ਸਮੇਤ ਉਨ੍ਹਾਂ ਨੂੰ ਇਸ ਤਰ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਪਿਓ-ਪੁੱਤ ਕੋਲ ਬਹੁਤ ਵੱਡੇ ਹਥਿਆਰ ਹੋਣ। ਇਕ ਹੋਰ ਵੱਡਾ ਸਵਾਲ ਇਹ ਹੈ ਕਿ ਜਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਹੀ ਲਿਆ ਸੀ ਤਾਂ ਉਸ ਦੇ ਬਾਅਦ ਵੀ ਸੜਕਾਂ ‘ਤੇ ਬੁਰੀ ਤਰ੍ਹਾਂ ਘੜੀਸਿਆ ਤੇ ਕੁੱਟਮਾਰ ਕਿਉਂ ਕੀਤੀ ਗਈ। ਸਿੱਖ ਡਰਾਇਵਰ ਸਰਬਜੀਤ ਸਿੰਘ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਖਿਲਾਫ਼ ਦਿੱਲੀ ਅਤੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ।
ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਟੋ ਚਾਲਕ ਸਰਬਜੀਤ ਸਿੰਘ ਨਾਲ ਉਸ ਦੇ ਘਰ ਗਾਂਧੀ ਨਗਰ ਵਿੱਚ ਮੁਲਾਕਾਤ ਕੀਤੀ ਤੇ ਕਥਿਤ ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਸਰਬਜੀਤ ਨੂੰ ਕੁੱਟਿਆ ਗਿਆ ਇਹ ਜ਼ਾਲਮਾਨਾ ਤੇ ਵਹਿਸ਼ੀਆਨਾ ਸੀ। ਉਨ੍ਹਾਂ ਉਪ-ਰਾਜਪਾਲ, ਡੀਸੀਪੀ ਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੀ ਅਪੀਲ ਕੀਤੀ।
ਦਿੱਲੀ ਪੁਲਿਸ ਦੀ ਘਿਨੌਣੀ ਕਾਰਵਾਈ ਨੂੰ ਕੈਪਟਨ ਅਮਰਿੰਦਰ ਨੇ ਦੱਸਿਆ ਸ਼ਰਮਨਾਕ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸਦੇ ਪੁੱਤਰ ਦੀ ਦਿੱਲੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀ ਸਖਤ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਦਿੱਲੀ ਪੁਲਿਸ ਦੀ ਇਸ ਘਿਨੌਣੀ ਕਾਰਵਾਈ ਨੂੰ ਕੈਪਟਨ ਅਮਰਿੰਦਰ ਨੇ ਸ਼ਰਮਨਾਕ ਦੱਸਿਆ।
ਸਿੱਖ ‘ਤੇ ਹਮਲਾ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਬਰਖਾਸਤ ਕੀਤਾ ਜਾਵੇ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਦਿੱਲੀ ਵਿਚ ਨਿਰਦੋਸ਼ ਸਿੱਖਾਂ ‘ਤੇ ਹਮਲੇ ਲਈ ਜ਼ਿੰਮੇਵਾਰ ਪੁਲਿਸ ਕਰਮੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸੁਖਬੀਰ ਨੇ ਕਿਹਾ ਕਿ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਪੁਲਿਸ ਦੀ ਜ਼ਾਲਮਾਨਾ ਕਾਰਵਾਈ ਦੀ ਕੀਤੀ ਨਿੰਦਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਪੁਲਿਸ ਵਲੋਂ ਇੱਕ ਸਿੱਖ ਟੈਂਪੂ ਡਰਾਈਵਰ ਅਤੇ ਉਸ ਦੇ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੁੱਟਮਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆਂ ਭਰਿਆ ਵਰਤਾਰਾ ਦੇਸ਼ ਦੇ ਮੱਥੇ ‘ਤੇ ਕਲੰਕ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਦੀ ਮੰਗ ਕੀਤੀ ਹੈ।
ਸਿਰਸਾ ਦੀ ਅਗਵਾਈ ‘ਚ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
ਨਵੀਂ ਦਿੱਲੀ : ਸਿੱਖ ਡਰਾਈਵਰ ਤੇ ਉਸ ਦੇ ਨਾਬਾਲਗ ਪੁੱਤਰ ਨਾਲ ਕੀਤੀ ਕੁੱਟਮਾਰ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਵਫ਼ਦ ਨੇ ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵਿਖੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸਿਰਸਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਨੇ ਭਰੋਸਾ ਦਿਵਾਇਆ ਹੈ ਕਿ ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਲੜਕੇ ਦੀ ਕੁੱਟਮਾਰ ਵਿਚ ਸ਼ਾਮਿਲ ਸਾਰੇ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਸਿਰਸਾ ਤੇ ਹਰਸਿਮਰਤ ਦਾ ਹੋਇਆ ਵਿਰੋਧ : ਭਾਜਪਾ ਵਿਧਾਇਕ ਮਨਜਿੰਦਰ ਸਿਰਸਾ ਨੂੰ ਜਿੱਥੇ ਸਿੱਧੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਲੋਕ ਹਰਸਿਮਰਤ ਬਾਦਲ ਦੀ ਹਮਦਰਦੀ ‘ਤੇ ਵੀ ਸਵਾਲ ਪੁੱਛ ਰਹੇ ਹਨ ਕਿ ਦਿੱਲੀ ਪੁਲਿਸ ਤਾਂ ਤੁਹਾਡੀ ਮੋਦੀ ਸਰਕਾਰ ਦੀ ਹੀ ਹੈ।
ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗੀ :ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਇਸ ਘਟਨਾ ਸਬੰਧੀ ਦਿੱਲੀ ਪੁਲਿਸ ਤੋਂ ਰਿਪੋਰਟ ਮੰਗੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ। ਰੈਡੀ ਨੇ ਟਵੀਟ ਕਰਦਿਆਂ ਦੱਸਿਆ ਕਿ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿਚ ਵਾਪਰੀ ਘਟਨਾ ਸਬੰਧੀ ਆਰ.ਪੀ. ਸਿੰਘ ਖ਼ਾਲਸਾ ਦੀ ਅਗਵਾਈ ਵਿਚ ਭਾਜਪਾ ਦਾ ਇਕ ਵਫ਼ਦ ਮੈਨੂੰ ਮਿਲਿਆ ਅਤੇ ਮੈਂ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਇਕ ਵਿਸਥਾਰਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।
ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਕੀਤੀ ਲਾਹ-ਪਾਹ : ਆਟੋ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਪੁੱਤਰ ਦੀ ਕੁੱਟਮਾਰ ਦੇ ਮਾਮਲੇ ‘ਚ ਹਾਈਕੋਰਟ ਨੇ ਦਿੱਲੀ ਪੁਲਿਸ ਦੀ ਲਾਹ-ਪਾਹ ਕਰਦਿਆਂ ਕਿਹਾ ਕਿ ‘ਵੀਡੀਓ ਪੁਲਿਸ ਦੀ ਦਰਿੰਦਗੀ ਦਾ ਸਬੂਤ ਹੈ ਕਿ ਵਰਦੀਧਾਰੀ ਬਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।’

RELATED ARTICLES
POPULAR POSTS