ਮਾਮਲਾ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਅਹਿਮ ਪੁਸਤਕਾਂ ਤੇ ਪਾਵਨ ਸਰੂਪਾਂ ਨੂੰ ਵਾਪਸ ਮਿਲਣ ਤੋਂ ਬਾਅਦ ਵਿਦੇਸ਼ਾਂ ਵਿਚ ਵੇਚਣ ਦਾ
ਭਾਰਤੀ ਫੌਜ ਦਾ ਦਾਅਵਾ, ਸੱਤ ਵਾਰ ਸਮਾਨ ਮੋੜਿਆ
ਸ਼੍ਰੋਮਣੀ ਕਮੇਟੀ ਪਹਿਲੀ ਵਾਰ ਮੰਨੀ, ਦੋ ਵਾਰ ਸਮਾਨ ਮਿਲਿਆ
ਚਰਚੇ ਹੱਥ ਲਿਖਤ ਪਾਵਨ ਸਰੂਪ ਅਮਰੀਕਾ ‘ਚ 12 ਕਰੋੜ, ਲੰਡਨ ‘ਚ 4 ਹਜ਼ਾਰ ਪੌਂਡ ‘ਚ ਵਿਕਿਆ
ਅੰਮ੍ਰਿਤਸਰ : ਜੂਨ 1984 ਵਿਚ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਫੌਜੀ ਹਮਲਾ ਕਰਵਾ ਕੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ ਸੀ, ਉਥੇ ਹੀ ਸਿੱਖੀ ਦਾ ਅਹਿਮ ਖਜ਼ਾਨਾ ਵੀ ਫੌਜ ਟਰੰਕਾਂ, ਬੋਰੀਆਂ ਤੇ ਝੋਲਿਆਂ ‘ਚ ਪਾ ਕੇ ਨਾਲ ਲੈ ਗਈ ਸੀ, ਜਿਸ ਵਿਚ ਸਭ ਤੋਂ ਅਹਿਮ ਸੀ ਸਿੱਖ ਲਾਇਬਰੇਰੀ ਨਾਲ ਸਬੰਧਤ ਧਾਰਮਿਕ ਪੁਸਤਕਾਂ।
ਜੂਨ 1984 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ 9 ਪ੍ਰਧਾਨ ਬਣੇ ਤੇ 15 ਮੁੱਖ ਸਕੱਤਰ ਪਰ ਸੰਗਤ ਨੂੰ ਇਹੋ ਦੱਸਿਆ ਜਾਂਦਾ ਰਿਹਾ ਕਿ ਫੌਜ ਨੇ ਕੁਝ ਨਹੀਂ ਮੋੜਿਆ। ਕੇਂਦਰ ਨੂੰ 85 ਖ਼ਤ ਲਿਖੇ ਗਏ ਤੇ ਸੈਂਕੜੇ ਵਫ਼ਦ ਮਿਲੇ, ਪਰ ਹੁਣ ਫੌਜ ਨੇ ਦਾਅਵਾ ਕੀਤਾ ਕਿ ਅਸੀਂ 7 ਵਾਰ ਸਮਾਨ ਮੋੜਿਆ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਪੂਰਾ ਤਾਂ ਨਹੀਂ ਮਿਲਿਆ ਹਾਂ ਦੋ ਵਾਰ ਸਮਾਨ ਮੋੜਿਆ ਹੈ। ਸ਼੍ਰੋਮਣੀ ਕਮੇਟੀ ਨੇ ਮੰਨਿਆ ਜਿਸ ਵਿਚ 205 ਹੱਥ ਲਿਖਤ ਸਰੂਪ, ਕੁਝ ਪੁਸਤਕਾਂ, ਇਕ ਹੁਕਮਨਾਮਾ ਤੇ ਕੁਝ ਅਖ਼ਬਾਰਾਂ ਵਾਪਸ ਮਿਲੀਆਂ ਹਨ। ਇਸ ਦੌਰਾਨ ਮਾਮਲਾ ਸਾਹਮਣੇ ਆਇਆ ਕਿ ਅਹਿਮ ਪੁਸਤਕਾਂ ਵਿਦੇਸ਼ਾਂ ਵਿਚ ਵੇਚੀਆਂ ਗਈਆਂ।
ਸਭ ਤੋਂ ਵੱਡੀ ਖ਼ਬਰ ਜੋ ਚਰਚਾ ਵਿਚ ਆਈ, ਉਹ ਇਹ ਸੀ ਕਿ 12 ਕਰੋੜ ਵਿਚ ਇਕ ਹੱਥ ਲਿਖਤ ਪਾਵਨ ਸਰੂਪ ਅਮਰੀਕਾ ਵਿਚ ਵੇਚਿਆ ਗਿਆ। ਇਸੇ ਤਰ੍ਹਾਂ ਇਕ ਹੋਰ ਸਰੂਪ ਨੂੰ ਲੈ ਕੇ ਵੀ ਮਾਮਲਾ ਚਰਚਾ ਵਿਚ ਰਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿਸ਼ੇਸ਼ ਚਿੰਨ੍ਹ ਅੰਕਿਤ ਇਕ ਹੱਥ ਲਿਖਤ ਪਾਵਨ ਸਰੂਪ ਲੰਡਨ ਵਿਚ 4000 ਪੌਂਡ ‘ਚ ਨੀਲਾਮ ਕੀਤਾ ਗਿਆ। ਇਸੇ ਤਰ੍ਹਾਂ ਕੁਝ ਹੋਰ ਪੁਸਤਕਾਂ, ਧਾਰਮਿਕ ਦਸਤਾਵੇਜ਼ ਵਿਦੇਸ਼ਾਂ ਵਿਚ ਵੇਚੇ ਗਏ। ਬੇਸ਼ੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੰਡਨ ਤੇ ਅਮਰੀਕਾ ਵਿਚ ਦੋ ਵੱਖੋ-ਵੱਖ ਸਰੂਪ ਵਿਕੇ ਜਾਂ ਇਕ ਹੀ ਸਰੂਪ ਦੋ ਵਾਰ ਵਿਕਿਆ ਜਾਂ ਕੋਈ ਥਾਂ ਨੂੰ ਲੈ ਕੇ ਭੁਲੇਖਾ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਇਸ ਮਾਮਲੇ ਦੀ ਜਾਂਚ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ ਜੋ ਪੂਰੀ ਰਿਪੋਰਟ ਤਿਆਰ ਕਰੇਗੀ ਕਿ ਫੌਜ ਕੀ ਕੁੱਝ ਲੈ ਗਈ ਸੀ, ਕੀ ਕੁੱਝ ਮੋੜ ਦਿੱਤਾ, ਕੀ ਕੁਝ ਆਉਣਾ ਬਾਕੀ ਹੈ, ਕੀ ਕੁਝ ਲਾਇਬਰੇਰੀ ‘ਚ ਪਹੁੰਚਿਆ ਤੇ ਕੀ ਕੁੱਝ ਲਾਇਬਰੇਰੀ ਤੋਂ ਬਾਹਰ ਹੀ ਵਿਦੇਸ਼ਾਂ ਵਿਚ ਵਿਕਿਆ ਤੇ ਇਸ ਪਿੱਛੇ ਕੌਣ ਹੈ। ਇਸ ਸਭ ਦੀ ਜਾਂਚ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਜਾਂਚ ਲਈ ਜੋ ਪੰਜ ਮੈਂਬਰੀ ਕਮੇਟੀ ਬਣਾਈ ਹੈ, ਉਸ ਵਿਚ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਸਾਬਕਾ ਸਕੱਤਰ ਦਲਮੇਘ ਸਿੰਘ, ਮੌਜੂਦਾ ਸਕੱਤਰ ਰੂਪ ਸਿੰਘ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਡਾ. ਅਮਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸਿੱਖ ਭਾਈਚਾਰੇ ਵਿਚ ਜਿੱਥੇ ਇਸ ਗੱਲ ਨੂੰ ਲੈ ਕੇ ਫਿਕਰ ਪਾਇਆ ਜਾ ਰਿਹਾ ਹੈ, ਕਿ ਇਹ ਸਭ ਕੁਝ ਕਿਵੇਂ ਹੋ ਗਿਆ, ਉਥੇ ਹੀ ਸਿੱਖ ਵਿਦਵਾਨਾਂ ਦਾ, ਸਿੱਖ ਸੰਗਠਨਾਂ ਦਾ ਤੇ ਕੁਝ ਰਾਜਨੀਤਿਕ ਸਿੱਖ ਸੰਗਠਨਾਂ ਦਾ ਵੀ ਇਹੋ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਤੇ ਇਸ ਲਈ ਚੰਗਾ ਹੁੰਦਾ ਜੇ ਸ਼੍ਰੋਮਣੀ ਕਮੇਟੀ ਰਿਟਾਇਰਡ ਸਿੱਖ ਜੱਜਾਂ ਦਾ ਇਕ ਪੈਨਲ ਬਣਾਉਂਦੀ ਨਾ ਕਿ ਖੁਦ ਜਾਂਚ ਕਰਦੀ ਕਿਉਂਕਿ ਜਾਂਚ 1984 ਤੋਂ ਲੈ ਕੇ 2019 ਤੱਕ ਦੀ ਹੋਣੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਤੇ ਸਕੱਤਰ ਜਾਂਚ ਕਮੇਟੀ ਵਿਚ ਸ਼ਾਮਲ ਹਨ ਉਨ੍ਹਾਂ ਦੇ ਕਾਰਜਕਾਲ ਦੀ ਵੀ ਜਾਂਚ ਹੋਣੀ ਹੈ ਤੇ ਜੇਕਰ ਸ਼੍ਰੋਮਣੀ ਕਮੇਟੀ ਖੁਦ ਹੀ ਇਸ ਮਾਮਲੇ ਵਿਚ ਧਿਰ ਹੈ ਫਿਰ ਉਹ ਆਪਣੇ ਗੁਨਾਹਾਂ ਦੀ ਆਪ ਹੀ ਨਿਰਪੱਖ ਜਾਂਚ ਕਿਸ ਤਰ੍ਹਾਂ ਕਰ ਸਕੇਗੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …