ਕਾਂਗਰਸ ਦੇ ਸੂਬਾਈ ਪ੍ਰਧਾਨ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਪੰਜਾਬ ਦੀ ਖੇਤੀ ਨੂੰ ਤਬਾਹ ਕਰਨ ਦਾ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ-ਠਾਕ ਹੈ। ਪਾਰਟੀ ਵੱਲੋਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਇਕਜੁੱਟ ਹੋ ਕੇ ਲੜੀ ਜਾ ਰਹੀ ਹੈ ਅਤੇ ਪਾਰਟੀ ਜ਼ਿਮਨੀ ਚੋਣ ਵਿੱਚ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰੇਗੀ। ਚੰਡੀਗੜ੍ਹ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ‘ਹਲਕਾ ਕੋਆਰਡੀਨੇਟਰਾਂ’ ਦੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਪਾਰਟੀ ਆਗੂਆਂ ਨੂੰ ਕਾਂਗਰਸ ਵਿੱਚ ਦੁਬਾਰਾ ਸ਼ਾਮਲ ਕਰਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਮੁੱਦੇ ‘ਤੇ ਕੋਈ ਮਤਭੇਦ ਨਹੀਂ ਹਨ ਅਤੇ ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਹੈ। ਵੜਿੰਗ ਨੇ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਇਤਰਾਜ਼ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਕਿ ਇਹ ਪੰਜਾਬ ਦੀ ਖੇਤੀ ਅਰਥਵਿਵਸਥਾ ਨੂੰ ਤਬਾਹ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ‘ਲੈਂਡ ਪੂਲਿੰਗ’ ਨੀਤੀ ਸਿਰਫ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ 24,000 ਏਕੜ ਖੇਤੀਬਾੜੀ ਜ਼ਮੀਨ ਐਕੁਆਇਰ ਕਰਨ ਨਾਲ ਸੂਬੇ ਦੀ ਖੇਤੀ ਆਰਥਿਕਤਾ ਹਿੱਲ ਜਾਵੇਗੀ, ਜੋ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨੀਤੀ ਦੀ ਅਸਲ ਵਿੱਚ ਕੋਈ ਲੋੜ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਸਬੰਧੀ ਝੂਠੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤਾਵਰ ਤੋਂ ਪਤਾ ਲਗਦਾ ਹੈ ਕਿ ਤਸਕਰ ਨਾ ਸਿਰਫ਼ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ, ਸਗੋਂ ਉਹ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ਵਾਲੇ ਸਾਬਕਾ ਫੌਜੀ ਨੂੰ ਕੁੱਟਣ ਦੀ ਹਿੰਮਤ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਨਾਲ ਆਪਣਾ ਸਿਰ ਝੁਕਾ ਲੈਣਾ ਚਾਹੀਦਾ ਹੈ।
‘ਬਿੱਟੂ ਤੇ ਜਾਖੜ ਪਹਿਲਾਂ ਕਾਂਗਰਸ ਨੂੰ ਖਾ ਗਏ, ਹੁਣ ਭਾਜਪਾ ਦਾ ਸੁਪੜਾ ਸਾਫ਼ ਕਰਨਗੇ’
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਨਜ਼ਦੀਕੀ ਸਾਥੀ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਨੂੰ ਮਿਲਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਸੁਨੀਲ ਜਾਖੜ ਕਾਂਗਰਸ ਵਿੱਚ ਸਨ ਤਾਂ ਉਹ ਪਾਰਟੀ ਨੂੰ ਖਾ ਗਏ ਅਤੇ ਸਾਡੀ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ 18 ਵਿਧਾਇਕਾਂ ਤੱਕ ਸਿਮਟ ਕੇ ਰਹਿ ਗਈ ਅਤੇ ਹੁਣ ਦੋਵੇਂ ਆਗੂ ਭਾਜਪਾ ਵਿਚ ਚਲੇ ਗਏ ਜਿੱਥੇ ਜਾ ਕੇ ਉਹ ਇਸ ਪਾਰਟੀ ਦਾ ਸੂਪੜਾ ਸਾਫ਼ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਿੱਟੂ ਤੇ ਜਾਖੜ ਜਦੋਂ ਦੇ ਭਾਜਪਾ ਵਿੱਚ ਗਏ ਹਨ ਅਤੇ ਪਾਰਟੀ ਦੇ 26 ਸਾਲਾਂ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿਚ ਭਾਜਪਾ ਦਾ ਇੱਕ ਵੀ ਲੋਕ ਸਭਾ ਮੈਂਬਰ ਨਹੀਂ ਜਿੱਤ ਸਕਿਆ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਸਾਹਨੇਵਾਲ ਤੋਂ ਇੰਚਾਰਜ ਵਿਕਰਮ ਸਿੰਘ ਬਾਜਵਾ ਮੌਜੂਦ ਸਨ।