ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸ਼ਾਹਕੋਟ ਵਿਚ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਐਫਆਈਆਰ ਦਰਜ ਕਰਵਾਉਣ ਪਿੱਛੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਮਿਲੀਭੁਗਤ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਲਾਡੀ ਵਿਰੁੱਧ ਕੇਸ ਦਰਜ ਕਰਨ ਵਾਲੇ ਐਸਐਚਓ ਪਰਮਿੰਦਰ ਸਿੰਘ ਬਾਜਵਾ ਅਤੇ ਇਸ ਮਾਮਲੇ ਵਿਚ ਸ਼ਾਮਲ ਸਿਆਸਤਦਾਨਾਂ ਦੀ ਭੂਮਿਕਾ ਦੀ ઠਜਾਂਚ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਐਸਐਚਓ ਨੂੰ ਤਤਕਾਲੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਤਬਦੀਲ ਕਰਵਾ ਦਿੱਤਾ ਸੀ ਪਰ ਮੁੜ ਉਸ ਦੀ ਹਲਕੇ ਵਿਚ ਤਾਇਨਾਤੀ ਹੋ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚੋਂ ਬਦਲੀ ਹੋਣ ਕਾਰਨ ਐਸਐਚਓ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਦੇ ਸੰਪਰਕ ਵਿੱਚ ਸੀ ਤੇ ਦੋਵੇਂ ਆਗੁਆਂ ਨੇ ਉਸ ਨੂੰ ਵਾਰੋ-ਵਾਰੀ ਫੋਨ ਰਾਹੀਂ ਸੰਪਰਕ ਕੀਤਾ। ਉਨ੍ਹਾਂ ਮੁਤਾਬਕ ਚੋਣ ਕਮਿਸ਼ਨ ਨੇ ਪੁਲਿਸ ਨੂੰ ਸਿਰਫ਼ ਲਾਡੀ ਵਿਰੁੱਧ ਸ਼ਿਕਾਇਤ ਦੀ ਜਾਂਚ ਕਰਨ ਲਈ ਆਖਿਆ ਸੀ ਪਰ ਐਸਐਚਓ ਨੇ ਕਾਹਲੀ ਵਿੱਚ ਅਣਕਿਆਸੀ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕਰ ਦਿੱਤੀ।
ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਤਹਿਤ ਪਰਚਾ ਦਰਜ ਕੀਤਾ: ਥਾਣੇਦਾਰ ਬਾਜਵਾ
ਜਲੰਧਰ :ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕਰਨ ਵਾਲੇ ਐੱਸ.ਐੱਚ.ਓ. ਪਰਮਿੰਦਰ ਸਿੰਘ ਬਾਜਵਾ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਦਾ ਜਵਾਬ ਦਿੱਤਾ। ਪਰਮਿੰਦਰ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ઠਪ੍ਰੈਸ ਕਾਨਫਰੰਸ ਕਰਕੇ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ। ਨਾਲ ਹੀ ਬਾਜਵਾ ਨੇ ਆਪਣੇ ਸੀਨੀਅਰਾਂ ਅਫਸਰਾਂ ਦੀਆਂ ਦਿੱਤੀਆਂ ਸਾਰੀਆਂ ਸਫ਼ਾਈਆਂ ਨੂੰ ਵੀ ਝੂਠ ਦੱਸਦਿਆਂ ਕਿਹਾ ਕਿ ਉਸ ਨੇ ਬਿਲਕੁਲ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਪਰਚਾ ਦਰਜਾ ਕੀਤਾ ਗਿਆ ਹੈ।
ਸੁਖਪਾਲ ਖਹਿਰਾ ਨੇ ਕੈਪਟਨ ਦੇ ਦੋਸ਼ਾਂ ਨੂੰ ਨਕਾਰਿਆ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਸ਼ਾਹਕੋਟ ਤੋਂ ਉਮੀਦਵਾਰ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਵਾਉਣ ਲਈ ਉਨ੍ਹਾਂ (ਖਹਿਰਾ) ઠਅਤੇ ਸਾਬਕਾ ਅਕਾਲੀ ਮੰਤਰੀ ਡਾ. ਦਲਜੀਤ ਚੀਮਾ ਉਪਰ ਸਾਜ਼ਿਸ਼ ਘੜਨ ਦੇ ਲਾਏ ਦੋਸ਼ ਪੂਰੀ ਤਰ੍ਹਾਂ ਨਾਲ ਝੂਠੇ ਹਨ।
ਕੈਪਟਨ ਐੱਸਐੱਚਓ ਦੀਆਂ ਫੋਨ ਕਾਲਾਂ ਦੇ ਵੇਰਵੇ ਜਨਤਕ ਕਰਨ: ਚੀਮਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਐਲਾਨ ਵਾਲੇ ਦਿਨ ਤੋਂ ਲੈ ਕੇ ਮਹਿਤਪੁਰ ਦੇ ਐੱਸਐੱਚਓ ਵੱਲੋਂ ਕੀਤੀਆਂ ਅਤੇ ਸੁਣੀਆਂ ਗਈਆਂ ਸਾਰੀਆਂ ਕਾਲਾਂ ਦੇ ਵੇਰਵੇ ਜਨਤਕ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਕੈਪਟਨ ਆਪਣੇ ਸਿਆਸੀ ਵਿਰੋਧੀਆਂ, ਸਰਕਾਰੀ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਦੇ ਫੋਨ ਟੈਪ ਕਰਨ ਵਰਗੀ ਘਟੀਆ ਹਰਕਤ ਉੱਤੇ ਉਤਰ ਆਏ ਹਨ ਤਾਂ ਮੁੱਖ ਮੰਤਰੀ ਨੂੰ ਉਨ੍ਹਾਂ ਫੋਨ ਕਾਲਾਂ ઠਦਾ ਵੇਰਵਾ ਵੀ ਜਨਤਕ ਕਰਨਾ ਚਾਹੀਦਾ ਹੈ, ਜਿਹੜੀਆਂ ਰੇਤ ਮਾਈਨਿੰਗ ਦੇ ਸਰਗਨਿਆਂ ਵੱਲੋਂ ਐੱਸਐੱਚਓ ਨੂੰ ਧਮਕਾਉਣ ਲਈ ਕੀਤੀਆਂ ਗਈਆਂ ਸਨ।
Check Also
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ
20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …