Breaking News
Home / ਪੰਜਾਬ / ਮਜੀਠੀਆ ਦੇ ਪੀਏ ਦੀ ਸਿਫ਼ਾਰਸ਼ ‘ਤੇ ਪਾਕਿਸਤਾਨ ਗਈ ਸੀ ਕਿਰਨ ਬਾਲਾ

ਮਜੀਠੀਆ ਦੇ ਪੀਏ ਦੀ ਸਿਫ਼ਾਰਸ਼ ‘ਤੇ ਪਾਕਿਸਤਾਨ ਗਈ ਸੀ ਕਿਰਨ ਬਾਲਾ

ਕਮੇਟੀ ਨੂੰ ਸੌਂਪੇ ਦਸਤਾਵੇਜ਼ਾਂ ਵਿਚ ਸਿਫਾਰਸ਼ੀ ਪੱਤਰ ਵੀ ਸ਼ਾਮਲ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਜੱਥੇ ਨਾਲ ਹੁਸ਼ਿਆਰਪੁਰ ਦੀ ਕਿਰਨ ਬਾਲਾ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੀਏ ਦੀ ਸਿਫ਼ਾਰਸ਼ ‘ਤੇ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਐੱਸਜੀਪੀਸੀ ਦੀ ਕਮੇਟੀ ਨੇ ਘਟਨਾਕ੍ਰਮ ਨਾਲ ਸਬੰਧਿਤ ਸਾਰੇ ਰਿਕਾਰਡ ਦੀ ਜਾਂਚ ਕੀਤੀ ਹੈ। ਕਮੇਟੀ ਦੀ ਬੈਠਕ ਵਿਚ ਜੋ ਰਿਕਾਰਡ ਪੇਸ਼ ਕੀਤਾ ਗਿਆ ਹੈ, ਉਸ ਵਿਚ ਉਹ ਦਸਤਾਵੇਜ਼ ਵੀ ਸ਼ਾਮਿਲ ਹਨ, ਜਿਸ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ 23 ਜਨਵਰੀ 2018 ਨੂੰ ਐੱਸਜੀਪੀਸੀ ਦੇ ਯਾਤਰਾ ਵਿਭਾਗ ਮੈਨੇਜਰ ਨੂੰ ਲਿਖਿਆ ਹੈ ਕਿ ਤਲਬੀਰ ਸਿੰਘ ਗਿੱਲ ਨੇ ਕਿਰਨ ਬਾਲਾ ਨੂੰ ਜੱਥੇ ਵਿਚ ਸ਼ਾਮਿਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਾਂਚ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਅਜਿਹੇ ਦਸਤਾਵੇਜ਼ ਜਾਂਚ ਕਮੇਟੀ ਕੋਲ ਹੋਣ ਦੀ ਪੁਸ਼ਟੀ ਕੀਤੀ ਹੈ। ਸੰਯੋਗਵੱਸ ਤਲਬੀਰ ਸਿੰਘ ਗਿੱਲ ਸਾਬਕਾ ਅਕਾਲੀ ਮੰਤਰੀ ਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦਾ ਪੀਏ ਹੈ। ਇਸ ਬਾਰੇ ਤਲਬੀਰ ਸਿੰਘ ਤੇ ਸੁਲੱਖਣ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਜ਼ਿਕਰਯੋਗ ਹੈ ਕਿ ਕਿਰਨ ਬਾਲਾ ਐੱਸਜੀਪੀਸੀ ਦੇ ਜਥੇ ਵਿਚ 12 ਅਪ੍ਰੈਲ ਨੂੰ ਪਾਕਿਸਤਾਨ ਗਈ ਸੀ। 16 ਅਪ੍ਰੈਲ ਨੂੰ ਉਹ ਜਥੇ ਤੋਂ ਵੱਖ ਹੋ ਗਈ ਅਤੇ ਉਸ ਨੇ ਧਰਮ ਬਦਲ ਕੇ ਪਾਕਿਸਤਾਨ ਨਿਵਾਸੀ ਨੌਜਵਾਨ ਨਾਲ ਨਿਕਾਹ ਕਰਵਾ ਲਿਆ। ਉਹ ਹੁਣ ਵੀ ਪਾਕਿਸਤਾਨ ਵਿਚ ਹੀ ਹੈ।
ਮੁੜ ਰਿਕਾਰਡ ਖੰਗਾਲੇਗੀ ਕਮੇਟੀ : ਸੁਲੱਖਣ ਸਿੰਘ ਭੰਗਾਲੀ ਨੇ ਕਿਰਨ ਬਾਲਾ ਨੂੰ ਜੱਥੇ ਵਿਚ ਭੇਜਣ ਦੀ ਸਿਫ਼ਾਰਸ਼ ਉਸ ਦੇ ਆਧਾਰ ਕਾਰਡ ਦੀ ਫੋਟੋ ਕਾਪੀ ‘ਤੇ ਕੀਤੀ ਹੈ। ਇਸ ‘ਤੇ ਕਿਰਨ ਬਾਲਾ ਦੇ ਪਤੀ ਦਾ ਨਾਂ ਨਰਿੰਦਰ ਸਿੰਘ ਦਰਜ ਹੈ ਅਤੇ ਪਤਾ ਗੜ੍ਹਸ਼ੰਕਰ ਹੁਸ਼ਿਆਰਪੁਰ ਦਾ ਹੈ। ਜਾਂਚ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਉਨ੍ਹਾਂ ਕੋਲ ਜਾਂਚ ਲਈ ਜੋ ਦਸਤਾਵੇਜ਼ ਪਹੁੰਚੇ ਹਨ, ਉਨ੍ਹਾਂ ਵਿਚ ਸੁਲੱਖਣ ਸਿੰਘ ਭੰਗਾਲੀ ਦੀ ਸਿਫ਼ਾਰਸ਼ ਵਾਲੇ ਕਿਰਨ ਬਾਲਾ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਕਿਰਨ ਬਾਲਾ ਨੂੰ ਜੱਥੇ ਵਿਚ ਸ਼ਾਮਿਲ ਕਰਨ ਦੀ ਸਿਫ਼ਾਰਸ਼ ਤਲਬੀਰ ਸਿੰਘ ਗਿੱਲ ਨੇ ਕੀਤੀ ਹੈ। ਹੁਣ ਇਸ ਮਾਮਲੇ ‘ਤੇ ਐੱਸਜੀਪੀਸੀ ਦੀ ਜਾਂਚ ਕਮੇਟੀ 13 ਜਾਂ 14 ਮਈ ਨੂੰ ਦੁਬਾਰਾ ਰਿਕਾਰਡ ਖੰਗਾਲੇਗੀ। ਇਸ ਵਿਚ ਇਹ ਪਤਾ ਲਗਾਇਆ ਜਾਵੇਗਾ ਕਿ ਐੱਸਜੀਪੀਸੀ ਦੇ ਕਿਹੜੇ-ਕਿਹੜੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ।
ਸਰਾਂ ‘ਚ ਰੁਕਣ ਦੇ ਮਾਮਲੇ ਦੀ ਵੀ ਜਾਂਚ ਸ਼ੁਰੂ : ਸਿਆਲਕਾ ਨੇ ਕਿਹਾ ਕਿ ਕਮੇਟੀ ਕਿਰਨ ਬਾਲਾ ਦੇ ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ ਵਿਚ ਰੁਕਣ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਮਾਮਲਾ ਗੰਭੀਰ ਹੈ, ਇਸ ਲਈ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਾਕਿਸਤਾਨ ਵੱਲੋਂ ਕਿਰਨ ਬਾਲਾ ਦੀ ਵੀਜ਼ਾ ਮਿਆਦ ਵਧਾਉਣਾ ਸਹੀ ਨਹੀਂ ਹੈ। ਐੱਸਜੀਪੀਸੀ ਦਾ ਨਿਯਮ ਹੈ ਕਿ ਉਹ ਕਿਸੇ ਇਕੱਲੀ ਔਰਤ ਨੂੰ ਕਮਰਾ ਨਹੀਂ ਦਿੰਦੀ। ਇਸ ਦੇ ਬਾਵਜੂਦ ਕਿਰਨ ਬਾਲਾ ਨੂੰ ਕਮਰਾ ਦਿੱਤਾ ਗਿਆ। ਜੱਥੇ ਨਾਲ ਵੀ ਇਕੱਲੀ ਮਹਿਲਾ ਨੂੰ ਨਹੀਂ ਭੇਜਿਆ ਜਾਂਦਾ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …