ਸ਼ਾਹਕੋਟ ਉਪ ਚੋਣ ‘ਚ ਕਾਂਗਰਸ ਦੇ ਉਮੀਦਵਾਰ ਲਾਡੀ ਦੇ ਖਿਲਾਫ਼ ਨਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਵੱਡੇ ਪੁਲਿਸ ਅਫ਼ਸਰ ਚਾਹੁੰਦੇ ਹੋਏ ਵੀ ਕੁਝ ਬੋਲ ਨਹੀਂ ਪਾ ਰਹੇ। ਇਥੋਂ ਤੱਕ ਕਿ ਬਾਜਵਾ ਦਾ ਅਸਤੀਫ਼ਾ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਲੰਬੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਇਹ ਸਭ ਇਸ ਲਈ ਕਿਉਂਕਿ ਇਕ ਤਾਂ ਬਾਜਵਾ ਦੀ ਤਾਇਨਾਤੀ ਚੋਣ ਕਮਿਸ਼ਨਰ ਨੇ ਕੀਤੀ ਹੈ ਅਤੇ ਕਮਿਸ਼ਨ ਨੇ ਹੀ ਇਸ ਮਾਮਲੇ ‘ਚ 24 ਘੰਟੇ ‘ਚ ਜਾਂਚ ਕਰਕੇ ਰਿਪੋਰਟ ਦੇ ਹੁਕਮ ਜਾਰੀ ਕੀਤੇ ਸਨ। ਦੂਜਾ ਇਹ ਕੇਸ ਪੁਲਿਸ ਵੱਲੋਂ ਹੀ ਦਰਜ ਕੀਤਾ ਗਿਆ ਹੈ। ਅਜਿਹੇ ‘ਚ ਪੁਲਿਸ ਅਫ਼ਸਰ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਝੂਠਾ ਕੇਸ ਦਰਜ ਕੀਤਾ ਹੈ। ਇਸ ਲਈ ਐਫਆਈਆਰ ਕੈਂਸਲ ਕਰਨ ਦੇ ਰਾਜਨੀਤਿਕ ਦਬਾਅ ਦੇ ਬਾਵਜੂਦ ਪੁਲਿਸ ਅਫ਼ਸਰ ਸਿਰਫ਼ ਜਾਂਚ ਕਰਵਾਉਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੇ ਹਨ।
‘ਆਪ’ ਨੇ ਭਗਵੰਤ ਮਾਨ ਨੂੰ ਬਣਾਇਆ ਪ੍ਰਧਾਨ
‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਾਨਹਾਨੀ ਮਾਮਲੇ ‘ਚ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਨਾਰਾਜ਼ ਭਗਵੰਤ ਮਾਨ ਨੂੰ ਪਾਰਟੀ ਨੇ ਜਬਰਦਸਤੀ ਪੰਜਾਬ ਪ੍ਰਧਾਨ ਬਣਾ ਦਿੱਤਾ ਹੈ। ਹਾਲਾਂਕਿ ਮਾਨ ਅਸਤੀਫ਼ਾ ਦੇ ਚੁੱਕੇ ਹਨ ਪ੍ਰੰਤੂ ਲੰਘੇ ਦਿਨੀਂ ਪੰਜਾਬ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਦਾ ਕਹਿਣਾ ਹੈ ਕਿ ਭਗਵੰਤ ਮਾਨ ਦਾ ਅਸਤੀਫ਼ਾ ਮਨਜ਼ੂਰ ਹੀ ਨਹੀਂ ਕੀਤਾ ਗਿਆ ਅਤੇ ਭਗਵੰਤ ਮਾਨ ਹੀ ਪੰਜਾਬ ਇਕਾਈ ਦੇ ਪ੍ਰਧਾਨ ਹਨ। ਅਸਲ ‘ਚ ਪਾਰਟੀ ਨੂੰ ਭਗਵੰਤ ਮਾਨ ਦੇ ਕੱਦ ਦਾ ਕੋਈ ਅਜਿਹਾ ਨੇਤਾ ਅਜੇ ਤੱਕ ਨਹੀਂ ਮਿਲਿਆ, ਜਿਸ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕੇ। ਅਜਿਹੇ ‘ਚ ਸ਼ਾਹਕੋਟ ਉਪ ਚੋਣ ਦੇ ਚਲਦੇ ਪਾਰਟੀ ਭਗਵੰਤ ਮਾਨ ਨੂੰ ਲਗਭਗ ਡੇਢ ਮਹੀਨੇ ਦੀ ਛੁੱਟੀ ‘ਤੇ ਭੇਜ ਕੇ ਪੰਜਾਬ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੇ ਨਾਂ ਦਾ ਇਸਤੇਮਾਲ ਕਰ ਰਹੀ ਹੈ। ਇਸ ਸਬੰਧੀ ਭਗਵੰਤ ਮਾਨ ਚੁੱਪ ਧਾਰੀ ਹੋਈ ਹੈ।
Check Also
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਪੈਣਗੀਆਂ ਵੋਟਾਂ
23 ਜੂਨ ਨੂੰ ਐਲਾਨਿਆ ਜਾਵੇਗਾ ਨਤੀਜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ …