ਕਾਰਲ ਮਾਰਕਸ ਦੀ ਦੋ ਸੌ ਸਾਲਾ ਵਰ੍ਹੇਗੰਢ ਨੂੰ ਸਮਰਪਿਤ ਕਰਵਾਈ ਵਿਚਾਰ-ਚਰਚਾ
ਜਲੰਧਰ/ਬਿਊਰੋ ਨਿਊਜ਼ : ”ਜੇਕਰ ਪੰਜਾਬ ਵਿੱਚੋਂ ਲੋਕ ਬਾਹਰਲੇ ਮੁਲਕਾਂ ਵਿੱਚ ਪਰਵਾਸ ਨਾ ਕਰਦੇ ਤਾਂ ਇੱਥੇ ਖ਼ੁਦਕੁਸ਼ੀਆਂ ਦੀ ਗਿਣਤੀ ਹੁਣ ਨਾਲੋਂ ਦੁੱਗਣੀ ਹੋਣੀ ਸੀ।” ਇਹ ਗੱਲ ਪੱਤਰਕਾਰ ਡਾ. ਪੀ. ਸਾਈਨਾਥ ਨੇ ਇੱਥੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਲ ਮਾਰਕਸ ਦੀ ਦੋ ਸੌ ਸਾਲਾ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ-ਚਰਚਾ ਦੌਰਾਨ ਕਹੀ। ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ. ਸੁਖਪਾਲ ਵੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਪੀ. ਸਾਈਨਾਥ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਆਰਥਿਕ ਅਤੇ ਖੇਤੀ ਸੰਕਟ ਦਾ ਕਾਫੀ ਬੋਝ ਚੁੱਕਿਆ ਹੈ ਅਤੇ ਪੰਜਾਬ ਦੇ ਜਿਸ ਖਿੱਤਿਆਂ ਵਿਚੋਂ ਪਰਵਾਸ ਵਧੇਰੇ ਹੋਇਆ ਹੈ ਉੱਥੇ ਖੁਦਕੁਸ਼ੀਆਂ ਦੇ ਮਾਮਲੇ ਬਾਕੀਆਂ ਨਾਲੋਂ ਕਾਫੀ ਘੱਟ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕਿਸਾਨੀ ਸੰਕਟ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਘੱਟੋ-ਘੱਟ 10 ਲੱਖ ਕਿਸਾਨ ਲੋਕ ਸਭਾ ਦਾ ਘਿਰਾਓ ਕਰਨਗੇ ਤਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨੀ ਦੀਆਂ ਸਮੱਸਿਆਵਾਂ ‘ਤੇ ਚਰਚਾ ਕਰਨ ਲਈ 20 ਦਿਨਾਂ ਦਾ ਲੋਕ ਸਭਾ ਦਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ, ਜਿੱਥੇ ਪੀੜਤ ਕਿਸਾਨਾਂ ਨੂੰ ਲਿਆ ਕੇ ਉਨ੍ਹਾਂ ਦੇ ਮੂੰਹੋਂ ਸਮੱਸਿਆਵਾਂ ਸੁਣੀਆਂ ਜਾਣੀਆਂ ਚਾਹੀਦੀਆਂ ਹਨ। ਡਾ. ਪੀ. ਸਾਈਨਾਥ ਨੇ ਕਿਹਾ ਕਿ ਔਰਤ ਨੂੰ ਕਿਸਾਨ ਹੀ ਨਹੀਂ ਮੰਨਿਆ ਜਾ ਰਿਹਾ ਜਦੋਂਕਿ ਔਰਤ ਦੇ ਸਿਰ ਚਹੁੰਤਰਫਾ ਸੰਕਟ ਅਤੇ ਤਣਾਅ ਵਧ ਰਿਹਾ ਹੈ। ਔਰਤ ਨੂੰ ਕਿਸਾਨ ਨਾ ਮੰਨਣ ਕਾਰਨ ਖੁਦਕੁਸ਼ੀਆਂ ਦੇ ਅੰਕੜੇ ਵਿੱਚ ਔਰਤ ਦਾ ਜ਼ਿਕਰ ਤੱਕ ਨਹੀਂ ਹੁੰਦਾ।
ਡਾ. ਪੀ. ਸਾਈਨਾਥ ਨੇ ਵਿਚਾਰ-ਚਰਚਾ ਦੌਰਾਨ ਕਿਹਾ ਕਿ ਸਬੰਧਤ ਯੂਨੀਵਰਸਿਟੀਆਂ ਖੇਤੀ ਵਿਕਾਸ ਜਾਂ ਕਿਸਾਨ ਹਿੱਤ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਵਿੱਚ ਵਾਧੇ ਲਈ ਖੋਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ 32 ਮਿੰਟਾਂ ਬਾਅਦ ਮੁਲਕ ਵਿਚ ਇੱਕ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਰਿਹਾ ਹੈ ਅਤੇ ਬਹੁਤ ਵੱਡਾ ਹਿੱਸਾ ਖ਼ਾਮੋਸ਼ ਬੈਠਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਇਹ ਚੁੱਪ ਨਾ ਤੋੜੀ ਤਾਂ ਪੂਰੇ ਮੁਲਕ ਵਿੱਚ ਧੀਆਂ ਦੀਆਂ ਡੋਲੀਆਂ ਅਤੇ ਬਾਬਲ ਦੀਆਂ ਅਰਥੀਆਂ ਇਕੱਠੀਆਂ ਹੀ ਉਠਣਗੀਆਂ। ਉਨ੍ਹਾਂ ਕਿਹਾ ਕਿ ਹਰ ਸਾਲ 30 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾ ਰਹੇ ਹਨ।
ਵਿਚਾਰ-ਚਰਚਾ ਵਿਚ ਦੂਜੇ ਬੁਲਾਰੇ ਡਾ. ਸੁਖਪਾਲ ਨੇ ਕਿਹਾ ਕਿ ਸਾਡੀਆਂ ਖੇਤੀ ਫਸਲਾਂ ਦੇ ਹਜ਼ਾਰਾਂ ਸਾਲ ਦਾ ਜੋ ਇਤਿਹਾਸ ਹੈ, ਉਸ ਨੂੰ ਵਿਕਸਿਤ ਕਰਨ ਦੀ ਬਜਾਏ ਬਾਹਰੋਂ ਬੀਜ, ਦਵਾਈਆਂ, ਖਾਦਾਂ, ਨਸਲਾਂ ਲਿਆ ਕੇ ਸਾਡੀ ਮਿੱਟੀ ਨਾਲ ਜੁੜੇ ਵਰਤਾਰਿਆਂ ਦਾ ਗਲ ਘੁੱਟਿਆ ਗਿਆ। ਅਜਿਹੀਆਂ ਨਵੀਆਂ ਨੀਤੀਆਂ ਨੇ ਖੇਤੀ ਖੇਤਰ ਨੂੰ ਤਬਾਹੀ ਵੱਲ ਧੱਕ ਦਿੱਤਾ। ਨਤੀਜੇ ਵਜੋਂ ਕਰਜ਼ੇ ਅਤੇ ਖੁਦਕੁਸ਼ੀਆਂ ਵਧ ਗਈਆਂ।
ਹਰੇਕ ਸਾਲ ਵਧਦਾ ਕਿਸਾਨੀ ਕਰਜ਼ਾ ਹੁਣ ਇੱਕ ਲੱਖ ਕਰੋੜ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਵਿਆਹਾਂ ਆਦਿ ‘ਤੇ ਫਜ਼ੂਲ ਖਰਚੀ ਨੂੰ ਹੀ ਕਰਜ਼ੇ ਦਾ ਇੱਕੋ-ਇਕ ਕਾਰਨ ਦੱਸਣਾ, ਅਸਲ ਕਾਰਨ ਤੋਂ ਧਿਆਨ ਪਾਸੇ ਕਰਨਾ ਹੈ।
ਵਿਚਾਰ-ਚਰਚਾ ਵਿਚ ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਜੁਆਇੰਟ ਸਕੱਤਰ ਡਾ. ਪਰਮਿੰਦਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ ਅਤੇ ਜਗਰੂਪ ਆਦਿ ਹਾਜ਼ਰ ਸਨ।