Breaking News
Home / ਪੰਜਾਬ / ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਰਿਸ ਸ਼ਾਹ ਦੀ 300ਵੀਂ ਵਰ੍ਹੇਗੰਢ ਮਨਾਈ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਰਿਸ ਸ਼ਾਹ ਦੀ 300ਵੀਂ ਵਰ੍ਹੇਗੰਢ ਮਨਾਈ

ਸੁਰਜੀਤ ਪਾਤਰ ਨੂੰ ‘ਵਾਰਿਸ ਸ਼ਾਹ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੁਖਨ ਦੇ ਵਾਰਿਸ ਸੱਯਦ ਵਾਰਿਸ ਸ਼ਾਹ ਦੀ 300ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ‘ਵਾਰਿਸ ਸ਼ਾਹ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਸੁਮੇਲ ਸਿੰਘ ਸਿੱਧੂ ਨੇ ਵਾਰਿਸ ਸ਼ਾਹ ਦੀ ‘ਹੀਰ’ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮੁਕੱਦਸ ਦੱਸਦਿਆਂ ਕਿਹਾ ਕਿ ਵਾਰਿਸ ਦੀ ‘ਹੀਰ’ ਸਾਨੂੰ ਉਸ ਜ਼ਿੰਦਗੀ ਵੱਲ ਲਿਜਾਂਦੀ ਹੈ, ਜੋ ਪੰਜਾਬੀਆਂ ਦੀ ਅਸਲ ਜ਼ਿੰਦਗੀ ਹੈ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵਾਰਿਸ ਦੀ ‘ਹੀਰ’ ਵੱਲ ਪਰਤਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਹੀਰ’ ਕਦੇ ਸੰਪੂਰਨ ਨਹੀਂ ਹੋ ਸਕਦੀ। ਇਸ ਨੂੰ ਇਕ ਵਾਰ ਨਹੀਂ ਸਗੋਂ ਹਜ਼ਾਰਾਂ ਵਾਰ ਪੜ੍ਹਨ ਦੀ ਜ਼ਰੂਰਤ ਹੈ।
ਇਸ ਮੌਕੇ ਸੁਰਜੀਤ ਪਾਤਰ ਨੇ ਪੰਜਾਬ ਦੀ ਧਰਤੀ ਨੂੰ ਦੁਨੀਆ ਦੀ ਸਭ ਤੋਂ ਵੱਧ ਗਾਉਣ ਵਾਲੀ ਧਰਤੀ ਦਸਦਿਆਂ ਕਿਹਾ ਕਿ ਪੰਜਾਬ ਉਸ ਫਲਸਫੇ ਦਾ ਨਾਂ ਹੈ, ਜਿੱਥੇ ਸੁੱਚੀ ਸੋਚ ਦੇ ਦਰਿਆ ਵਗਦੇ ਹਨ। ਉਨ੍ਹਾਂ ਕਿਹਾ ਕਿ ਸੰਗੀਤ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਦੁਨੀਆ ਵਿਚ ਮਨੁੱਖ ਅੰਦਰੋ ਇੱਕ ਹੈ। ਨਾਟਕਕਾਰ ਜਤਿੰਦਰ ਸਿੰਘ ਬਰਾੜ ਨੇ ਕਿਹਾ ਕਿ ‘ਹੀਰ’ ਅੱਜ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਆਪਸ ‘ਚ ਜੋੜ ਰਹੀ ਹੈ।
ਉਨ੍ਹਾਂ ਯੂਨੀਵਰਸਿਟੀ ਨੂੰ ਇਸ ਸਮਾਗਮ ਲਈ ਉਪਰਾਲਾ ਕਰਨ ‘ਤੇ ਵਧਾਈ ਦਿੱਤੀ।
ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਹੀਰ ਵਾਰਿਸ ਸ਼ਾਹ ਦਾ ਕਿੱਸਾ ਹੀ ਨਹੀਂ ਹੈ ਸਗੋਂ ਇਹ 18ਵੀਂ ਸਦੀਂ ਦਾ ਉਹ ਇਤਿਹਾਸਕ, ਸੱਭਿਆਚਾਰਕ, ਧਾਰਮਿਕ, ਸਮਾਜਿਕ, ਭੂਗੋਲਿਕ ਅਤੇ ਭਾਸ਼ਾਈ ਦਸਤਾਵੇਜ਼ ਹੈ ਜੋ ਆਉਣ ਵਾਲੀਆਂ ਕਈ ਸਦੀਆਂ ਤਕ ਪ੍ਰਭਾਵਿਤ ਕਰਦਾ ਰਹੇਗਾ। ਇਸ ਦੌਰਾਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਵਾਰਿਸ ਸ਼ਾਹ ਦੀ ‘ਹੀਰ’ ਦੇ ਸੌ ਤੋਂ ਵੱਧ ਬੰਦਾਂ ਨੂੰ ਗਾ ਕੇ ਸੁਣਾਇਆ।
ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ, ਡੀਨ ਅਕਾਦਮਿਕ ਮਾਮਲੇ ਸਰਬਜੋਤ ਸਿੰਘ ਬਹਿਲ, ਡੀਨ ਵਿਦਿਆਰਥੀ ਭਲਾਈ ਅਨੀਸ਼ ਦੂਆ ਨੇ ਮਹਿਮਾਨਾਂ ਨੂੰ ਗੁਲਦਸਤੇ ਭੇਟ ਕੀਤੇ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੂੰ ‘ਵਾਰਿਸ ਸ਼ਾਹ ਪੁਰਸਕਾਰ’, ਸ਼੍ਰੋਮਣੀ ਨਾਟਕਕਾਰ ਜਤਿੰਦਰ ਸਿੰਘ ਬਰਾੜ ਤੇ ਡਾ.ਲਖਵਿੰਦਰ ਸਿੰਘ ਜੌਹਲ ਦਾ ਫੁਲਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਕਾਫੀ ਟੇਬਲ ਬੁੱਕ ਨਾਲ ਸਨਮਾਨ ਕੀਤਾ ਗਿਆ।

Check Also

ਦਿਲਰੋਜ਼ ਨੂੰ ਜਿੰਦਾ ਦਫ਼ਨਾਉਣ ਵਾਲੀ ਨੀਲਮ ਨੂੰ ਲੁਧਿਆਣਾ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

ਆਰੋਪੀ ਨੀਲਮ ਨੇ ਸਾਲ 2021 ’ਚ ਦਿੱਤਾ ਸੀ ਘਟਨਾ ਨੂੰ ਅੰਜ਼ਾਮ ਲੁਧਿਆਣਾ/ਬਿਊਰੋ ਨਿਊਜ਼ : ਢਾਈ …