ਕਾਂਗਰਸ ਦੇ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਹੋਇਆ ਵਾਇਰਲ
ਚੰਡੀਗੜ੍ਹ/ਬਿਊਰੋ ਨਿਊਜ਼
ਬੇਸ਼ੱਕ ਕਾਂਗਰਸ ਹਾਈ ਕਮਾਂਡ ਨੇ ਅਜੇ ਤੱਕ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਪ੍ਰੰਤੂ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਬਾਲੀਵੁੱਡ ਅਦਾਕਾਰ ਅਤੇ ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਸੋਨੂੰ ਸੂਦ ਕੀ ਆਖ ਰਹੇ ਨੇ ਕਿ ਅਸਲੀ ਮੁੱਖ ਮੰਤਰੀ ਉਹ ਹੈ ਜਿਸ ਨੂੰ ਜਬਰਦਸਤ ਕੁਰਸੀ ’ਤੇ ਬਿਠਾਇਆ ਗਿਆ ਹੋਵੇ। ਇਸ ਵੀਡੀਓ ਦੀ ਖਾਸ ਗੱਲ ਇਹਹੈ ਕਿ ਸੋਨੂ ਸੂਦ ਦੀ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਖ-ਵੱਖ ਅੰਦਾਜ਼ ’ਚ ਵੀਡੀਓ ਨਾਲ ਜੋੜਿਆ ਗਿਆ ਹੈ। ਇਸ ’ਚ ਚੰਨੀ ਨੂੰ ਵੱਖ-ਵੱਖ ਹਾਵ-ਭਾਵਾਂ ਨਾਲ ਪ੍ਰਭਾਵਸ਼ਾਲੀ ਅੰਦਾਜ਼ ’ਚ ਦਿਖਾਇਆ ਗਿਆ ਹੈ ਅਤੇ ਇਸ ਵੀਡੀਓ ਵਿਚ ਨਵਜੋਤ ਸਿੰਘ ਕਿਤੇ ਵੀ ਨਜ਼ਰ ਨਹੀਂ ਆ ਰਹੇ, ਜਿਸ ਨੂੰ ਨਵਜੋਤ ਸਿੱਧੂ ਲਈ ਇਕ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ। ਇਸ ਵੀਡੀਓ ਦੀ ਅਹਿਮ ਗੱਲ ਇਹ ਹੈ ਕਿ ਇਸ ਵੀਡੀਓ ’ਚ ਇਕ ਪਾਸੇ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਚੋਣ ਲੜਨ ਦਾ ਸੰਕੇਤ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਸਿੱਧੂ ’ਤੇ ਵੀ ਇਸ਼ਾਰਿਆਂ-ਇਸ਼ਾਰਿਆਂ ’ਚ ਨਿਸ਼ਾਨਾ ਸਾਧਿਆ ਗਿਆ ਹੈ।