ਅਧੀਰ ਰੰਜਨ ਚੌਧਰੀ ਨੇ ਸੰਵਿਧਾਨ ’ਚੋਂ ਸਮਾਜਵਾਦੀ ਅਤੇ ਧਰਮਨਿਰਪਖ ਸ਼ਬਦ ਹਟਾਉਣ ਦਾ ਭਾਜਪਾ ’ਤੇ ਲਗਾਇਆ ਆਰੋਪ
![](https://parvasinewspaper.com/wp-content/uploads/2023/09/Adhir-Ranjan-Chaudary.jpg)
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਰਾਜਨੀਤਿਕ ਆਗੂਆਂ ਨੂੰ ਜੋ ਸੰਵਿਧਾਨ ਦੀਆਂ ਨਵੀਆਂ ਕਾਪੀਆਂ ਦਿੱਤੀਆਂ ਗਈਆਂ ਹਨ, ਉਸ ਵਿਚ ਸਮਾਜਵਾਦੀ ਅਤੇ ਧਰਮਨਿਰਪੱਖ ਸ਼ਬਦ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਸ਼ਬਦ 1976 ’ਚ ਇਕ ਸੋਧ ਤੋਂ ਬਾਅਦ ਸੰਵਿਧਾਨ ਵਿਚ ਜੋੜੇ ਗਏ ਸਨ ਪ੍ਰੰਤੂ ਜੇਕਰ ਅੱਜ ਸਾਨੂੰ ਕਿਸੇ ਵੱਲੋਂ ਸੰਵਿਧਾਨ ਦਿੱਤਾ ਜਾਂਦਾ ਹੈ ਅਤੇ ਉਸ ਵਿਖ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਦਾ ਨਾ ਹੋਣਾ ਵੱਡੀ ਚਿੰਤਾ ਵਾਲੀ ਗੱਲ ਹੈ। ਅਧੀਰ ਰੰਜਨ ਚੌਧਰੀ ਨੇ ਭਾਜਪਾ ਸਰਕਾਰ ’ਤੇ ਆਰੋਪ ਲਗਾਇਆ ਕਿ ਭਾਜਪਾ ਦੀ ਮਨਸ਼ਾ ਸੰਵਿਧਾਨ ਪ੍ਰਤੀ ਸ਼ੱਕੀ ਹੈ ਅਤੇ ਇਹ ਭਾਜਪਾ ਵੱਲੋਂ ਬੜੀ ਚਲਾਕੀ ਨਾਲ ਕੀਤਾ ਗਿਆ ਹੈ। ਮੇਰੇ ਲਈ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਮੈਂ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੈਨੂੰ ਇਸ ਮੁੱਦੇ ਨੂੰ ਚੁੱਕਣ ਦਾ ਲੋਕ ਸਭਾ ਵਿਚ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸੰਵਿਧਾਨ ਨੂੰ ਪੜ੍ਹ ਰਿਹਾ ਸੀ ਤਾਂ ਇਸ ਵਿਚ ਮੈਨੂੰ ਸਮਾਜਵਾਦੀ ਅਤੇ ਧਰਮਨਿਰਪੱਖ ਦੋਵੇਂ ਸ਼ਬਦ ਨਹੀਂ ਮਿਲੇ। ਮੈਂ ਇਨ੍ਹਾਂ ਨੂੰ ਆਪਣੇ ਕੋਲੋਂ ਜੋੜ ਕੇ ਪੜ੍ਹਿਆ ਅਤੇ ਇਹ ਸਭ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਵੀ ਦਿਖਾਇਆ। ਅਧੀਰ ਰੰਜਨ ਚੌਧਰੀ ਨੇ ਅੱਗੇ ਕਿਹਾ ਕਿ ਇਹ ਸਾਡੇ ਸੰਵਿਧਾਨ ਨੂੰ ਜਾਣ-ਬੁੱਝ ਬਦਲਣ ਦੀ ਕੀਤੀ ਗਈ ਕੋਸ਼ਿਸ਼ ਨੂੰ ਦਰਸਾਉਂਦਾ ਹੈ।