ਸੰਨੀ ਦਿਓਲ ਨੇ ਅੰਗਰੇਜ਼ੀ ਵਿਚ ਸਹੁੰ ਚੁੱਕਣ ਨੂੰ ਦਿੱਤੀ ਪਹਿਲ
ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ
ਨਵੀਂ ਦਿੱਲੀ/ਬਿਊਰੋ ਨਿਊਜ਼ : 17ਵੀਂ ਲੋਕ ਸਭਾ ਸ਼ੈਸਨ ਦੇ ਦੂਜੇ ਦਿਨ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦਾ ਸਿਲਸਿਲਾ ਜਾਰੀ ਰਿਹਾ, ਜਿਸ ਦੌਰਾਨ ਭਗਵੰਤ ਮਾਨ, ਸੁਖਬੀਰ ਬਾਦਲ, ਪਰਨੀਤ ਕੌਰ, ਗੁਰਜੀਤ ਸਿੰਘ ਔਜਲਾ, ਚੌਧਰੀ ਸੰਤੋਖ ਸਿੰਘ, ਜਸਵੀਰ ਸਿੰਘ ਡਿੰਪਾ, ਮੁਹੰਮਦ ਸਦੀਕ, ਮੁਨੀਸ਼ ਤਿਵਾੜੀ, ਰਵਨੀਤ ਬਿੱਟੂ ਅਤੇ ਡਾ. ਅਮਰ ਸਿੰਘ ਨੇ ਮਾਂ ਬੋਲੀ ਪੰਜਾਬੀ ਵਿਚ ਸਹੁੰ ਚੁੱਕੀ। ਇਸੇ ਦੌਰਾਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਅੰਗਰੇਜ਼ੀ ਭਾਸ਼ਾ ਵਿਚ ਸਹੁੰ ਚੁੱਕਣ ਲਈ ਤਰਜੀਹ ਦਿੱਤੀ। ਜਦੋਂ ਸੰਨੀ ਦਿਓਲ ਨੇ ਸਹੁੰ ਚੁੱਕੀ ਤਾਂ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਵੀ ਲਗਾਤਾਰ ਮੇਜ਼ ਥਪਥਪਾਉਂਦੀ ਨਜ਼ਰ ਆਈ ਅਤੇ ਉਸ ਦੇ ਚਿਹਰੇ ‘ਤੇ ਵੱਖਰਾ ਹੀ ਸਕੂਨ ਨਜ਼ਰ ਆ ਰਿਹਾ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਕੇਂਦਰੀ ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼ ਨੇ ਵੀ ਮਾਂ ਬੋਲੀ ਪੰਜਾਬੀ ਵਿਚ ਸਹੁੰ ਚੁੱਕੀ ਸੀ। ‘ਆਪ’ ਦੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਹਰਸਿਮਰਤ ਬਾਦਲ ਤੇ ਸੋਮ ਪ੍ਰਕਾਸ਼ ਨੇ ਪੰਜਾਬੀ ਵਿਚ ਚੁੱਕੀ ਸਹੁੰ
ਪੰਜਾਬ ਤੋਂ ਦੋਵੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼ ਨੇ ਮਾਂ ਬੋਲੀ ਪੰਜਾਬੀ ‘ਚ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਲੰਘੀ 30 ਮਈ ਨੂੰ ਇਨ੍ਹਾਂ ਦੋਵਾਂ ਆਗੂਆਂ ਨੇ ਮੰਤਰੀ ਅਹੁਦੇ ਦੀ ਸਹੁੰ ਅੰਗਰੇਜ਼ੀ ਭਾਸ਼ਾ ਵਿਚ ਚੁੱਕੀ ਸੀ, ਜਿਸ ਦੀ ਕਾਫ਼ੀ ਆਲੋਚਨਾ ਹੋਈ ਸੀ। ਇਸ ਵਾਰ ਇਨ੍ਹਾਂ ਆਗੂਆਂ ਵਲੋਂ ਆਪਣੀ ਮਾਂ ਬੋਲੀ ਪੰਜਾਬੀ ਦਾ ਖਾਸ ਧਿਆਨ ਰੱਖਿਆ ਗਿਆ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …