Breaking News
Home / ਦੁਨੀਆ / ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਕੀਤਾ ਬਰਤਰਫ਼

ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਕੀਤਾ ਬਰਤਰਫ਼

ਟਰੰਪ ਦੀ ਪ੍ਰਚਾਰ ਮੁਹਿੰਮ ਤੇ ਰੂਸ ਵਿਚਾਲੇ ਸਬੰਧਾਂ ਬਾਰੇ ਜਾਂਚ ਦੀ ਅਗਵਾਈ ਕਰ ਰਿਹਾ ਸੀ ਜੇਮਜ਼ ਕੋਮੇ
ਵਾਸ਼ਿੰਗਟਨ/ਬਿਊਰੋ ਨਿਊਜ਼
ਇਕ ਹੈਰਾਨੀਜਨਕ ਫੈਸਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਬਰਤਰਫ਼ ਕਰ ਦਿੱਤਾ। ਅਚਨਚੇਤ ਹਟਾਇਆ ਇਹ ਸੀਨੀਅਰ ਅਧਿਕਾਰੀ 2016 ਵਿੱਚ ਰਾਸ਼ਟਰਪਤੀ ਚੋਣ ਦੇ ਨਤੀਜੇ ਵਿੱਚ ਰੂਸ ਵੱਲੋਂ ਟਰੰਪ ਦੀ ਪ੍ਰਚਾਰ ਮੁਹਿੰਮ ਨਾਲ ਮਿਲ ਕੇ ਛੇੜਛਾੜ ਕਰਨ ਬਾਰੇ ਫੌਜਦਾਰੀ ਜਾਂਚ ਦੀ ਅਗਵਾਈ ਕਰ ਰਿਹਾ ਹੈ। ਟਰੰਪ ਨੇ ਆਪਣੇ ਬਿਆਨ ਵਿੱਚ ਇਸ ਫੈਸਲੇ ਨੂੰ ਸਹੀ ਠਹਿਰਾਉਣ ਲਈ ਜੇਮਜ਼ ਕੋਮੇ ਵੱਲੋਂ ਡੈਮੋਕਰੇਟਿਕ ਆਗੂ ਹਿਲੇਰੀ ਕਲਿੰਟਨ ਦੇ ਪ੍ਰਾਈਵੇਟ ਈ-ਮੇਲ ਸਰਵਰ ਦੀ ਵਰਤੋਂ ਬਾਰੇ ਜਾਂਚ ਨਾਲ ਸਿੱਝਣ ਦਾ ਹਵਾਲਾ ਦਿੱਤਾ। ਕੋਮੇ (56), ਜਿਸ ਦਾ ਐਫਬੀਆਈ ਡਾਇਰੈਕਟਰ ਦੇ 10 ਸਾਲਾ ਕਾਰਜਕਾਲ ਦਾ ਹਾਲੇ ਚੌਥਾ ਵਰ੍ਹਾ ਸੀ, ਨੂੰ ਟਰੰਪ ਨੇ ਸੂਚਿਤ ਕੀਤਾ ਕਿ ਉਹ ਬਿਊਰੋ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਲੈ ਕੇ ਜਾਣ ਦੇ ਯੋਗ ਨਹੀਂ ਅਤੇ ਇਸ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਇਸ ਕਦਮ ਦੀ ਲੋੜ ਸੀ। ਟਰੰਪ ਨੇ ਕੋਮੇ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ, ”ਤੁਹਾਨੂੰ ਫੌਰੀ ਪ੍ਰਭਾਵ ਤੋਂ ਇਸ ਅਹੁਦੇ ਤੋਂ ਬਰਤਰਫ਼ ਕੀਤਾ ਜਾਂਦਾ ਹੈ।” ਰਾਸ਼ਟਰਪਤੀ ਦਾ ਇਹ ਕਦਮ ਅਜਿਹੇ ਸਮੇਂ ਆਇਆ, ਜਦੋਂ ਕੁਝ ਦਿਨ ਪਹਿਲਾਂ ਕੋਮੇ ਰੂਸ ਵੱਲੋਂ ਅਮਰੀਕੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਅਤੇ ਟਰੰਪ ਦੀ ਪ੍ਰਚਾਰ ਮੁਹਿੰਮ ਤੇ ਮਾਸਕੋ ਵਿਚਾਲੇ ਸੰਭਾਵੀ ਗੰਢ-ਤੁੱਪ ਸਬੰਧੀ ਐਫਬੀਆਈ ਜਾਂਚ ਬਾਰੇ ਕੈਪੀਟਲ ਹਿੱਲ ਵਿੱਚ ਗਵਾਹੀ ਦੇ ਚੁੱਕਾ ਹੈ।ਹਾਲੀਆ ਦਿਨਾਂ ਵਿੱਚ ਕੋਮੇ ਮੁੜ ਕਲਿੰਟਨ ਦੇ ਪ੍ਰਾਈਵੇਟ ਈ-ਮੇਲ ਸਰਵਰ ਬਾਰੇ ਜਾਂਚ ਨਾਲ ਸਿੱਝਣ ਲਈ ਆਲੋਚਨਾ ਦੇ ਘੇਰੇ ਵਿੱਚ ਆਏ। ਕਈ ਡੈਮੋਕਰੇਟਾਂ ਦਾ ਮੰਨਣਾ ਹੈ ਕਿ ਕੇਸ ਮੁੜ ਖੋਲ੍ਹਣ ਬਾਰੇ ਉਨ੍ਹਾਂ ਦਾ ਬਿਆਨ 8 ਨਵੰਬਰ ਦੀ ਰਾਸ਼ਟਰਪਤੀ ਚੋਣ ਤੋਂ 11 ਦਿਨ ਪਹਿਲਾਂ ਆਇਆ ਸੀ। ਜਸਟਿਸ ਡਿਪਾਰਟਮੈਂਟ ਨੇ ਕਿਹਾ ਕਿ ਕੋਮੇ ਦੇ ਡਿਪਟੀ ਐਂਡਰੀਓ ਜੀ ਮਕੈਬੇ ਨੂੰ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਡਾਇਰੈਕਟਰ ਦੀ ਭਾਲ ਫੌਰੀ ਸ਼ੁਰੂ ਹੋਵੇਗੀ। ਇਸ ਦੌਰਾਨ ਐਫਬੀਆਈ ਡਾਇਰੈਕਟਰ ਨੂੰ ਹਟਾਉਣ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਮੂਲ ਦੇ ਸਾਬਕਾ ਫੈਡਰਲ ਵਕੀਲ ਪ੍ਰੀਤ ਭਰਾੜਾ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਸਾਰਿਆਂ ਨੂੰ ਦੁੱਖ ਹੋਇਆ ਹੈ, ਜਿਹੜੇ ਸੁਤੰਤਰਤਾ ਅਤੇ ਕਾਨੂੰਨ ਦੇ ਰਾਜ ਦਾ ਫਿਕਰ ਕਰਦੇ ਹਨ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …