
ਜੇਲ੍ਹ ਪ੍ਰਸ਼ਾਸਨ ਨੇ ਕਿਹਾ : ਇਮਰਾਨ ਖਾਨ ਪੂਰੀ ਤਰ੍ਹਾਂ ਤੰਦਰੁਸਤ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਅਫਵਾਹ ਫੈਲ ਗਈ। ਧਿਆਨ ਰਹੇ ਕਿ ਇਮਰਾਨ ਖਾਨ ਅਗਸਤ 2023 ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਦੀ ਸਿਹਤ ਠੀਕ ਨਹੀਂ ਹੈ। ਪਿਛਲੇ ਤਿੰਨ ਹਫਤਿਆਂ ਤੋਂ ਇਮਰਾਨ ਦੀਆਂ ਭੈਣਾਂ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਜੇਲ੍ਹ ਪ੍ਰਸ਼ਾਸਨ ਇਸਦੀ ਇਜ਼ਾਜਤ ਨਹੀਂ ਦੇ ਰਿਹਾ। ਇਸਦੇ ਚੱਲਦਿਆਂ ਇਮਰਾਨ ਦੀਆਂ ਭੈਣਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਇਸਦੇ ਚੱਲਦਿਆਂ ਜੇਲ੍ਹ ਪ੍ਰਸ਼ਾਸਨ ਨੇ ਇਮਰਾਨ ਖਾਨ ਬਾਰੇ ਪਾਕਿਸਤਾਨ ਵਿਚ ਫੈਲ ਰਹੀਆਂ ਅਫਵਾਹਾਂ ਦੌਰਾਨ ਆਪਣੀ ਚੁੱਪੀ ਤੋੜੀ ਹੈ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਇਮਰਾਨ ਖਾਨ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਜੇਲ੍ਹ ਵਿਚ ਹੀ ਹਨ ਅਤੇ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਇਸੇ ਦੌਰਾਨ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਰਕਾਰ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ।

