Breaking News
Home / ਦੁਨੀਆ / ਸੀਨੀਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

ਸੀਨੀਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

ਬਰੈਂਪਟਨ/ਹਰਜੀਤ ਬੇਦੀ
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਚਾਹ ਪਾਣੀ ਤੋਂ ਬਾਅਦ ਮੀਟਿੰਗ ਸ਼ੁਰੂ ਕਰਦਿਆਂ ਬਲਵਿੰਦਰ ਬਰਾੜ ਨੇ ਆਏ ਹੋਏ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਹਨਾਂ ਇਕਬਾਲ ਸਿੰਘ ਵਿਰਕ ਦੇ ਨਵ-ਜਨਮੇ ਪੋਤਰੇ ਦੀ ਐਸੋਸੀਏਸਨ ਵਲੋਂ ਵਿਰਕ ਪਰਿਵਾਰ ਨੂੰ ਵਧਾਈ ਦਿੱਤੀ। ਇਕਬਾਲ ਸਿੰਘ ਵਿਰਕ ਵਲੋਂ ਮੈਂਬਰਾਂ ਨਾਲ ਖੁਸੀ ਸਾਂਝੀ ਕਰਨ ਲਈ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਉਪਰੰਤ ਏਜੰਡੇ ਮੁਤਾਬਕ ਬਾਕਾਇਦਾ ਮੀਟਿੰਗ ਸ਼ੁਰੂ ਕੀਤੀ ਗਈ। ਮੀਟਿੰਗ ਵਿੱਚ ਪ੍ਰਧਾਨ ਪਰਮਜੀਤ ਬੜਿੰਗ ਨੇ ਪਿਛਲੇ ਦਿਨੀਂ ਐਮ ਪੀਜ਼ ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਨਾਲ ਹੋਈਆਂ ਮੀਟਿੰਗਾਂ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਦੋ ਮੰਗਾਂ ਨੂੰ ਛੱਡ ਕੇ ਬਾਕੀ ਲਈ ਉਹਨਾਂ ਦਾ ਹੁੰਗਾਰਾ ਉਤਸ਼ਾਹਜਨਕ ਸੀ। ਦੋ ਮੰਗਾਂ ਪੀ ਆਰ 5 ਸਾਲ ਦੀ ਥਾਂ 10 ਸਾਲ ਵਾਸਤੇ ਉਹਨਾਂ ਦਾ ਤਰਕ ਸੀ ਕਿ ਇਹ ਰੈਜ਼ੀਡੈਂਸ ਚੈਕ ਕਰਨ ਲਈ ਜਰੂਰੀ ਹੈ। ਇਸ ਮੰਗ ‘ਤੇ ਕਿ ਜਿਨ੍ਹਾਂ ਮਾਪਿਆਂ ਦੇ ਸਾਰੇ ਬੱਚੇ ਕੈਨੇਡਾ ਵਿੱਚ ਹਨ ਮਾਤਾ ਪਿਤਾ ਨੂੰ ਪਹਿਲ ਦੇ ਆਧਾਰ ‘ਤੇ ਪੀ ਆਰ ਦੇਣ ਬਾਰੇ ਉਹਨਾਂ ਕਿਹਾ ਕਿ ਹੁਣ ਕੋਟਾ 20 ਹਜ਼ਾਰ ਕਰ ਦਿੱਤਾ ਹੈ ਤੇ 2019 ਤੋਂ ਲਾਟਰੀ ਸਿਸਟਮ ਬੰਦ ਹੋਵੇਗਾ।
ਇੰਡੀਆ ਦੇ ਪੈਨਸ਼ਨਰਾਂ ਲਈ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਲਾਈਫ ਸਾਰਟੀਫਿਕੇਟਾਂ ਲਈ 3 ਨਵੰਬਰ ਨੂੰ ਹਿੰਦੂ ਸਭਾ ਮੰਦਰ ਗੋਰ ਰੋਡ ਅਤੇ 10 ਨਵੰਬਰ ਨੂੰ ਮੇਅ-ਫੀਲਡ ਗੁਰਦੁਆਰਾ ਏਅਰਪੋਰਟ ਰੋਡ ‘ਤੇ 10 ਵਜੇ ਤੋਂ 2 ਵਜੇ ਤੱਕ ਕੈਂਪ ਲੱਗ ਰਹੇ ਹਨ। ਕਲੱਬਾਂ ਨੂੰ ਇਹ ਬੇਨਤੀ ਕੀਤੀ ਗਈ ਕਿ ਫਿਊਨਰਲ ਦੀ ਰਜਿਸਟਰੇਸ਼ਨ ਲਈ ਫਾਰਮ ਜਲਦੀ ਜਮ੍ਹਾਂ ਕਰਵਾ ਦਿਤੇ ਜਾਣ ਤਾਂ ਕਿ ਐਸੋਸੀਏਸ਼ਨ ਦੇ ਰਜਿਸਟਰ ਵਿੱਚ ਦਰਜ਼ ਕਰ ਕੇ ਫਿਊਨਰਲ ਹੋਮ ਨੂੰ ਭੇਜੇ ਜਾ ਸਕਣ। ਫਲਾਵਰ ਸਿਟੀ ਵਿੱਚ 6 ਨਵੰਬਰ ਨੂੰ ਵਾਇਸ-ਪ੍ਰੈਜ਼ੀਡੈਂਟ ਦੀ ਚੋਣ ਲਈ ਐਸੋਸੀਏਸ਼ਨ ਵਲੋਂ ਅਮਰੀਕ ਸਿੰਘ ਕੁਮਰੀਆ ਉਮੀਦਵਾਰ ਹਨ। ਸਾਰੇ ਮੈਂਬਰਾਂ ਨੂੰ ਉਹਨਾਂ ਦੀ ਪੁਰਜੋਰ ਹਮਾਇਤ ਲਈ ਬੇਨਤੀ ਕੀਤੀ ਗਈ ਕਿ ਇਸ ਵਾਸਤੇ ਉਹਨਾਂ ਕਲੱਬਾਂ ਤੱਕ ਪਹੁੰਚ ਕੀਤੀ ਜਾਵੇ ਜਿਹੜੇ ਅਜੇ ਤੱਕ ਐਸੋਸੀਏਸ਼ਨ ਦਾ ਭਾਗ ਨਹੀਂ ਹਨ। ਇਸ ਦੇ ਨਾਲ ਹੀ ਇਹ ਸੁਝਾਅ ਦਿੱਤਾ ਗਿਆ ਕਿ 6 ਨਵੰਬਰ ਤੋਂ ਪਹਿਲਾਂ ਇੰਡੀਆ ਜਾਣ ਵਾਲੇ ਪ੍ਰਧਾਨ ਆਪਣੇ ਕਲੱਬ ਦੇ ਦੋ ਅਹੁਦੇਦਾਰਾਂ ਨੂੰ ਸਿਟੀ ਵਿੱਚ ਵੋਟ ਦਾ ਅਧਿਕਾਰ ਪੱਤਰ ਦੇ ਕੇ ਜਾਣ।
ਇਸ ਤੋਂ ਬਾਅਦ ਇੰਡੀਆ ਜਾਣ ਵਾਲੇ ਮੈਂਬਰਾਂ ਲਈ ਉੱਥੇ ਜਾਕੇ ਸਾਵਧਾਨੀਆਂ ਵਰਤਣ ਬਾਰੇ ਚਰਚਾ ਕੀਤੀ ਗਈ। ਜਾਣ ਸਮੇਂ ਲੋੜੀਂਦੇ ਕਾਗਜਾਤ ਜਿਵੇਂ ਪਾਸਪੋਰਟ ਅਤੇ ਓ ਸੀ ਆਈ ਵਗੈਰਾ ਚੈੱਕ ਕਰਨਾ, ਉੱਥੇ ਜਾਕੇ ਪਾਣੀ ਉਬਾਲ ਕੇ ਪੀਣਾ, ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਤੋਂ ਪਰਹੇਜ਼, ਪੈਸੇ ਦੇ ਲੈਣ ਦੇਣ ਵੇਲੇ ਚੌਕਸੀ, ਸੁਵਖਤੇ ਅਤੇ ਸੁੰਨੀਆਂ ਥਾਵਾਂ ‘ਤੇ ਜਾਣ ਤੋਂ ਬੱਚਤ ਰੱਖੀ ਜਾਵੇ। ਇਸ ਵਿਚਾਰ ਚਰਚਾ ਵਿੱਚ ਦੇਵ ਸੂਦ, ਨਿਰਮਲ ਸਿੰਘ ਧਾਰਨੀ, ਸੁਖਦੇਵ ਗਿੱਲ, ਇਕਬਾਲ ਵਿਰਕ, ਕਸ਼ਮੀਰਾ ਸਿੰਘ ਦਿਓਲ, ਜੋਗਿੰਦਰ ਸਿੰਘ ਪੱਡਾ, ਅਮਰਜੀਤ ਸਿੰਘ, ਤਾਰਾ ਸਿੰਘ ਗਰਚਾ, ਜਗਜੀਤ ਗਰੇਵਾਲ,, ਅਮਰੀਕ ਸਿੰਘ ਕੁਮਰੀਆ, ਬਲਵਿੰਦਰ ਬਰਾੜ ਆਦਿ ਮੈਂਬਰਾਂ ਨੇ ਭਾਗ ਲਿਆ। ਅੰਤ ਵਿੱਚ ਇਸ ਚਰਚਾ ਨੂੰ ਪਰਮਜੀਤ ਬੜਿੰਗ ਨੇ ਕੀਤਾ। ਇਸ ਸਮੇਂ ਕੈਸੀਅਰ ਪ੍ਰੋ: ਨਿਰਮਲ ਧਾਰਨੀ ਨੇ ਖਰਚ ਅਤੇ ਆਮਦਨ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਭਾਵੇਂ ਕਿ ਕਲੱਬ ਆਪਣੇ ਪ੍ਰੋਗਰਾਮ ਆਪਣੀ ਮਰਜ਼ੀ ਨਾਲ ਕਰਨ ਲਈ ਸੁਤੰਤਰ ਹਨ ਪਰ ਇਸ ਮੀਟਿੰਗ ਦੌਰਾਨ ਪਰਮਜੀਤ ਬੜਿੰਗ ਨੇ ਕਲੱਬਾਂ ਨੂੰ ਆਪਣੇ ਪ੍ਰੋਗਰਾਮ ਸੁਚੱਜੇ ਢੰਗ ਨਾਲ ਮਨਾਉਣ ਦੀ ਸਲਾਹ ਦਿੱਤੀ। ਉਹਨਾਂ ਸੁਝਾਅ ਦਿੱਤਾ ਕਿ ਸਟੇਜ ਪ੍ਰੋਗਰਾਮ ਸੰਖੇਪ ਹੋਣ ਅਤੇ ਅਜਿਹੇ ਸਿੰਗਰਾਂ ਤੋਂ ਪਰਹੇਜ਼ ਕੀਤਾ ਜਾਵੇ ਜੋ ਸਾਡੀ ਸਿਆਣਪ ਅਤੇ ਉਮਰ ਦੇ ਅਨੂਕੂਲ ਨਹੀਂ ਹਨ। ਇਹਨਾਂ ਦੀ ਥਾਂ ਤੇ ਹੋਰ ਅਗਾਂਹਵਧੂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੇ ਜਾ ਸਕਦੇ ਹਨ। ਤਾਸ਼ ਮੁਕਾਬਲੇ ਸਟੇਜ ਪ੍ਰੋਗਰਾਮ ਤੋਂ ਬਾਦ ਜਾਂ ਕਿਸੇ ਹੋਰ ਦਿਨ ਕਰਵਾਏ ਜਾਣ। ਪ੍ਰੋਗਰਾਮ ਦੇ ਅੰਤ ਵਿੱਚ ਸਿਟੀ ਚੋਣਾਂ ਲੜ ਰਹੇ ਉਮੀਦਵਾਰਾਂ ਮੇਅਰ ਲਈ ਲਿੰਡਾ ਜੈਫਰੀ, ਰੀਜਨਲ ਕੌਂਸਲਰ ਲਈ ਪੈਟ ਫੋਰਟੀਨੀ, ਕਾਊਂਸਲਰ ਲਈ ਹਰਕੀਰਤ ਸਿੰਘ ਅਤੇ ਸਕੂਲ ਟਰੱਸਟੀ ਲਈ ਸੀਆ ਲਖਣਪਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੜਿੰਗ ਨੇ ਐਸੋਸੀਏਸ਼ਨ ਵਲੋਂ ਉਹਨਾਂ ਨਾਲ ਸਬੰਧਤ ਦੋ ਮੰਗਾਂ ਦਾ ਜਿਕਰ ਕੀਤਾ। ਇੱਕ ਤਾਂ ਬੱਸਾਂ ਦੇ ਸਾਲਾਨਾ ਪਾਸ ਬਣਾੳਣ ਬਾਰੇ ਤੇ ਦੂਜੀ ਬੱਸ ਸ਼ੈਲਟਰ ਦੋ ਦਰਵਾਜਿਆਂ ਦੀ ਥਾਂ ‘ਤੇ ਇੱਕ ਦਰਵਾਜੇ ਵਾਲੇ ਕਰਨ ਲਈ ਸੀ। ਲਿੰਡਾ ਜੈਫਰੀ, ਪੈਟ ਫੋਰਟੀਨੀ ਅਤੇ ਹਰਕੀਰਤ ਸਿੰਘ ਨੇ ਇਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਜਿਵੇਂ ਕਿ ਐਸੋਸੀਏਸ਼ਨ ਦਾ ਮੱਤ ਹੈ ਉਹਨਾਂ ਨੇ ਸਮੂਹਕ ਤੌਰ ‘ਤੇ ਕਿਸੇ ਨੂੰ ਵੀ ਹਮਾਇਤ ਨਾ ਕਰਕੇ ਮੈਂਬਰਾਂ ‘ਤੇ ਇਹ ਗੱਲ ਛੱਡ ਦਿੱਤੀ ਕਿ ਉਹ ਕਿਸੇ ਵੀ ਉਮੀਦਵਾਰ ਦੀ ਹਮਾਇਤ ਦਾ ਨਿਜੀ ਤੌਰ ‘ਤੇ ਫੈਸਲਾ ਕਰ ਸਕਦੇ ਹਨ।
ਅੰਤ ਵਿੱਚ ਨਵੇਂ ਵਰ੍ਹੇ ਜਨਰਲ ਬਾਡੀ ਦੀ ਮੀਟਿੰਗ ਵਿੱਚ ਮਿਲਣ ਦਾ ਵਾਅਦਾ ਕਰਦੇ ਹੋਏ ਮੀਟਿੰਗ ਬਰਖਾਸਤ ਕੀਤੀ ਗਈ। ਪਰ ਕਾਰਜਕਰਣੀ ਕਮੇਟੀ ਮੈਂਬਰ ਆਪਣੀ ਸਰਗਰਮੀ ਆਮ ਵਾਂਗ ਹੀ ਜਾਰੀ ਰੱਖਣਗੇ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਅਮਰੀਕੀ ਰਾਸ਼ਟਰਪਤੀ ਦੀ ਦੌੜ ’ਚ ਪਹਿਲੀ ਵਾਰ ਭਾਰਤਵੰਸ਼ੀ ਕਮਲਾ ਹੈਰਿਸ

ਬਾਈਡਨ ਪਿੱਛੇ ਹਟੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਰਨਗੇ ਸਮਰਥਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ …