
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਫਿਲੀਪੀਨ ਦੇ ਇਕ ਸੂਬੇ ਵਿਚ ਅੱਜ ਸ਼ੁੱਕਰਵਾਰ ਸਵੇਰੇ 7.6 ਦੀ ਗਤੀ ਦਾ ਭੂੁਚਾਲ ਆਇਆ ਅਤੇ ਅੱਧੇ ਘੰਟੇ ਤੱਕ 5.9 ਅਤੇ 5.6 ਦੀ ਗਤੀ ਵਾਲੇ ਇਕ ਤੋਂ ਬਾਅਦ ਇਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਨ੍ਹਾਂ ਝਟਕਿਆਂ ਨੂੰ ਦੇਖਦਿਆਂ ਲੋਕ ਘਰਾਂ ਵਿਚੋਂ ਨਿਕਲ ਕੇ ਸੜਕਾਂ ’ਤੇ ਪਹੁੰਚ ਗਏ ਸਨ। ਇਸਦੇ ਚੱਲਦਿਆਂ ਸੁਨਾਮੀ ਸਬੰਧੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਸੀ, ਪਰ ਸੁਨਾਮੀ ਦਾ ਖਤਰਾ ਟਲ ਗਿਆ। ਫਿਲੀਪੀਨਜ਼ ਦੀ ਭੂਚਾਲ ਸਬੰਧੀ ਵਿਗਿਆਨ ਏਜੰਸੀ ਨੇ ਭੂਚਾਲ ਦੇ ਹੋਰ ਝਟਕਿਆਂ ਦੀ ਵੀ ਚਿਤਾਵਨੀ ਦਿੱਤੀ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੱਧ ਅਤੇ ਦੱਖਣੀ ਫਿਲੀਪੀਨਜ਼ ਦੇ ਤੱਟੀ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਚੀਆਂ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਸੀ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 30 ਸਤੰਬਰ ਨੂੰ ਫਿਲੀਪੀਨਜ਼ ਦੇ ਸੇਬੂ ਸੂਬੇ ਵਿਚ 6.9 ਦੀ ਗਤੀ ਦਾ ਭੂਚਾਲ ਆਇਆ ਸੀ ਅਤੇ ਇਸ ਨਾਲ 69 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਜ਼ਖ਼ਮੀ ਵੀ ਹੋ ਗਏ ਸਨ।

