ਕਿਹਾ : ਐਨ.ਡੀ.ਏ. ਵਿਚ ਉਨ੍ਹਾਂ ਨਾਲ ਹੋਈ ਬੇਇਨਸਾਫੀ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਪਸ਼ੂਪਤੀ ਪਾਰਸ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ’ਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਐਲਾਨ ਕੀਤਾ ਹੈ। ਪਸ਼ੂਪਤੀ ਪਾਰਸ ਨੇ ਕਿਹਾ ਕਿ ਐਨ.ਡੀ.ਏ. ਵਿਚ ਉਨ੍ਹਾਂ ਨਾਲ ਬੇਇਨਸਾਫੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਜੇ ਤੱਕ ਸੋਚ ਵਿਚਾਰ ਕਰਨਗੇ ਕਿ ਕਿਸ ਪਾਸੇ ਜਾਣਾ ਹੈ। ਪਸ਼ੂਪਤੀ ਪਾਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ ਹੈ ਅਤੇ ਕਿਹਾ ਕਿ ਉਹ ਦੇਸ਼ ਦੇ ਵੱਡੇ ਆਗੂ ਹਨ। ਪਾਰਸ ਨੇ ਕਿਹਾ ਕਿ ਮੇਰੀ ਸਿਆਸੀ ਪਾਰਟੀ ਨਾਲ ਅਤੇ ਵਿਅਕਤੀਗਤ ਰੂਪ ਵਿਚ ਵੀ ਉਨ੍ਹਾਂ ਨਾਲ ਬੇਇਨਸਾਫੀ ਹੋਈ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਦੇ ਲਈ ਐਨ.ਡੀ.ਏ. ਨੇ ਸੀਟ ਸ਼ੇਅਰਿੰਗ ਦਾ ਐਲਾਨ ਕੀਤਾ ਸੀ। ਭਾਜਪਾ, ਜਨਤਾ ਦਲ (ਯੂ), ਲੋਕ ਜਨਸ਼ਕਤੀ ਪਾਰਟੀ, ਰਾਸ਼ਟਰੀ ਲੋਕ ਮੋਰਚਾ ਅਤੇ ਪਸ਼ੂਪਤੀ ਦੀ ਸਿਆਸੀ ਪਾਰਟੀ ਵਿਚ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਗੱਲ ਹੋ ਗਈ ਸੀ। ਇਸ ਤੋਂ ਬਾਅਦ ਪਸ਼ੂਪਤੀ ਪਾਰਸ ਦੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਦਿੱਤੀ ਗਈ ਹੈ। ਪਸ਼ੂਪਤੀ ਦਾ ਆਰੋਪ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਗਠਜੋੜ ਵਿਚੋਂ ਇਗਨੋਰ ਕਰ ਦਿੱਤਾ ਗਿਆ ਹੈ।