Breaking News
Home / ਭਾਰਤ / ਹਿਮਾਚਲ ਤੇ ਉਤਰਾਖੰਡ ‘ਚ ਭਾਰੀ ਮੀਂਹ ਕਾਰਨ 37 ਮੌਤਾਂ

ਹਿਮਾਚਲ ਤੇ ਉਤਰਾਖੰਡ ‘ਚ ਭਾਰੀ ਮੀਂਹ ਕਾਰਨ 37 ਮੌਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਾੜੀ ਰਾਜਾਂ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿਚ ਪਏ ਭਾਰੀ ਮੀਂਹ ਨਾਲ ਹੁਣ ਤੱਕ ਕਾਫ਼ੀ ਨੁਕਸਾਨ ਹੋਇਆ ਹੈ। ਦੋਵਾਂ ਸੂਬਿਆਂ ਵਿਚ 37 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਇਸ ਤੋਂ ਇਲਾਵਾ ਹਰਿਆਣਾ, ਜੰਮੂ ਤੇ ਦਿੱਲੀ ਵਿਚ ਵੀ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਦਿੱਲੀ ਲਾਗੇ ਯਮੁਨਾ ਖ਼ਤਰੇ ਦੇ ਨਿਸ਼ਾਨ ਤੱਕ ਵਹਿ ਰਹੀ ਹੈ। ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਮੀਂਹ ਨਾਲ ਕਾਫ਼ੀ ਨੁਕਸਾਨ ਹੋਇਆ ਹੈ ਤੇ ਮੌਤਾਂ ਦੀ ਗਿਣਤੀ 12 ਹੋ ਗਈ ਹੈ ਜਦਕਿ ਛੇ ਜਣੇ ਲਾਪਤਾ ਹਨ।
ਹਿਮਾਚਲ ਦੀ ਸਰਹੱਦ ਨਾਲ ਲਗਦੇ ਉਤਰਾਖੰਡ ਦੇ ਮੋੜੀ ਬਲਾਕ ਵਿਚ ਕਈ ਘਰ ਤਬਾਹ ਹੋ ਗਏ ਹਨ ਤੇ ਫ਼ਸਲ ਵੀ ਨੁਕਸਾਨੀ ਗਈ ਹੈ। ਖੋਜ ਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਤਿੰਨ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਮੀਂਹ ਨਾਲ ਮੌਤਾਂ ਦੀ ਗਿਣਤੀ 25 ਹੋ ਗਈ ਹੈ। ਹਿਮਾਚਲ ਸਰਕਾਰ ਮੁਤਾਬਕ ਹੁਣ ਤੱਕ 574 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਕਾਂਗੜਾ ਵਿਚ ਜ਼ਮੀਨ ਖਿਸਕਣ ਕਾਰਨ ਬਨਾਵਟੀ ਝੀਲ ਬਣੀ : ਕੌਮੀ ਆਫ਼ਤ ਪ੍ਰਬੰਧਨ ਫੋਰਸ (ਐਨਡੀਆਰਐਫ) ਵੱਲੋਂ ਕਾਂਗੜਾ ਦੀ ਨੂਰਪੁਰ ਸਬ-ਡਿਵੀਜ਼ਨ ਲਾਗੇ ਜਮ੍ਹਾਂ ਹੋਏ ਪਾਣੀ ਨੂੰ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਕੱਢਣ ਲਈ ਵੱਖ ਤੋਂ ਇਕ ਰਾਹ ਬਣਾਇਆ ਜਾ ਰਿਹਾ ਹੈ। ਕਈ ਥਾਈਂ ਜ਼ਮੀਨ ਖਿਸਕਣ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਹੈ ਤੇ ਖ਼ੜੇਤਰ ਪਿੰਡ ਵਿਚ ਇਕ ਬਨਾਵਟੀ ਝੀਲ ਬਣ ਗਈ ਹੈ। ਤ੍ਰਿੰਡੀ, ਡੰਨੀ, ਮੈਰਕਾ, ਲਡੋਰ, ਥਾਨਾ, ਹਿੰਡੋਰਘਾਟ, ਲੇਤਰੀ ਤੇ ਜਸੂਰ ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਲਾਹੌਲ-ਸਪਿਤੀ ਤੇ ਚੰਬਾ ‘ਚ ਤਾਜ਼ਾ ਬਰਫ਼ਬਾਰੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਬਰਫਬਾਰੀ ਆਮ ਤੌਰ ‘ਤੇ ਅਗਸਤ ਦੇ ਮਹੀਨੇ ਵਿਚ ਨਹੀਂ ਹੁੰਦੀ। ਇਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਬਰਫਬਾਰੀ ਕਾਰਨ ਸਾਚ ਦੱਰ੍ਹੇ ਕੋਲ ਚੰਬਾ ਤੋਂ ਪਾਂਗੀ ਵਾਲੀ ਸੜਕ ਬੰਦ ਹੋ ਗਈ ਹੈ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕੇਲਾਂਗ ਵਿਚ ਵੀ ਤਾਜ਼ਾ ਬਰਫ਼ਬਾਰੀ ਹੋਈ ਸੀ।
ਭਾਰਤੀ ਹਵਾਈ ਫੌਜ ਨੇ ਚਾਰ ਮਛੇਰਿਆਂ ਨੂੰ ਬਚਾਇਆ
ਜੰਮੂ : ਭਾਰਤੀ ਹਵਾਈ ਫੌਜ ਨੇ ਹਿੰਮਤ ਵਿਖਾਉਂਦਿਆਂ ਜੰਮੂ-ਕਸ਼ਮੀਰ ‘ਚ ਤਵੀ ਦਰਿਆ ਦੇ ਤੇਜ਼ ਵਹਾਅ ‘ਚ ਫਸੇ 4 ਮਛੇਰਿਆਂ ਨੂੰ ਬਚਾਇਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਮਛੇਰੇ ਨਿਰਮਾਣ ਅਧੀਨ ਪੁਲ ਦੇ ਇਕ ਪਿੱਲਰ ਦੀ ਸਤ੍ਹਾ ‘ਤੇ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸੂਬੇ ਦੀ ਆਫਤ ਪ੍ਰਬੰਧਨ ਟੀਮ ਤੇ ਪੁਲਿਸ ਵਲੋਂ ਉਨ੍ਹਾਂ ਨੂੰ ਬਚਾਉਣ ‘ਚ ਨਾਕਾਮ ਰਹਿਣ ‘ਤੇ ਹਵਾਈ ਫੌਜ ਨੂੰ ਬੁਲਾਇਆ । ਹਵਾਈ ਫੌਜ ਦੇ ਕਰਮਚਾਰੀ ਉਸ ਪਿੱਲਰ ‘ਤੇ ਉਤਰੇ ਤੇ ਉਨ੍ਹਾਂ ਨੂੰ ਰੱਸੀ ਵਾਲੀ ਪੌੜੀ ਰਾਹੀਂ ਸੁਰੱਖਿਅਤ ਉੱਪਰ ਚੁੱਕ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਤਵੀ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵਧਿਆ ਹੈ। ਇਕ ਹੋਰ ਘਟਨਾ ਵਿਚ ਹਰ ਕੀ ਪੌੜੀ ਨੇੜੇ ਦਰਿਆ ‘ਚ ਫਸੇ ਇਕ ਵਿਅਕਤੀ ਨੂੰ ਪੁਲਿਸ ਦੀ ਟੀਮ ਵਲੋਂ ਸੁਰੱਖਿਅਤ ਕੱਢਿਆ ਗਿਆ ਹੈ।
ਹਰਿਆਣਾ ਦੇ ਬੈਰਾਜ ਵਿਚ ਪਾਣੀ ਵਧਣ ਨਾਲ ਦਿੱਲੀ ਵਿਚ ਹੜ੍ਹਾਂ ਦਾ ਖ਼ਤਰਾ: ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਭਰਵੇਂ ਮੀਂਹ ਦੇ ਮੱਦੇਨਜ਼ਰ ਹਰਿਆਣਾ ਦੇ ਹਥਨੀਕੁੰਡ ਬੈਰਾਜ ਵਿਚ ਪਾਣੀ ਵਧਣ ਨਾਲ ਨਵੀਂ ਦਿੱਲੀ ਲਈ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਯਮੁਨਾ ਨਦੀ ਯਮੁਨਾਨਗਰ, ਕਰਨਾਲ ਤੇ ਪਾਣੀਪਤ ਵਿਚੋਂ ਹੁੰਦੀ ਹੋਈ ਨਵੀਂ ਦਿੱਲੀ ਵਿਚ ਦਾਖ਼ਲ ਹੁੰਦੀ ਹੈ।

Check Also

ਸੁਪਰੀਮ ਕੋਰਟ ਨੇ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਨੂੰ ਕੀਤਾ ਖਾਰਜ

ਕਿਹਾ : ਸਿਸਟਮ ’ਚ ਬਿਨਾ ਮਤਲਬ ਦੀ ਦਖਲਅੰਦਾਜ਼ੀ ਪੈਦਾ ਕਰ ਸਕਦੀ ਹੈ ਸ਼ੱਕ ਨਵੀਂ ਦਿੱਲੀ/ਬਿਊਰੋ …