ਨਵੀਂ ਦਿੱਲੀ : ਪੰਜਾਬੀਅਤ ਦੇ ਮੁੱਦਈ, ਬਰਤਾਨੀਆ ਦੇ ਸਾਬਕਾ ਭਾਰਤੀ ਰਾਜਦੂਤ, ਸਾਬਕਾ ਰਾਜ ਸਭਾ ਮੈਂਬਰ ਤੇ ਉੱਘੇ ਕਾਲਮਨਵੀਸ ਕੁਲਦੀਪ ਨਈਅਰ ਨੂੰ ਵੀਰਵਾਰ ਨੂੰ ਸੇਜਲ ਅੱਖਾਂ ਨਾਲ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਈ ਦਿੱਤੀ ਗਈ। ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਪੱਛਮੀ ਤੇ ਪੂਰਬੀ ਪੰਜਾਬ ਦੀ ਏਕਤਾ ਤੇ ਪੰਜਾਬੀਅਤ ਦੇ ਮੁੱਦਈ 95 ਸਾਲਾ ਕੁਲਦੀਪ ਨਈਅਰ ਦਾ ਕੁਝ ਦਿਨ ਬਿਮਾਰ ਰਹਿਣ ਮਗਰੋਂ ਬੁੱਧਵਾਰ ਦੀ ਰਾਤ 12.30 ਵਜੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਭਾਰਤੀ, ਦੋ ਪੁੱਤਰ ਸੁਧੀਰ ਤੇ ਰਾਜੀਵ ਛੱਡ ਗਏ ਹਨ। ਉਨ੍ਹਾਂ ਦੇ ਸਸਕਾਰ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸ੍ਰੀਮਤੀ ਗੁਰਸ਼ਰਨ ਕੌਰ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਨਰੇਸ਼ ਗੁਜਰਾਲ, ਸਾਬਕਾ ਕਾਨੂੰਨ ਮੰਤਰੀ ਡਾ.ਅਸ਼ਵਨੀ ਕੁਮਾਰ, ਸੀਪੀਆਈ ਦੇ ਡੀ.ਰਾਜਾ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਸਾਬਕਾ ਵੀਸੀ ਡਾ. ਜਸਪਾਲ ਸਿੰਘ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ‘ਆਪ’ ਵੱਲੋਂ ਰਾਘਵ ਚੱਢਾ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਈਅਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਰਤੀ ਮੀਡੀਆ ਨੂੰ ਵੱਡਾ ਘਾਟਾ ਪਿਆ ਹੈ। ਸੀਪੀਆਈਐਮ ਦੇ ਸੀਤਾ ਰਾਮ ਯੇਚੁਰੀ ਮੁਤਾਬਕ ਉਨ੍ਹਾਂ ਦੀ ਪਾਕਿਸਤਾਨੀ ਤੇ ਭਾਰਤੀ ਲੋਕਾਂ ਨਾਲ ਵਿਸ਼ੇਸ਼ ਸਾਂਝ ਸੀ। ਨਈਅਰ ਨੇ ‘ਸਟੇਟਸਮੈਨ’ ਤੇ ‘ਇੰਡੀਅਨ ਐਕਸਪ੍ਰੈਸ’ ਸਮੇਤ ਹੋਰ ਅਦਾਰਿਆਂ ਵਿੱਚ ਅਹਿਮ ਸਥਾਨ ਹਾਸਲ ਕੀਤੇ। ਉਨ੍ਹਾਂ ਵੱਲੋਂ ਐਮਰਜੈਂਸੀ ਦੌਰਾਨ ਪ੍ਰੈਸ ਦੀ ਆਜ਼ਾਦੀ ਲਈ ਬੁਲੰਦ ਕੀਤੀ ਆਵਾਜ਼ ਨੂੰ ਯਾਦ ਕੀਤਾ ਗਿਆ। ਡੀਸੀਡਬਲਿਊਏ, ਅੰਮ੍ਰਿਤ ਬਾਜ਼ਾਰ ਪੱਤਿਕਾ, ਪ੍ਰੈਸ ਕਲੱਬ ਆਫ ਇੰਡੀਆ ਤੇ ਹੋਰ ਸੰਸਥਾਵਾਂ ਵੱਲੋਂ ਮਰਹੂਮ ਨਈਅਰ ਦੀ ਦੇਹ ‘ਤੇ ਫੁੱਲ ਤੇ ਚਾਦਰਾਂ ਚੜ੍ਹਾਈਆਂ ਗਈਆਂ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …