![](https://parvasinewspaper.com/wp-content/uploads/2023/10/Congress.jpg)
ਮੱਧ ਪ੍ਰਦੇਸ਼ ’ਚ ਸਾਬਕਾ ਮੁੱਖ ਮੰਤਰੀ ਕਮਲ ਨਾਥ ਸਣੇ 69 ਮੌਜੂਦਾ ਵਿਧਾਇਕਾਂ ਨੂੰ ਮੈਦਾਨ ’ਚ ਉਤਾਰਿਆ
ਛੱਤੀਸਗੜ੍ਹ ਵਿੱਚ ਮੌਜੂਦਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪਾਟਨ ਹਲਕੇ ਤੋਂ ਉਮੀਦਵਾਰ ਐਲਾਨਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਅੱਜ ਐਤਵਾਰ ਨੂੰ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਲਈ 144 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰਦਿਆਂ 69 ਮੌਜੂਦਾ ਵਿਧਾਇਕਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਉਨ੍ਹਾਂ ਦੇ ਪਿੱਤਰੀ ਹਲਕੇ ਛਿੰਦਵਾੜਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਮੱਧ ਪ੍ਰਦੇਸ਼ ਅਸੈਂਬਲੀ ਦੀਆਂ 230 ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਛੱਤੀਸਗੜ੍ਹ ਦੀ 90 ਮੈਂਬਰੀ ਅਸੈਂਬਲੀ ਲਈ ਕਾਂਗਰਸ ਨੇ ਪਹਿਲੀ ਸੂਚੀ ਵਿਚ 30 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਮੌਜੂਦਾ ਮੁੱਖ ਮੰਤਰੀ ਭੁਪੇਸ਼ ਬਘੇਲ ਪਾਟਨ ਹਲਕੇ ਤੋਂ ਚੋਣ ਲੜਨਗੇ ਜਦੋਂਕਿ ਉਪ ਮੁੱਖ ਮੰਤਰੀ ਟੀ.ਐੱਸ. ਸਿੰਘ ਦਿਓ ਨੂੰ ਅੰਬਿਕਾਪੁਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਪਾਰਟੀ ਨੇ ਰਾਜਨੰਦਗਾਓਂ ਤੋਂ ਗਿਰੀਸ਼ ਦੇਵਾਂਗਨ ਨੂੰ ਟਿਕਟ ਦਿੱਤੀ ਹੈ। ਦੇਵਾਂਗਨ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਇਸ ਹਲਕੇ ਤੋਂ ਟੱਕਰ ਦੇਣਗੇ। ਪਾਰਟੀ ਨੇ 119 ਮੈਂਬਰੀ ਤਿਲੰਗਾਨਾ ਅਸੈਂਬਲੀ ਲਈ 55 ਨਾਵਾਂ ਦਾ ਐਲਾਨ ਕੀਤਾ ਹੈ। ਸੂਬਾਈ ਕਾਂਗਰਸ ਪ੍ਰਧਾਨ ਰੇਵੰਤ ਰੈੱਡੀ ਨੂੰ ਕੋਡਾਂਗਲ ਸੀਟ ਤੇ ਸੀਐੱਲਪੀ ਆਗੂ ਭੱਟੀ ਵਿਕਰਮਾਰਕਾ ਮੱਲ ਨੂੰ ਮਧੀਰਾ-ਐੱਸਸੀ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।