ਬੁੱਧਵਾਰ ਨੂੰ ਜੀਟੀਏ ਵਿੱਚ ਮੌਸਮ ਸਬੰਧੀ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਗਈ ਹੈ।ਇਸ ਤਹਿਤ ਭਾਰੀ ਮਾਤਰਾ ਵਿੱਚ ਹੱਢ ਜਮਾ ਦੇਣ ਵਾਲਾ ਮੀਂਹ ਪੈਣ, ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ।
ਬਹੁਤਾ ਕਰਕੇ ਉੱਤਰ ਪੱਛਮੀ ਇਲਾਕੇ ਵਿੱਚ ਮੌਸਮ ਖਰਾਬ ਰਹਿ ਸਕਦਾ ਹੈ। ਮੀਂਹ ਬੁੱਧਵਾਰ ਸਵੇਰੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਮੀਂਹ ਕਾਰਨ ਸਤਹਿ ਉੱਤੇ ਵੀ ਬਰਫੀਲੀ ਪਰਤ ਜੰਮ ਸਕਦੀ ਹੈ। ਇਸ ਦੌਰਾਨ 20 ਐਮ ਐਮ ਮੀਂਹ ਪੈ ਸਕਦਾ ਹੈ।
ਕਈ ਥਾਂਵਾਂ ਉੱਤੇ ਪਾਣੀ ਵੀ ਖੜ੍ਹ ਸਕਦਾ ਹੈ। ਦੁਪਹਿਰ ਤੱਕ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਤੇ ਇਸ ਨਾਲ ਮੀਂਹ ਸਬੰਧੀ ਖਤਰਾ ਵੀ ਖ਼ਤਮ ਹੋ ਜਾਵੇਗਾ। ਹਾਲਟਨ ਹਿੱਲਜ਼, ਮਿਲਟਨ ਤੇ ਹੈਮਿਲਟਨ ਵਰਗੇ ਸ਼ਹਿਰ ਦੇ ਪੱਛਮੀ ਏਰੀਆਜ਼ ਵਿੱਚ ਬਰਫੀਲਾ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੀਆਂ ਸਕੂਲੀ ਬੱਸਾਂ ਰੱਦ ਕੀਤੀਆਂ ਜਾ ਰਹੀਆਂ ਹਨ ਤੇ ਸਕੂਲ ਵੀ ਸਾਰਾ ਦਿਨ ਬੰਦ ਰੱਖੇ ਜਾਣਗੇ।