1.6 C
Toronto
Thursday, November 27, 2025
spot_img
HomeਕੈਨੇਡਾFrontਭਾਰਤ ਭੂਸ਼ਣ ਆਸ਼ੂ ਦੇ ਭਾਜਪਾ ’ਚ ਜਾਣ ਦੇ ਚੱਲਦੇ ਰਹੇ ਚਰਚੇ

ਭਾਰਤ ਭੂਸ਼ਣ ਆਸ਼ੂ ਦੇ ਭਾਜਪਾ ’ਚ ਜਾਣ ਦੇ ਚੱਲਦੇ ਰਹੇ ਚਰਚੇ

ਭਾਰਤ ਭੂਸ਼ਣ ਆਸ਼ੂ ਦੇ ਭਾਜਪਾ ’ਚ ਜਾਣ ਦੇ ਚੱਲਦੇ ਰਹੇ ਚਰਚੇ

ਮਮਤਾ ਆਸ਼ੂ ਨੇ ਕਿਹਾ : ਭਾਰਤ ਭੂਸ਼ਣ ਆਸ਼ੂ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ

ਲੁਧਿਆਣਾ/ਬਿਊਰੋ ਨਿਊਜ਼

ਲੁਧਿਆਣਾ ਵਿਚ ਰਹਿੰਦੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਲੰਘੇ ਕੱਲ੍ਹ ਵੀਰਵਾਰ ਨੂੰ ਈਡੀ ਦੀ ਰੇਡ 12 ਘੰਟਿਆਂ ਤੋਂ ਜ਼ਿਆਦਾ ਸਮਾਂ ਚੱਲੀ। ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲਦੀ ਰਹੀ ਕਿ ਭਾਰਤ ਭੂਸ਼ਣ ਆਸ਼ੂ ਭਾਜਪਾ ਵਿਚ ਜਾਣ ਦੀ ਤਿਆਰੀ ਵਿਚ ਹਨ। ਇਸ ਦੇ ਚੱਲਦਿਆਂ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਸਾਰੀਆਂ ਚਰਚਾਵਾਂ ’ਤੇ ਵਿਰਾਮ ਚਿੰਨ੍ਹ ਲਗਾ ਦਿੱਤਾ। ਮਮਤਾ ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਭਾਰਤ ਭੂਸ਼ਣ ਆਸ਼ੂ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਸਭ ਕੁਝ ਠੀਕ ਹੈ ਅਤੇ ਕਿਸੇ ਵੀ ਹੋਰ ਸਿਆਸੀ ਪਾਰਟੀ ਵਿਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਮਤਾ ਆਸ਼ੂ ਨੇ ਕਿਹਾ ਕਿ ਈਡੀ ਨੇ ਉਨ੍ਹਾਂ ਦੇ ਘਰ ਕਿਸੇ ਤਰ੍ਹਾਂ ਦੀ ਕੋਈ ਰੇਡ ਨਹੀਂ ਕੀਤੀ। ਇਹ ਸਿਰਫ ਇਕ ਸਰਚ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵਿਅਕਤੀ ’ਤੇ ਵਿਜੀਲੈਂਸ ਵਲੋਂ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਈਡੀ ਇਕ ਵਾਰ ਸਰਚ ਕਰਨ ਜ਼ਰੂਰ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਵਰਗੀ ਕੋਈ ਗੱਲ ਨਹੀਂ ਹੈ। ਮਮਤਾ ਆਸ਼ੂ ਨੇ ਕਿਹਾ ਕਿ ਈਡੀ ਦੀ ਟੀਮ ਨੇ ਬੈਂਕ ਡਿਟੇਲ ਅਤੇ ਜਾਇਦਾਦ ਨਾਲ ਜੁੜਿਆ ਬਿਉਰਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਾਗਜ਼ਾਤ ਉਹ ਪਹਿਲਾਂ ਹੀ ਵਿਜੀਲੈਂਸ ਕੋਲ ਜਮ੍ਹਾ ਕਰਵਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਪੰਜਾਬ ’ਚ ਕਾਂਗਰਸ ਦੀ ਸਰਕਾਰ ਸਮੇਂ ਫੂਡ ਸਪਲਾਈ ਮੰਤਰੀ ਸਨ ਅਤੇ ਉਨ੍ਹਾਂ ’ਤੇ ਘੁਟਾਲਿਆਂ ਸਬੰਧੀ ਕਈ ਆਰੋਪ ਲੱਗੇ ਸਨ। ਇਨ੍ਹਾਂ ਘੁਟਾਲਿਆਂ ਸਬੰਧੀ ਭਾਰਤ ਭੂਸ਼ਣ ਆਸ਼ੂ ਨੇ ਕੁਝ ਸਮਾਂ ਜੇਲ੍ਹ ਵੀ ਕੱਟੀ ਅਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ ਭਿ੍ਰਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਜਾਂਚ ਵਿਚ ਕਈ ਸਾਬਕਾ ਕਾਂਗਰਸੀ ਮੰਤਰੀ ਘਿਰ ਵੀ ਚੁੱਕੇ ਹਨ। ਜਿਸ ਤੋਂ ਬਾਅਦ ਕਾਂਗਰਸ ਦੇ ਕੁਝ ਸਾਬਕਾ ਮੰਤਰੀ ਤਾਂ ਭਾਜਪਾ ਵਿਚ ਵੀ ਸ਼ਾਮਲ ਹੋ ਗਏ ਸਨ।

RELATED ARTICLES
POPULAR POSTS