ਗੁਹਾਟੀ ਸ਼ਹਿਰ ’ਚ ਯਾਤਰਾ ਨੂੰ ਦਾਖਲ ਹੋਣ ਤੋਂ ਰੋਕ ਰਹੀ ਸੀ ਅਸਾਮ ਪੁਲਿਸ
ਗੁਹਾਟੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ’ਚ ਕੱਢੀ ਜਾ ਰਹੀ ਭਾਰਤ ਜੋੜੋ ਨਿਆਂ ਯਾਤਰਾ ਅੱਜ ਮੰਗਲਵਾਰ ਨੂੰ ਅਸਾਮ ਪਹੁੰਚੀ, ਜਿੱਥੇ ਅਸਾਮ ਪੁਲਿਸ ਨੇ ਯਾਤਰਾ ਨੂੰ ਗੁਹਾਟੀ ਸ਼ਹਿਰ ’ਚ ਦਾਖਲ ਹੋਣ ਤੋਂ ਰੋਕ ਦਿੱਤਾ। ਰਾਹੁਲ ਗਾਂਧੀ ਆਪਣੇ ਕਾਫਲੇ ਸਮੇਤ ਗੁਹਾਟੀ ਸ਼ਹਿਰ ’ਚ ਜਾਣਾ ਚਾਹੁੰਦੇ ਸਨ ਪ੍ਰੰਤੂ ਪ੍ਰਸ਼ਾਸਨ ਨੇ ਇਸ ਦੀ ਆਗਿਆ ਨਹੀਂ ਦਿੱਤੀ। ਪੁਲਿਸ ਨੇ ਗੁਹਾਟੀ ਸ਼ਹਿਰ ਨੂੰ ਜਾਣ ਵਾਲੇ ਰਸਤੇ ’ਤੇ ਬੈਰੀਕੇਡਿੰਗ ਕਰ ਦਿੱਤੀ ਸੀ ਅਤੇ ਇਸੇ ਦੌਰਾਨ ਕਾਂਗਰਸੀ ਵਰਕਰ ਅਸਾਮ ਪੁਲਿਸ ਨਾਲ ਭਿੜ ਗਏ ਅਤੇ ਬੈਰੀਕੇਡਿੰਗ ਨੂੰ ਤੋੜ ਦਿੱਤਾ। ਉਧਰ ਅਸਾਮ ਪੁਲਿਸ ਦਾ ਕਹਿਣਾ ਹੈ ਕਿ ਅੱਜ ਵਰਕਿੰਗ ਡੇਅ ਹੈ ਅਤੇ ਜੇਕਰ ਯਾਤਰਾ ਸ਼ਹਿਰ ਵਿਚ ਦਾਖਲ ਹੁੰਦੀ ਹੈ ਤਾਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿਗੜ ਜਾਵੇਗੀ। ਜਦਕਿ ਪ੍ਰਸ਼ਾਸਨ ਨੇ ਰੈਲੀ ਨੂੰ ਨੈਸ਼ਨਲ ਹਾਈਵੇ ’ਤੇ ਜਾਣ ਦੇ ਹੁਕਮ ਦਿੱਤੇ ਸਨ ਜੋ ਸ਼ਹਿਰ ਦੇ ਚਾਰੋਂ ਪਾਸੇ ਰਿੰਗ ਰੋਡ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਸਬੰਧੀ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ’ਚ ਜਿਸ ਰਸਤੇ ’ਤੇ ਭਾਰਤ ਜੋੜੋ ਯਾਤਰਾ ਨੂੰ ਰੋਕਿਆ ਗਿਆ ਹੈ, ਉਸੇ ਰਸਤੇ ਤੋਂ ਬਜਰੰਗ ਦਲ ਅਤੇ ਜੇਪੀ ਨੱਢਾ ਦੀ ਰੈਲੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਬੈਰੀਕੇਡਿੰਗ ਨੂੰ ਤੋੜਿਆ ਹੈ ਕੋਈ ਕਾਨੂੰਨ ਨਹੀਂ ਤੋੜਿਆ। ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹਾਂ ਅਤੇ ਅਸੀਂ ਯਾਤਰਾ ਉਸੇ ਰਸਤੇ ਤੋਂ ਕੱਢੀ ਜਿਸ ਦੀ ਸਾਨੂੰ ਆਗਿਆ ਦਿੱਤੀ ਗਈ ਸੀ। ਉਧਰ ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਟਵੀਟ ਕਰਕੇ ਡੀਜੀਪੀ ਅਸਾਮ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭੀੜ ਭੜਕਾਉਣ ਲਈ ਰਾਹੁਲ ਗਾਂਧੀ ਵਿਰੁੱਧ ਕੇਸ ਦਰਜ ਕਰਨ।