ਕਾਂਗਰਸ ਵਲੋਂ ਆਡੀਓ ਟੇਪ ‘ਚ ਖੁਲਾਸਾ – ਰਾਫੇਲ ਸੌਦੇ ਬਾਰੇ ਫਾਈਲ ਪਰੀਕਰ ਦੇ ਬੈਡਰੂਮ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਵਿਚ ਜਦੋਂ ਇਹ ਖੁਲਾਸਾ ਕੀਤਾ ਗਿਆ ਕਿ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਰਾਫ਼ੇਲ ਸੌਦੇ ਬਾਰੇ ਇਕ ਫਾਈਲ ਆਪਣੇ ਬੈੱਡਰੂਮ ਵਿਚ ਰੱਖੀ ਹੋਈ ਹੈ ਤੇ ਰਾਹੁਲ ਗਾਂਧੀ ਨੇ ਇਸ ਬਾਰੇ ਇਕ ਆਡੀਓ ਟੇਪ ਸਦਨ ਵਿਚ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਤੇ ਸਰਕਾਰ ਵਿਚਕਾਰ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਝਟਪਟ ਆਖਿਆ ਕਿ ਟੇਪ ਜਾਅਲੀ ਹੈ ਤੇ ਕਾਂਗਰਸ ਪ੍ਰਧਾਨ ਨੂੰ ਮਰਿਆਦਾ ਮਤੇ ਤੇ ਬਰਖਾਸਤਗੀ ਦੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੰਸਦ ਦੇ ਬਾਹਰ ਗੋਆ ਦੇ ਮੰਤਰੀ ਵਿਸ਼ਵਜੀਤ ਰਾਣੇ ਦੀ ਇਕ ਵਿਅਕਤੀ ਨਾਲ ਹੋਈ ਗੱਲਬਾਤ ਦੀ ਆਡੀਓ ਟੇਪ ਜਾਰੀ ਕੀਤੀ ਜਿਸ ਵਿਚ ਉਹ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਪਿਛਲੇ ਹਫ਼ਤੇ ਕੈਬਨਿਟ ਦੀ ਮੀਟਿੰਗ ਵਿਚ ਪਰੀਕਰ ਨੇ ਆਖਿਆ ਸੀ ਕਿ ਰਾਫ਼ਾਲ ਸੌਦੇ ਬਾਰੇ ਸਮੁੱਚੀ ਫਾਈਲ ਉਨ੍ਹਾਂ ਦੇ ਬੈੱਡਰੂਮ ਵਿਚ ਪਈ ਹੈ। ਇਸ ਦੌਰਾਨ ਰਾਣੇ ਨੇ ਆਡੀਓ ਟੇਪ ਨੂੰ ਫਰਜ਼ੀ ਕਰਾਰ ਦਿੱਤਾ ਹੈ।
ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਪਾਰਲੀਮੈਂਟ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਦਮ ਖ਼ਮ ਨਹੀਂ ਹੈ ਜਦਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਗਾਂਧੀ ‘ਤੇ ਝੂਠ ਦਾ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਸਦਨ ਵਿਚ ਦੋਵੇਂ ਧਿਰਾਂ ਵਲੋਂ ਆਪਣੇ ਵਿਰੋਧੀ ਆਗੂ ਦੀ ਤਕਰੀਰ ਵਿਚ ਵਾਰ ਵਾਰ ਅੜਿੱਕੇ ਡਾਹੇ ਗਏ ਜਿਸ ਕਰ ਕੇ ਸਦਨ ਦੀ ਕਾਰਵਾਈ ਵਾਰ ਵਾਰ ਰੋਕਣੀ ਪਈ। ਰੌਲੇ ਰੱਪੇ ਦੇ ਮਾਹੌਲ ਵਿਚ ਤਿੰਨ ਘੰਟਿਆਂ ਤੋਂ ਚਲੀ ਆ ਰਹੀ ਬਹਿਸ ਉਦੋਂ ਖਤਮ ਹੋ ਗਈ ਜਦੋਂ ਸਪੀਕਰ ਸੁਮਿਤਰਾ ਮਹਾਜਨ ਨੇ ਆਪਣੇ ਆਸਣ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਅੰਨਾਡੀਐਮਕੇ ਦੇ 24 ਮੈਂਬਰਾਂ ਨੂੰ ਸੈਸ਼ਨ ਦੇ ਰਹਿੰਦੇ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤਾ। ਮੋਦੀ ਸਰਕਾਰ ਦੀ ਉਦੋਂ ਹੋਰ ਕਿਰਕਿਰੀ ਹੋਈ ਜਦੋਂ ਇਸ ਦੀ ਸਹਿਯੋਗੀ ਸ਼ਿਵ ਸੈਨਾ ਨੇ ਰਾਫ਼ੇਲ ਸੌਦੇ ਦੀ ਜੇਪੀਸੀ ਜਾਂਚ ਦੀ ਮੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਜਹਾਜ਼ ਤਾਂ ਠੀਕ ਹੈ ਪਰ ਸੌਦਾ ਬਹੁਤ ਖਰਾਬ ਹੈ। ਜੇਤਲੀ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਸ਼ਾਸਨ ਦੌਰਾਨ ਹੋਏ ਰੱਖਿਆ ਘੁਟਾਲੇ ਭੁੱਲ ਗਏ ਹਨ। ਉਨ੍ਹਾਂ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਦੀ ਮੰਗ ਰੱਦ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਰਾਫ਼ੇਲ ਸੌਦੇ ‘ਤੇ ਤਸੱਲੀ ਜਤਾਈ ਹੈ। ਉਨ੍ਹਾਂ ਕਿਹਾ ਕਿ ਬੋਫ਼ੋਰਜ਼ ਸੌਦੇ ਦੀ ਜੇਪੀਸੀ ਨੇ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਕਾਂਗਰਸ ਨੂੰ ਚਿੜਾਉਣ ਲਈ ਕ੍ਰਿਸਟੀਅਨ ਮਿਸ਼ੇਲ ਤੇ ਓਤਾਵੀਓ ਕੁਆਤਰੋਚੀ ਦੇ ਨਾਂ ਵੀ ਲਏ। ਜੇਤਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਵਾਗਡੋਰ ਬਹੁਤ ਵੱਡੇ ਆਗੂਆਂ ਦੇ ਹੱਥਾਂ ਵਿਚ ਰਹੀ ਹੈ ਪਰ ਮੌਜੂਦਾ ਪ੍ਰਧਾਨ ਨੂੰ ਜਹਾਜ਼ਾਂ ਬਾਰੇ ਕੋਈ ਸਮਝ ਨਹੀਂ ਹੈ। ਉਨ੍ਹਾਂ ਇਸ ਸੰਦਰਭ ਵਿਚ ਸਾਜਿਸ਼ ਦੀ ਥਿਊਰੀ ਦਰਸਾਉਣ ਲਈ ਹੌਲੀਵੁਡ ਦੇ ਜੇਮਜ਼ ਬੌਂਡ ਦੇ ਇਕ ਸੰਵਾਦ ਦਾ ਵੀ ਸਹਾਰਾ ਲਿਆ।
Check Also
ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਸਰਪੰਚਾਂ ਅਤੇ ਪੰਚਾਂ ਨੂੰ 3 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰ
ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਹੋਣਗੇ ਜ਼ਿਲ੍ਹਾ ਪੱਧਰ ਸਮਾਗਮ ਚੰਡੀਗੜ੍ਹ/ਬਿਊਰੋ ਨਿਊਜ਼ : …