Breaking News
Home / ਕੈਨੇਡਾ / ਜਗਦੀਸ਼ ਮਾਨ ਦਾ ਚੈਰੀ ਨੂੰ ਕਰਾਰਾ ਜੁਆਬ

ਜਗਦੀਸ਼ ਮਾਨ ਦਾ ਚੈਰੀ ਨੂੰ ਕਰਾਰਾ ਜੁਆਬ

ਟੋਰਾਂਟੋ/ਡਾ. ਝੰਡ
11 ਨਵੰਬਰ ਦੇ ਅੰਗਰੇਜ਼ੀ ਅਖ਼ਬਾਰ ‘ਟੋਰਾਂਟੋ ਸੰਨ’ ਵਿਚ ਡੌਨ ਚੈਰੀ ਦੀ ਕੈਨੇਡਾ ਵਿਚ ਆਏ ਇਮੀਗਰੈਂਟਾਂ ਬਾਰੇ ਇਕ ਵਿਵਾਦ-ਪੂਰਵਕ ਟਿੱਪਣੀ ਛਪੀ ਸੀ ਜਿਸ ਵਿਚ ਉਸ ਨੇ ਕਿਹਾ ਸੀ, ”ਇਮੀਗਰੈਂਟ ਵਧੀਆ ਨਾਗਰਿਕ ਨਹੀਂ ਹਨ, ਉਹ ‘ਰੀਮੈਂਬਰੈਂਸ-ਡੇਅ’ ਤੋਂ ਪਹਿਲਾਂ ਪੌਪੀ-ਫ਼ਲਾਵਰ ਖ਼ਰੀਦ ਕੇ ਨਹੀਂ ਲਗਾਉਂਦੇ।” ਉਸ ਦਾ ਇਹ ਵੀ ਕਹਿਣਾ ਸੀ, ”ਤੁਸੀਂ ਲੋਕ (ਇੰਮੀਗਰੈਂਟਸ) ਸਾਡੇ ਜੀਵਨ-ਢੰਗ ਨੂੰ ਪਸੰਦ ਕਰਦੇ ਹੋ, ਸਾਡੇ ਦੁੱਧ ਤੇ ਸ਼ਹਿਦ ਨੂੰ ਪਸੰਦ ਕਰਦੇ ਹੋ। ਤੁਹਾਨੂੰ ਕੁਝ ਬੱਕਸ (ਡਾਲਰ) ‘ਪੌਪੀ ਫ਼ਲਾਵਰ’ ਜਾਂ ਅਜਿਹੇ ਕੰਮਾਂ ਲਈ ਵੀ ਪਾਉਣੇ ਚਾਹੀਦੇ ਹਨ। ਇਨ੍ਹਾਂ ਲੋਕਾਂ (ਸ਼ਹੀਦਾਂ) ਨੇ ਤੁਹਾਡੇ ਲਈ ਆਪਣੀਆਂ ਜਾਨਾਂ ਤੁਹਾਡੇ ਇਸ ਜੀਵਨ ਲਈ ਵਾਰੀਆਂ ਜੋ ਤੁਸੀਂ ਇੱਥੇ ਕੈਨੇਡਾ ਵਿਚ ਮਾਣ ਰਹੇ ਹੋ।” ਇੱਥੇ ਇਹ ਦੱਸਣਾ ਬਣਦਾ ਹੈ ਕਿ ਉਸ ਦੀ ਇਸ ਟਿੱਪਣੀ ਉੱਪਰ ਸਖ਼ਤ ਪ੍ਰਤੀਕਰਮ ਵਜੋਂ ‘ਸਪੋਰਟਸਨੈੱਟ’ ਦੇ ਪ੍ਰਬੰਧਕਾਂ ਵੱਲੋਂ ਇਸ ਦੇ ਸੈੱਗਮੈਂਟ ‘ਹਾਕੀ ਨਾਈਟ ਇਨ ਕੈਨੇਡਾ’ ਵਿੱਚੋਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਹੈ।
ਡੌਨ ਚੈਰੀ ਦੀ ਇਸ ਨਸਲੀ ਕਿਸਮ ਦੀ ਟਿੱਪਣੀ ਦਾ ਗ਼ੈਰ-ਯੌਰਪੀਅਨ ਦੇਸ਼ਾਂ, ਖ਼ਾਸ ਤੌਰ ‘ਤੇ ਭਾਰਤ, ਪਾਕਿਸਤਾਨ ਤੇ ਹੋਰ ਦੱਖਣੀ-ਏਸ਼ੀਆਂ ਦੇਸ਼ਾਂ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਇੱਥੇ ਕੈਨੇਡਾ ਵਿਚ ਇਮੀਗਰੈਂਟਸ ਵਜੋਂ ਆਏ ਹਨ, ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। 12 ਨਵੰਬਰ ਦੇ ਅੰਗਰੇਜ਼ੀ ਅਖ਼ਬਾਰ ‘ਦ ਸਟਾਰ’ ਵਿਚ ਇਸ ਸਬੰਧੀ ਪੱਤਰਕਾਰ ਜਗਦੀਸ਼ ਮਾਨ ਦੀ ਲੰਮੀ-ਚੌੜੀ ਰਿਪੋਰਟ ਛਪੀ ਹੈ ਜਿਸ ਵਿਚ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਡੌਨ ਚੈਰੀ ਨੇ ‘ਪੌਪੀ ਸਟੋਰੀ’ ਦੇ ਦੂਸਰੇ ਅੱਧ ਬਾਰੇ ਕੁਝ ਨਹੀਂ ਦੱਸਿਆ। ਉਸ ਨੂੰ ਇਸ ਦੇ ਬਾਰੇ ਵੀ ਕੁਝ ਬੋਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਈਆਂ ਲੋਕਾਂ ਵੱਲੋਂ ”ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ” ਵਰਗੀਆਂ ਕੀਤੀ ਜਾਣ ਵਾਲੀਆਂ ਨਸਲੀ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ ਅਤੇ ਇਹ ਕੈਨੇਡਾ ਦੀਆਂ ਵਧੀਆ ਕਦਰਾਂ-ਕੀਮਤਾਂ ਦੇ ਉਲਟ ਹਨ।
‘ਪੌਪੀ ਸਟੋਰੀ’ ਦੇ ਦੂਸਰੇ ਅੱਧ ਬਾਰੇ ਇਸ ਪੱਤਰਕਾਰ ਦਾ ਕਹਿਣਾ ਹੈ,”ਕੈਨੇਡਾ ਦੇ ਇਤਿਹਾਸ ਬਾਰੇ ਛਪੀਆਂ ਪੁਸਤਕਾਂ ਵਿਚ ਦਰਜ ਹੈ ਕਿ ਪਹਿਲੀ ਵਿਸ਼ਵ ਜੰਗ ਵਿਚ ਕੈਨੇਡਾ 61,000 ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪਰੰਤੂ, ਡੋਮੀਨੀਅਮ ਜਾਂ ਕੋਲੋਨੀਅਲ ਆਰਮੀ ਜਿਸ ਦਾ ਇਸ ਜੰਗ ਵਿਚ ਅਹਿਮ ਯੋਗਦਾਨ ਸੀ, ਵਿਚ ਕੈਨੇਡੀਅਨ ਬਹੁਤੀ ਗਿਣਤੀ ਵਿਚ ਨਹੀਂ ਸਨ ਅਤੇ ਨਾ ਹੀ ਇਸ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸਾਊਥ ਅਫ਼ਰੀਕਾ ਦੇ ਸੈਨਿਕ ਸ਼ਾਮਲ ਸਨ, ਸਗੋਂ ਇਸ ਵਿਚ ਬਹੁ-ਗਿਣਤੀ ਪੰਜਾਬੀਆਂ (ਭਾਰਤੀਆਂ) ਦੀ ਸੀ ਜਿਨ੍ਹਾਂ ਵਿਚ ਸਿੱਖ ਅਤੇ ਮੁਸਲਮਾਨ ਸ਼ਾਮਲ ਸਨ। ਭਾਰਤੀ ਫ਼ੌਜ ਨੇ ਇਸ ‘ਅਲਾਈਡ ਵਾਰ’ (ਸਾਂਝੀ ਜੰਗ) ਲਈ ਆਪਣੇ 1.4 ਮਿਲੀਅਨ ਫ਼ੌਜੀ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 74,000 ਫ਼ੌਜੀਆਂ ਨੇ ਇਸ ਵਿਚ ਸ਼ਹੀਦੀਆਂ ਪਾਈਆਂ ਅਤੇ ਇਹ ਗਿਣਤੀ ਕੈਨੇਡੀਅਨ ਫ਼ੌਜ ਦੇ ਸ਼ਹੀਦੀ ਪਾਉਣ ਨਾਲੋਂ ਵਧੇਰੇ ਬਣਦੀ ਹੈ। ਬੜੇ ਦੁੱਖ ਤੇ ਅਫ਼ਸੋਸ ਵਾਲੀ ਗੱਲ ਹੈ ਕਿ ਇਹ ਹਵਾਲੇ ਭਾਰਤੀ ਪਾਠ-ਪੁਸਤਕਾਂ ਵਿੱਚੋਂ ਹੁਣ ਹਟਾ ਦਿੱਤੇ ਗਏ ਹਨ।”
ਅੱਗੇ ਚੱਲ ਕੇ ਆਪਣੀ ਰਿਪੋਰਟ ਵਿਚ ਜਗਦੀਸ਼ ਮਾਨ ਲਿਖਿਆ ਹੈ, ”ਮਈ 1915 ਵਿਚ ਹੋਈ ਯੈਪਰੇ ਦੀ ਦੂਸਰੀ ਲੜਾਈ ਵਿਚ ਕੈਨੇਡੀਅਨ ਫ਼ੌਜ ਦੀ ਫ਼ਸਟ ਡਿਵੀਜ਼ਨ ਅਤੇ ਭਾਰਤੀ ਫ਼ੌਜ ਦੀ ਲਾਹੌਰ ਡਿਵੀਜ਼ਨ ਨੇ ਮਿਲ ਕੇ ਜਰਮਨਾਂ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜਿਆ ਸੀ ਜਿਸ ਨੂੰ ਕੈਨੇਡੀਅਨ ਫ਼ੌਜ ਦੇ ਸਰਜਨ ਜੌਹਨ ਮੈਕਰੇ ਨੇ ਆਪਣੀ ਪੁਸਤਕ ‘ਫ਼ਲੈਂਡਰਜ਼ ਫ਼ੀਲਡਜ਼’ ਵਿਚ ਬਾਖ਼ੂਬੀ ਬਿਆਨ ਕੀਤਾ ਹੈ।” ‘ਦ ਸਟਾਰ’ ਵਿਚ ਛਪੀ ਇਸ ਰਿਪੋਰਟ ਦੇ ਅਖ਼ੀਰ ਵਿਚ ਜਗਦੀਸ਼ ਮਾਨ ਦਾ ਕਹਿਣਾ ਹੈ ਕਿ ਜੇਕਰ ਡੌਨ ਚੈਰੀ ਸੱਚ-ਮੁੱਚ ‘ਪੌਪੀ’ ਦੀ ਮਹਾਨਤਾ ਬਰਕਰਾਰ ਰੱਖਣੀ ਚਾਹੁੰਦਾ ਹੈ ਤਾਂ ਉਸ ਨੂੰ ਯੈਪਰੇ ਦੀ ਇਸ ਮਹਾਨ ਲੜਾਈ ਬਾਰੇ ਵੀ ਜਾਣਨਾ ਚਾਹੀਦਾ ਹੈ ਜਿਸ ਵਿਚ ਕੈਨੇਡਾ ਤੇ ਭਾਰਤ ਦੀਆਂ ਫ਼ੌਜਾਂ ਨਾਲੋ-ਨਾਲ ਮਿਲ ਕੇ ਲੜੀਆਂ ਸਨ ਜਿੱਥੋਂ ਇਸ ‘ਪੌਪੀ ਸਟੋਰੀ’ ਦੀ ਸ਼ੁਰੂਆਤ ਹੋਈ ਸੀ।
ਫ਼ੌਜਾਂ ਦੇ ਇਸ ਗਰੁੱਪ ਵਿਚ ਕੈਨੇਡੀਅਨ, ਭਾਰਤੀ, ਮੋਰੋਕਨ, ਅਲਜੀਰੀਅਨ, ਫ਼ਰੈਂਚ, ਆਇਰਸ਼ ਅਤੇ ਬਰਿਟਿਸ਼ਰਜ਼ ਸ਼ਾਮਲ ਸਨ। ਜਰਮਨਾਂ ਦੇ ਇਸ ਹਮਲੇ ਨੂੰ ਪਛਾੜਨ ਲਈ ਭਾਰਤੀ ਫ਼ੌਜੀ ਜਿਨ੍ਹਾਂ ਵਿਚ ਜਲੰਧਰ ਤੇ ਫ਼ਿਰੋਜ਼ਪੁਰ ਦੇ ਬ੍ਰਿਗੇਡਾਂ ਤੋਂ ਬਹੁਤੇ ਪੰਜਾਬੀ ਫ਼ੌਜੀ ਸ਼ਾਮਲ ਸਨ, ਫ਼ਰਾਂਸ ਵਿਚ ਆਪਣੀ ਪੋਸਟ ਨਿਊਵੇ ਚੈਪਲ ਤੋਂ 55 ਕਿਲੋਮੀਟਰ ਪੈਦਲ ਚੱਲ ਕੇ ਬੈਲਜੀਅਮ ਵਿਚ ਕੈਨੇਡੀਅਨ ਫ਼ੌਜਾਂ ਦੀ ਮਦਦ ਲਈ ਯੇਪਰੇ ਪਹੁੰਚੇ ਸਨ ਅਤੇ ਸਰਜਨ ਮੈਕਰੇ ਦੀ ਕਮਾਨ ਹੇਠ ਲੜੇ ਸਨ। ਡੌਨ ਚੈਰੀ ਨੂੰ ‘ਪੌਪੀ ਸਟੋਰੀ’ ਦੇ ਇਸ ਦੂਸਰੇ ਅੱਧ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …