Breaking News
Home / ਭਾਰਤ / ਲਾਭ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ

ਲਾਭ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ

20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਐਤਵਾਰ ਨੂੰ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਦੋਹਰੇ ਲਾਭ ਦੇ ਨਿਯਮ ਤਹਿਤ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰ ਲਿਆ ਹੈ। ਉਧਰ ‘ਆਪ’ ਨੇ ਇਸ ਕਾਰਵਾਈ ਨੂੰ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਹਿਲਾਂ ਹੀ ਚੋਣ ਕਮਿਸ਼ਨ ਦੀ ਸਿਫਾਰਸ਼ ਉੱਤੇ ਸਹਿਮਤੀ ਦੇ ਦਿੱਤੀ ਸੀ।
ਦੇਸ਼ ਦੇ ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟਫਿਕੇਸ਼ਨ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਗਟ ਕੀਤੀ ਰਾਇ ਦੀ ਰੋਸ਼ਨੀ ਵਿੱਚ ਦਿੱਲੀ ਵਿਧਾਨ ਸਭਾ ਦੇ 20 ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਨ੍ਹਾਂ 20 ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਸੀ ਤੇ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਵਕੀਲ ਪ੍ਰਸ਼ਾਂਤ ਪਟੇਲ ਨੇ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਸੀ, ਜਿਸ ਬਾਰੇ ਤਤਕਾਲੀ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਤੋਂ ਰਾਇ ਮੰਗੀ ਸੀ ਤੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ। ਆਪ ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਕਿਹਾ ਕਿ ਰਾਸ਼ਟਰਪਤੀ ਦਾ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਗੈਰਸੰਵਿਧਾਨਕ ਅਤੇ ਜਮਹੂਰੀਅਤ ਲਈ ਖਤਰਾ ਹੈ। ਰਾਸ਼ਟਰਪਤੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅਯੋਗ ਠਹਿਰਾਏ ਵਿਧਾਇਕਾਂ ਵਿੱਚ ਅਦਰਸ਼ ਸਾਸ਼ਤਰੀ, ਅਲਕਾ ਲਾਂਬਾ, ਅਨਿਲ ਬਾਜਪਾਈ, ਅਵਤਾਰ ਸਿੰਘ, ਕੈਲਾਸ਼ ਗਹਿਲੋਤ, , ਮਦਨ ਲਾਲ, ਮਨੋਜ ਕੁਮਾਰ, ਨਰੇਸ਼ ਯਾਦਵ, ਨਿਤਿਨ ਤਿਆਗੀ, ਪ੍ਰਵੀਨ ਕੁਮਾਰ, ਰਾਜੇਸ਼ ਗੁਪਤਾ, ਰਾਜੇਸ਼ ਰਿਸ਼ੀ, ਸੰਜੀਵ ਝਾਅ, ਸਾਰਿਤਾ ਸਿੰਘ, ਸੋਮ ਦੱਤ, ਸ਼ਰਦ ਕੁਮਾਰ, ਸ਼ਿਵ ਚਰਨ ਗੋਇਲ, ਸੁਖਬੀਰ ਸਿੰਘ, ਵਿਜੇਂਦਰ ਗਰਗ ਅਤੇ ਜਰਨੈਲ ਸਿੰਘ ਸ਼ਾਮਲ ਹਨ।
ਉਧਰ ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਤੋਂ ਅਯੋਗ ਠਹਿਰਾਈ ਵਿਧਾਇਕਾ ਅਲਕਾ ਲਾਂਬਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਐਤਵਾਰ ਨੂੰ ਛੁੱਟੀ ਦੇ ਦਿਨ ਹੀ ਇਹ ਨੋਟੀਫਿਕੇਸ਼ਨ ਜਾਰੀ ਕਰਨ ਦੀ ਕਾਹਲ਼ ਕੀਤੀ ਗਈ। ‘ਆਪ’ ਵਿਧਾਇਕ ਪਿਛਲੇ ਦਿਨ ਤੋਂ ਰਾਸ਼ਟਰਪਤੀ ਅੱਗੇ ਆਪਣਾ ਪੱਖ ਰੱਖਣ ਲਈ ਸਮਾਂ ਮੰਗ ਰਹੇ ਸਨ ਪਰ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸੰਵਿਧਾਨਕ ਸੰਸਥਾਵਾਂ ਦੀ ਕਥਿਤ ਦੁਰਵਰਤੋਂ ਕਰ ਰਹੀ ਹੈ ਤੇ ‘ਆਪ’ ਸਰਕਾਰ ਨੂੰ ਕਮਜ਼ੋਰ ਕਰਨ ਦੀ ਤਿੰਨ ਸਾਲ ਤੋਂ ਕੋਸ਼ਿਸ਼ ਕੀਤ ਜਾ ਰਹੀ ਸੀ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …