Breaking News
Home / ਭਾਰਤ / ਲਾਲੂ ਪ੍ਰਸਾਦ ਯਾਦਵ ਨੂੰ ਤੀਜੇ ਕੇਸ ‘ਚ ਪੰਜ ਸਾਲ ਦੀ ਸਜ਼ਾ

ਲਾਲੂ ਪ੍ਰਸਾਦ ਯਾਦਵ ਨੂੰ ਤੀਜੇ ਕੇਸ ‘ਚ ਪੰਜ ਸਾਲ ਦੀ ਸਜ਼ਾ

10 ਲੱਖ ਰੁਪਏ ਜੁਰਮਾਨਾ ਵੀ ਭਰਨਾ ਪਵੇਗਾ
ਰਾਂਚੀ/ਬਿਊਰੋ ਨਿਊਜ਼ : ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਦੀਆਂ ਮੁਸੀਬਤਾਂ ਵਿਚ ਬੁੱਧਵਾਰ ਨੂੰ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਬਹੁ ਕਰੋੜੀ ਚਾਰਾ ਘੁਟਾਲੇ ਨਾਲ ਸਬੰਧਤ ਤੀਜੇ ਕੇਸ ਵਿਚ ਸੀਬੀਆਈ ਦੀ ਰਾਂਚੀ ਸਥਿਤ ਵਿਸ਼ੇਸ਼ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾ ਦਿੱਤੀ। ਚਾਇਬਾਸਾ ਖ਼ਜ਼ਾਨੇ ਵਿਚੋਂ 1990ਵਿਆਂ ਵਿਚ 37.62 ਕਰੋੜ ਰੁਪਏ ਫਰਜ਼ੀ ਢੰਗ ਨਾਲ ਕਢਵਾਉਣ ਦੇ ਕੇਸ ਵਿਚ ਐਸ ਐਸ ਪ੍ਰਸਾਦ ਦੀ ਅਦਾਲਤ ਨੇ ਬਿਹਾਰ ਦੇ ਇਕ ਹੋਰ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਵੀ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਲਾਲੂ ਪ੍ਰਸਾਦ ਅਤੇ ਮਿਸ਼ਰਾ ਨੂੰ 10-10 ਲੱਖ ਰੁਪਏ ਦੇ ਜੁਰਮਾਨੇ ਕੀਤੇ ਹਨ। ਇਹੋ ਸਜ਼ਾ ਬਿਹਾਰ ਵਿਧਾਨ ਸਭਾ ਦੀ ਜਨ ਸਲਾਹਕਾਰ ਕਮੇਟੀ ਦੇ ਸਾਬਕਾ ਚੇਅਰਮੈਨ ਜਗਦੀਸ਼ ਸ਼ਰਮਾ ਅਤੇ ਸਾਬਕਾ ਵਿਧਾਇਕ ਆਰ ਕੇ ਰਾਣਾ ਨੂੰ ਵੀ ਸੁਣਾਈ ਹੈ। ਬਿਹਾਰ ਦੇ ਸਾਬਕਾ ਮੰਤਰੀ ਵਿਦਿਆ ਸਾਗਰ ਨਿਸ਼ਾਦ ਅਤੇ ਸਾਬਕਾ ਵਿਧਾਇਕ ਧਰੁਵ ਭਗਤ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਸੀਬੀਆਈ ਅਦਾਲਤ ਨੇ ਤਿੰਨ ਸਾਬਕਾ ਅਧਿਕਾਰੀਆਂ ਫੂਲ ਚੰਦ ਸਿੰਘ, ਮਹੇਸ਼ ਪ੍ਰਸਾਦ ਅਤੇ ਸਜਲ ਚੱਕਰਵਰਤੀ ਨੂੰ ਚਾਰ-ਚਾਰ ਸਾਲ ਦੀ ਕੈਦ ਅਤੇ ਦੋ-ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਅਦਾਲਤ ਨੇ ਦੋ ਅਧਿਕਾਰੀਆਂ ਰਾਮ ਪ੍ਰਕਾਸ਼ ਰਾਮ ਅਤੇ ਡਾਕਟਰ ਮੁਕੇਸ਼ ਕੁਮਾਰ ਸ੍ਰੀਵਾਸਤਵ ਤੇ ਚਾਰਾ ਸਪਲਾਈ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਕੇਸ ਦੇ ਹੋਰ ਦੋਸ਼ੀਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਗਈਆਂ ਹਨ। ਇਸ ਕੇਸ ਵਿਚ 76 ਮੁਲਜ਼ਮ ਨਾਮਜ਼ਦ ਸਨ ਜਿਨ੍ਹਾਂ ਵਿਚੋਂ 14 ਦੀ ਮੌਤ ਹੋ ਗਈ ਸੀ।
ਫ਼ੈਸਲੇ ਵਿਰੁੱਧ ਹਾਈਕੋਰਟ ‘ਚ ਜਾਵਾਂਗੇ: ਤੇਜਸਵੀ
ਪਟਨਾ: ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਉਹ ਪਿਤਾ ਦੀ ਸਜ਼ਾ ਖ਼ਿਲਾਫ਼ ਹਾਈ ਕੋਰਟ ਵਿਚ ਅਪੀਲ ਦਾਖ਼ਲ ਕਰਨਗੇ ਅਤੇ ਜੇ ਲੋੜ ਪਈ ਤਾਂ ਸੁਪਰੀਮ ਕੋਰਟ ਵੀ ਜਾਣਗੇ। ਉਨ੍ਹਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ‘ਲੋਕਾਂ ਦੇ ਨਾਇਕ’ (ਲਾਲੂ) ਉੱਤੇ ਦੋਸ਼ ਮੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਇਸ ਸਾਲ ਦੇ ਅਖੀਰ ‘ਚ ਵਿਧਾਨ ਸਭਾ ਚੋਣਾਂ ਕਰਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …