Breaking News
Home / ਭਾਰਤ / ਨਾਗਾਲੈਂਡ ‘ਚ ਨਾਗਰਿਕਾਂ ਦੀ ਮੌਤ ‘ਤੇ ਕੇਂਦਰ ਸਰਕਾਰ ਨੂੰ ਅਫਸੋਸ

ਨਾਗਾਲੈਂਡ ‘ਚ ਨਾਗਰਿਕਾਂ ਦੀ ਮੌਤ ‘ਤੇ ਕੇਂਦਰ ਸਰਕਾਰ ਨੂੰ ਅਫਸੋਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ‘ਚ ਘਟਨਾ ਦੇ ਵੇਰਵੇ ਕੀਤੇ ਸਾਂਝੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਵਿਚ ਫ਼ੌਜ ਵੱਲੋਂ ਕੀਤੀ ਫਾਇਰਿੰਗ ਦੀ ਘਟਨਾ ‘ਤੇ ਲੋਕ ਸਭਾ ‘ਚ ਅਫਸੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਗਲਤ ਪਛਾਣ ਕਾਰਨ ਹੋਈ ਗੋਲੀਬਾਰੀ ਤੇ ਮਗਰੋਂ ਹੋਈ ਹਿੰਸਾ ‘ਚ 14 ਆਮ ਨਾਗਰਿਕ ਮਾਰੇ ਗਏ ਸਨ। ਇਕ ਸੈਨਿਕ ਦੀ ਵੀ ਮੌਤ ਹੋ ਗਈ ਸੀ। ਸ਼ਾਹ ਨੇ ਕਿਹਾ ਕਿ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਇਸ ਮਾਮਲੇ ਦੀ ਜਾਂਚ ਇਕ ਮਹੀਨੇ ‘ਚ ਮੁਕੰਮਲ ਕਰੇਗੀ ਤੇ ਸਾਰੀਆਂ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਅੱਤਵਾਦੀਆਂ ਖਿਲਾਫ ਕਾਰਵਾਈ ਦੌਰਾਨ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਲੋਕ ਸਭਾ ਵਿਚ ਬਿਆਨ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤੇ ਇਲਾਕੇ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਸੂਬਾਈ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪ੍ਰਭਾਵਿਤ ਇਲਾਕਿਆਂ ਵਿਚ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਸ਼ਾਹ ਨੇ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਜ਼ਿਕਰਯੋਗ ਹੈ ਕਿ ਚਾਰ ਦਸੰਬਰ ਨੂੰ ਵਾਪਰੀ ਇਹ ਘਟਨਾ ਗਲਤ ਪਛਾਣ ਦਾ ਮਾਮਲਾ ਸੀ ਤੇ ਸੈਨਾ ਨੇ ਖਾਣ ਵਰਕਰਾਂ ਨੂੰ ਅੱਤਵਾਦੀ ਸਮਝ ਲਿਆ ਸੀ।
ਅੱਤਵਾਦੀਆਂ ਦੀ ਇਸ ਇਲਾਕੇ ਵਿਚ ਗਤੀਵਿਧੀ ਬਾਰੇ ਫ਼ੌਜ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਗ੍ਰਹਿ ਮੰਤਰੀ ਨੇ ਕਿਹਾ ‘ਭਾਰਤ ਸਰਕਾਰ ਨੂੰ ਨਾਗਾਲੈਂਡ ਵਿਚ ਵਾਪਰੀ ਮੰਦਭਾਗੀ ਘਟਨਾ ‘ਤੇ ਗਹਿਰਾ ਅਫ਼ਸੋਸ ਹੈ ਤੇ ਜਿਨ੍ਹਾਂ ਦੀ ਜਾਨ ਗਈ ਹੈ, ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।’ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿਚ ਵਾਪਰੀ ਘਟਨਾ ‘ਚ 11 ਜਣੇ ਜ਼ਖ਼ਮੀ ਵੀ ਹੋਏ ਸਨ। ਸ਼ਾਹ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆ ਕਿਹਾ ਕਿ ਫ਼ੌਜ ਨੂੰ ਅੱਤਵਾਦੀਆਂ ਦੀ ਇਲਾਕੇ ਵਿਚ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਕਾਰਵਾਈ ਕਰਦਿਆਂ ਫ਼ੌਜ ਦੀ ’21 ਪੈਰਾ ਕਮਾਂਡੋ’ ਯੂਨਿਟ ਨੂੰ ਤਾਇਨਾਤ ਕੀਤਾ ਗਿਆ ਸੀ। ਇਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਤੇਜ਼ ਹੋ ਗਿਆ ਤੇ ਨਹੀਂ ਰੁਕਿਆ। ਵਾਹਨ ਵਿਚ ਅੱਤਵਾਦੀਆਂ ਦੇ ਹੋਣ ਦੇ ਸ਼ੱਕ ‘ਚ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ। ਗੱਡੀ ਵਿਚ ਸਵਾਰ 8 ਜਣਿਆਂ ਵਿਚੋਂ ਛੇ ਜਣੇ ਮੌਕੇ ਉਤੇ ਹੀ ਮਾਰੇ ਗਏ।
ਬਾਅਦ ਵਿਚ ਇਹ ਮਾਮਲਾ ‘ਗਲਤ ਪਛਾਣ ਕਰਨ ਦਾ ਨਿਕਲਿਆ।’ ਫ਼ੌਜ ਨੇ ਦੋ ਜ਼ਖ਼ਮੀ ਨਾਗਰਿਕ ਨੂੰ ਮਗਰੋਂ ਹਸਪਤਾਲ ਦਾਖਲ ਕਰਾਇਆ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਜਦ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਕੇ ਹੱਲਾ ਬੋਲ ਦਿੱਤਾ। ਇਸ ਹਿੰਸਾ ਵਿਚ ਇਕ ਸੈਨਿਕ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ।
ਫੌਜ ਦੀ ਪੈਰਾ ਸਪੈਸ਼ਲ ਫੋਰਸ ਖਿਲਾਫ ਹੱਤਿਆ ਦਾ ਕੇਸ ਦਰਜ
ਕੋਹਿਮਾ : ਨਾਗਾਲੈਂਡ ਪੁਲਿਸ ਨੇ ਫ਼ੌਜ ਦੀ 21ਵੀਂ ਪੈਰਾ ਸਪੈਸ਼ਲ ਫੋਰਸ ਖਿਲਾਫ ਕਤਲ ਕੇਸ ਦਰਜ ਕਰ ਲਿਆ ਹੈ। ਸੁਰੱਖਿਆ ਬਲਾਂ ਉਤੇ ਕਥਿਤ ਤੌਰ ‘ਤੇ ਨਾਗਰਿਕਾਂ ਉਤੇ ਗੋਲੀਬਾਰੀ ਕਰਨ ਦੇ ਆਰੋਪ ਲਾਏ ਗਏ ਹਨ। ਰਾਜ ਵਿਚ ਆਦਿਵਾਸੀਆਂ ਦੇ ਕਈ ਸੰਗਠਨਾਂ ਨੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ। ਮੋਨ ਕਸਬੇ ਵਿਚ ਧਾਰਾ 144 ਅਧੀਨ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਬਲਾਂ ਖਿਲਾਫ ਕੇਸ ਆਈਪੀਸੀ ਦੀ ਧਾਰਾ 302/307/34 ਤਹਿਤ ਦਰਜ ਕੀਤਾ ਗਿਆ ਹੈ।
ਫੌਜ ਨੇ ਨਿਹੱਥੇ ਕੋਲਾ ਖਾਣ ਮਜ਼ਦੂਰਾਂ ‘ਤੇ ਕੀਤਾ ਹਮਲਾ : ਰਿਪੋਰਟ ‘ਚ ਦਾਅਵਾ
ਕੋਹਿਮਾ : ਨਾਗਾਲੈਂਡ ਦੇ ਮੋਨ ਜ਼ਿਲ੍ਹੇ ‘ਚ ਗੋਲੀਬਾਰੀ ਕਰਨ ਤੋਂ ਪਹਿਲਾਂ ਫੌਜ ਨੇ ਪਿਕਅੱਪ ਟਰੱਕ ‘ਤੇ ਸਵਾਰ ਲੋਕਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਗੱਲ ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਟੀ. ਜੌਨ ਲੋਂਗਕੁਮੇਰ ਅਤੇ ਕਮਿਸ਼ਨਰ ਰੋਵਿਲਾਟੂਓ ਮੋਰ ਦੀ ਸਾਂਝੀ ਰਿਪੋਰਟ ਵਿੱਚ ਕਹੀ ਗਈ ਹੈ। ਦੋ ਉੱਚ ਅਧਿਕਾਰੀਆਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਪਿੰਡ ਵਾਸੀਆਂ ਨੇ ਦੇਖਿਆ ਕਿ ਫੌਜ ਦੇ ਵਿਸ਼ੇਸ਼ ਬਲ ਛੇ ਲੋਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਬੇਸ ਕੈਂਪ ਲਿਜਾਣ ਦੇ ਇਰਾਦੇ ਨਾਲ ਪਿਕ-ਅੱਪ ਵੈਨ ਵਿੱਚ ਲਪੇਟ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਰਾਜ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ, 4 ਦਸੰਬਰ ਨੂੰ ਸ਼ਾਮ 4:10 ਵਜੇ ਦੇ ਕਰੀਬ 8 ਪਿੰਡ ਵਾਸੀ ਤੀਰੂ ਵਿੱਚ ਕੋਲੇ ਦੀ ਖਾਣ ਤੋਂ ਇੱਕ ਪਿਕਅੱਪ ਟਰੱਕ ਵਿੱਚ ਘਰ ਪਰਤ ਰਹੇ ਸਨ। ਉਨ੍ਹਾਂ ਉੱਤੇ ਸੁਰੱਖਿਆ ਬਲਾਂ ਵੱਲੋਂ ਅਚਾਨਕ ਹਮਲਾ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਿੰਡ ਵਾਸੀ ਨਿਹੱਥੇ ਸਨ ਅਤੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਛੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਆ ਗਏ। ਪਿੰਡ ਵਾਸੀਆਂ ਨੇ ਜਦੋਂ ਲਾਸ਼ਾਂ ਨੂੰ ਲਪੇਟਿਆ ਵੇਖਿਆ ਤਾਂ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਹਿੰਸਕ ਝੜਪ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਸੁਰੱਖਿਆ ਬਲਾਂ ਦੇ ਤਿੰਨ ਵਾਹਨਾਂ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਟਕਰਾਅ ਦੌਰਾਨ ਸੁਰੱਖਿਆ ਬਲਾਂ ਨੇ ਪਿੰਡ ਵਾਸੀਆਂ ‘ਤੇ ਮੁੜ ਗੋਲੀਆਂ ਚਲਾਈਆਂ, ਜਿਸ ਵਿੱਚ ਸੱਤ ਹੋਰਾਂ ਦੀ ਮੌਤ ਹੋ ਗਈ। ਰਿਪੋਰਟ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫੌਜ ਨੇ ਅਸਾਮ ਵੱਲ ਭੱਜੇ ਜਾਂਦੇ ਲੋਕਾਂ ਵੱਲ ਅੰਨ੍ਹੇਵਾਹ ਗੋਲੀਆਂ ਚਲਾਈਆਂ।

 

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …