9.2 C
Toronto
Sunday, April 26, 2026
spot_img
Homeਭਾਰਤਨਰਿੰਦਰ ਮੋਦੀ ਰਾਜ 'ਚ ਅਡਾਨੀ ਦੀ ਕਿਸਮਤ ਬਦਲੀ : ਰਾਹੁਲ ਗਾਂਧੀ

ਨਰਿੰਦਰ ਮੋਦੀ ਰਾਜ ‘ਚ ਅਡਾਨੀ ਦੀ ਕਿਸਮਤ ਬਦਲੀ : ਰਾਹੁਲ ਗਾਂਧੀ

ਕਿਹਾ : ਅਮੀਰਾਂ ਦੀ ਲਿਸਟ ‘ਚ 609ਵੇਂ ਨੰਬਰ ਤੋਂ ਦੂਜੇ ਨੰਬਰ ‘ਤੇ ਕਿਵੇਂ ਆਏ ਅਡਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ‘ਚ ਅਡਾਨੀ-ਹਿੰਡਨਬਰਗ ਮੁੱਦੇ ‘ਤੇ ਵਿਰੋਧੀ ਧਿਰ ਦੇ ਆਗੂਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਜੰਮ ਕੇ ਸਿਆਸੀ ਹਮਲੇ ਕੀਤੇ। ਇਸ ਮੌਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਦੀ ਚੜ੍ਹਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ‘ਚ ਆਉਣ ਨਾਲ ਜੋੜਿਆ। ਰਾਹੁਲ ਨੇ ਕਿਹਾ ਕਿ ਅਸਲੀ ‘ਜਾਦੂ’ 2014 ਤੋਂ ਬਾਅਦ ਹੋਇਆ ਅਤੇ ਅੱਠ ਸਾਲਾਂ ‘ਚ ਹੀ ਕਾਰੋਬਾਰੀ 609ਵੇਂ ਸਥਾਨ ਤੋਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਕਾਂਗਰਸ ਆਗੂ ਦੇ ਬਿਆਨ ਦਾ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਐਵੇਂ ਹੀ ਆਰੋਪ ਨਾ ਲਾਉਣ ਅਤੇ ਇਸ ਦੇ ਸਬੂਤ ਦੇਣ। ਸਪੀਕਰ ਓਮ ਬਿਰਲਾ ਨੇ ਕਾਂਗਰਸ ਆਗੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਤਸਵੀਰਾਂ ਦਿਖਾਉਣ ਤੋਂ ਵਰਜ ਦਿੱਤਾ। ਇਨ੍ਹਾਂ ‘ਚੋਂ ਇਕ ਤਸਵੀਰ ‘ਚ ਪ੍ਰਧਾਨ ਮੰਤਰੀ ਜਹਾਜ਼ ਅੰਦਰ ਅਡਾਨੀ ਨਾਲ ਦਿਖਾਈ ਦੇ ਰਹੇ ਹਨ ਜਦਕਿ ਦੂਜੀ ‘ਚ ਉਹ ਇਕ ਜਹਾਜ਼ ‘ਚੋਂ ਉਤਰਦੇ ਦਿਖਾਈ ਦੇ ਰਹੇ ਹਨ ਜਿਸ ‘ਤੇ ਅਡਾਨੀ ਦਾ ਲੋਗੋ ਲੱਗਿਆ ਹੋਇਆ ਹੈ। ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਲਿਆਂਦੇ ਗਏ ਧੰਨਵਾਦ ਮਤੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ ਰਾਹੁਲ ਨੇ ਮੌਜੂਦਾ ਸਰਕਾਰ ਦੌਰਾਨ ਨਿਯਮ ਬਦਲ ਕੇ ਹਵਾਈ ਅੱਡਿਆਂ ਦੇ ਠੇਕੇ ਅਡਾਨੀ ਗਰੁੱਪ ਨੂੰ ਦਿੱਤੇ ਜਾਣ ਸਮੇਤ ਕਈ ਆਰੋਪ ਲਾਏ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ, ”ਅਡਾਨੀ ਜੀ ਤੁਹਾਡੇ ਨਾਲ ਕਿੰਨੀ ਵਾਰ ਵਿਦੇਸ਼ ਗਏ? ਤੁਹਾਡੇ ਵਿਦੇਸ਼ ਜਾਣ ਬਾਅਦ ਅਡਾਨੀ ਜੀ ਕਿੰਨੀ ਵਾਰ ਉਸ ਦੇਸ਼ ਗਏ? ਕਿੰਨੀ ਵਾਰ ਇੰਜ ਹੋਇਆ ਕਿ ਕਿਸੇ ਮੁਲਕ ‘ਚ ਤੁਹਾਡੇ ਦੌਰੇ ਸਮੇਂ ਅਡਾਨੀ ਨੂੰ ਠੇਕਾ ਮਿਲਿਆ? ਅਡਾਨੀ ਜੀ ਨੇ ਪਿਛਲੇ 20 ਸਾਲਾਂ ‘ਚ ਭਾਜਪਾ ਨੂੰ ਕਿੰਨਾ ਪੈਸਾ ਦਿੱਤਾ? ਚੁਣਾਵੀ ਬਾਂਡ ‘ਚ ਕਿੰਨਾ ਪੈਸਾ ਦਿੱਤਾ?”
ਰਾਹੁਲ ਗਾਂਧੀ ਨੇ ਮੋਦੀ ਵੱਲੋਂ ਰਾਫ਼ਾਲ ਸੌਦੇ ਦੀ ਆਲੋਚਨਾ ਲਈ ਵਿਰੋਧੀ ਧਿਰ ਨੂੰ ਘੇਰਨ ‘ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ‘ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਤੇ ਗਲਤ ਆਰੋਪ ਲਾਏ ਜਾ ਰਹੇ ਹਨ ਪਰ ਹਕੀਕਤ ਕੁਝ ਹੋਰ ਹੈ ਕਿਉਂਕਿ ਐੱਚਏਐੱਲ ਦਾ 126 ਜੈੱਟਾਂ ਦਾ ਠੇਕਾ ਅਨਿਲ ਅੰਬਾਨੀ ਦੇ ਖ਼ਾਤੇ ‘ਚ ਚਲਾ ਗਿਆ ਜਦਕਿ ਉਹ ਦੀਵਾਲੀਆ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਵੀ ਲੋਕਾਂ ਦੀ ਜ਼ੁਬਾਨ ਤੋਂ ਸਿਰਫ਼ ਇਕ ਨਾਮ ਅਡਾਨੀ ਹੀ ਸੁਣਾਈ ਦੇ ਰਿਹਾ ਸੀ। ਲੋਕ ਇਹ ਜਾਣਨਾ ਚਾਹੁੰਦੇ ਸਨ ਕਿ ਅਡਾਨੀ ਦੀ ਕੁੱਲ ਸੰਪਤੀ 2014 ਤੋਂ 2022 ਦੌਰਾਨ 8 ਅਰਬ ਡਾਲਰ ਤੋਂ ਵਧ ਕੇ 140 ਅਰਬ ਡਾਲਰ ਕਿਵੇਂ ਹੋ ਗਈ। ਉਨ੍ਹਾਂ ਹਿੰਡਨਬਰਗ ਦੀ ਰਿਪੋਰਟ ਦਾ ਮੁੱਦਾ ਵੀ ਉਠਾਇਆ ਅਤੇ ਆਰੋਪ ਲਾਇਆ ਕਿ ਅਡਾਨੀ ਦੀਆਂ ਵਿਦੇਸ਼ ‘ਚ ਫਰਜ਼ੀ ਕੰਪਨੀਆਂ ਹਨ। ਹਾਕਮ ਧਿਰ ਨੇ ਵਾਰ-ਵਾਰ ਰਾਹੁਲ ਗਾਂਧੀ ਨੂੰ ਆਪਣੇ ਦਾਅਵੇ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਖਿਲਾਫ ਦਸਤਾਵੇਜ਼ੀ ਸਬੂਤਾਂ ਤੋਂ ਬਿਨਾਂ ਆਰੋਪ ਨਹੀਂ ਲਾਏ ਜਾ ਸਕਦੇ ਹਨ। ਸਪੀਕਰ ਬਿਰਲਾ ਨੇ ਵੀ ਰਾਹੁਲ ਨੂੰ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧਿਆਨ ਕੇਂਦਰਤ ਕਰਨ ਲਈ ਕਿਹਾ।
ਰਾਹੁਲ ਨੇ ਕਿਹਾ ਕਿ ਕਾਰੋਬਾਰ ਅਤੇ ਸਿਆਸਤ ਦੇ ਸਬੰਧਾਂ ਬਾਰੇ ਹਾਰਵਰਡ ਵਰਗੇ ਬਿਜ਼ਨਸ ਸਕੂਲਾਂ ‘ਚ ਸਟੱਡੀ ਕੇਸ ਬਣ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ‘ਚ ਸੋਨੇ ਦਾ ਤਗਮਾ ਮਿਲਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਅਗਨੀਵੀਰ ਯੋਜਨਾ ‘ਤੇ ਵੀ ਸਵਾਲ ਉਠਾਏ ਅਤੇ ਦਾਅਵਾ ਕੀਤਾ ਕਿ ਇਸ ਨਾਲ ਫ਼ੌਜ ਕਮਜ਼ੋਰ ਹੋਵੇਗੀ। ਚਰਚਾ ‘ਚ ਹਿੱਸਾ ਲੈਂਦਿਆਂ ਬੀਜੇਡੀ ਦੇ ਪਿਨਾਕੀ ਮਿਸ਼ਰਾ ਨੇ ਕਿਹਾ ਕਿ ਇਹ ਕੋਈ ਭਰੋਸੇਯੋਗ ਦਸਤਾਵੇਜ਼ ਨਹੀਂ ਹੈ ਅਤੇ ਕਈ ਸੱਚ ਛੁਪਾਏ ਗਏ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨ ‘ਚ ਮਹਿਲਾ ਸ਼ਕਤੀਕਰਨ ਬਾਰੇ ਗੱਲ ਕੀਤੀ ਗਈ ਹੈ ਪਰ ਉਸ ‘ਚ ਮਹਿਲਾ ਰਾਖਵਾਂਕਰਨ ਬਿੱਲ ਦਾ ਕੋਈ ਜ਼ਿਕਰ ਨਹੀਂ ਹੈ।
ਉਧਰ ਰਾਜ ਸਭਾ ‘ਚ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਸਾਂਝੀ ਸੰਸਦੀ ਕਮੇਟੀ ਬਣਾ ਕੇ ਹਿੰਡਨਬਰਗ ਰਿਪੋਰਟ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਦਿਗਵਿਜੈ ਨੇ ਕਿਹਾ ਕਿ ‘ਅੰਮ੍ਰਿਤ ਕਾਲ’ ਦਾ ਲਾਹਾ ਸਿਰਫ਼ ਚੋਣਵੇਂ ਵਿਅਕਤੀਆਂ ਨੂੰ ਹੋਇਆ ਅਤੇ 21 ਵਿਅਕਤੀਆਂ ਕੋਲ 70 ਕਰੋੜ ਲੋਕਾਂ ਜਿੰਨੀ ਸੰਪਤੀ ਹਨ।

RELATED ARTICLES
POPULAR POSTS