
ਕੇਂਦਰ ਸਰਕਾਰ ’ਤੇ ਬਿਨਾ ਸਲਾਹ-ਮਸ਼ਵਰੇ ਤੋਂ ਫੈਸਲੇ ਲੈਣ ਦੇ ਲਗਾਏ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਬਿਨਾ ਸਲਾਹ-ਮਸ਼ਵਰੇ ਤੋਂ ਫੈਸਲੇ ਲੈਣ ਦੇ ਇਲਜ਼ਾਮ ਲਗਾਏ ਹਨ। ਸਚਿਨ ਪਾਇਲਟ ਨੇ ਅਗਨੀਵੀਰ ਯੋਜਨਾ, ਖੇਤੀ ਕਾਨੂੰਨਾਂ ਅਤੇ ਜਾਤੀ ਜਨਗਨਣਾ ਦੀ ਮਿਸਾਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਥਿਆਰਬੰਦ ਸੈਨਾਵਾਂ ਵਿਚ ਚਾਰ ਸਾਲ ਲਈ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਦੇ ਭਵਿੱਖ ਬਾਰੇ ਕਾਂਗਰਸ ਪਾਰਟੀ ਨੇ ਚਿੰਤਾ ਜ਼ਾਹਰ ਕੀਤੀ ਹੈ। ਇਸਦੇ ਬਾਵਜੂਵ ਵੀ ਕੇਂਦਰ ਸਰਕਾਰ ਨੇ ਅਗਨੀਵੀਰ ਯੋਜਨਾ ਸ਼ੁਰੂ ਕਰ ਦਿੱਤੀ। ਪਾਇਲਟ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਅਗਨੀਵੀਰ ਯੋਜਨਾ ’ਤੇ ਸਵਾਲ ਚੁੱਕੇ ਹਨ ਅਤੇ ਅਸੀਂ ਕਿਹਾ ਸੀ ਕਿ ਚਾਰ ਸਾਲਾਂ ਬਾਅਦ ਹਥਿਆਰਬੰਦ ਸੈਨਾਵਾਂ ਤੋਂ ਬਾਹਰ ਆਉਣ ਵਾਲੇ ਨੌਜਵਾਨ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਮੂਲ ਫੈਸਲੇ ਅਤੇ ਯੋਜਨਾ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੋਵਾਂ ਲਈ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਗਨੀਵੀਰਾਂ ਦਾ ਕਾਰਜਕਾਲ 4 ਸਾਲ ਸੀ ਅਤੇ ਹੁਣ ਕੇਂਦਰ ਸਰਕਾਰ ਨੇ ਅਗਨੀਵੀਰਾਂ ਦਾ ਕਾਰਜਕਾਲ 2 ਸਾਲ ਵਧਾ ਕੇ 6 ਸਾਲ ਕਰ ਦਿੱਤਾ ਹੈ ਅਤੇ ਕਿਹਾ ਕਿ 6 ਸਾਲਾਂ ਦੀ ਸੇਵਾ ਤੋਂ ਬਾਅਦ ਸਾਰੇ ਅਗਨੀਵੀਰ ਰੈਗੂਲਰ ਕਾਡਰ ਵਿਚ ਸ਼ਾਮਲ ਕੀਤੇ ਜਾਣਗੇ।

