Breaking News
Home / ਭਾਰਤ / ਗੁਜਰਾਤ ‘ਚ ਭਾਜਪਾ ਨੇ ਸੂਰਤ ਲੋਕ ਸਭਾ ਚੋਣ ਜਿੱਤੀ

ਗੁਜਰਾਤ ‘ਚ ਭਾਜਪਾ ਨੇ ਸੂਰਤ ਲੋਕ ਸਭਾ ਚੋਣ ਜਿੱਤੀ

ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜੇਤੂ, ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ
ਸੂਰਤ/ਬਿਊਰੋ ਨਿਊਜ਼ : ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੂੰ ਇਸ ਸੀਟ ਤੋਂ ਨਿਰਵਿਰੋਧ ਜੇਤੂ ਐਲਾਨਿਆ ਗਿਆ।
ਚੋਣ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਸੀਟ ਭਾਜਪਾ ਦੀ ਝੋਲੀ ਪਈ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਸੌਰਭ ਪਾਰਧੀ ਨੇ ਦਲਾਲ ਨੂੰ ਚੋਣ ਸਰਟੀਫਿਕੇਟ ਸੌਂਪਣ ਮਗਰੋਂ ਗੱਲਬਾਤ ਕਰਦਿਆਂ ਕਿਹਾ, ”ਮੈਂ ਐਲਾਨ ਕਰਦਾ ਹਾਂ ਕਿ ਭਾਜਪਾ ਉਮੀਦਵਾਰ ਮੁਕੇਸ਼ ਕੁਮਾਰ ਚੰਦਰਕਾਂਤ ਦਲਾਲ ਨੂੰ ਸੂਰਤ ਸੰਸਦੀ ਹਲਕੇ ਤੋਂ ਸਦਨ ਲਈ ਚੁਣਿਆ ਗਿਆ ਹੈ।”
ਗੁਜਰਾਤ ਦੀਆਂ ਸਾਰੀਆਂ 26 ਸੀਟਾਂ ਲਈ ਸੱਤ ਮਈ ਨੂੰ ਵੋਟਾਂ ਪੈਣਗੀਆਂ ਪਰ ਸੂਰਤ ਸੀਟ ਦਾ ਨਤੀਜਾ ਪਹਿਲਾਂ ਹੀ ਆਉਣ ਕਾਰਨ ਹੁਣ ਉਸ ਦਿਨ 25 ਸੀਟਾਂ ‘ਤੇ ਵੋਟਿੰਗ ਹੋਵੇਗੀ। ਸੂਰਤ ਜ਼ਿਲ੍ਹਾ ਚੋਣ ਦਫ਼ਤਰ ਅਨੁਸਾਰ ਦਲਾਲ ਨੂੰ ਛੱਡ ਕੇ ਸੂਰਤ ਲੋਕ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਸਾਰੇ ਅੱਠ ਉਮੀਦਵਾਰਾਂ ਨੇ ਆਖ਼ਰੀ ਦਿਨ ਆਪਣਾ ਨਾਮ ਵਾਪਸ ਲੈ ਲਿਆ, ਜਿਨ੍ਹਾਂ ਵਿੱਚ ਚਾਰ ਆਜ਼ਾਦ, ਤਿੰਨ ਛੋਟੀਆਂ ਪਾਰਟੀਆਂ ਦੇ ਅਤੇ ਇੱਕ ਬਸਪਾ ਦੇ ਪਿਆਰੇ ਲਾਲ ਭਾਰਤੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਚੋਣ ਅਧਿਕਾਰੀ ਨੇ ਸੂਰਤ ਸੀਟ ਤੋਂ ਕਾਂਗਰਸ ਉਮੀਦਵਾਰ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਲਈ ਗਵਾਹੀ ਪਾਉਣ ਵਾਲਿਆਂ ਦੇ ਦਸਤਖ਼ਤ ਵਿੱਚ ਪਹਿਲੀ ਨਜ਼ਰੇ ਫਰਕ ਪਾਏ ਜਾਣ ਮਗਰੋਂ ਰੱਦ ਕਰ ਦਿੱਤੀ ਸੀ। ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋਣ ਮਗਰੋਂ ਪਾਰਟੀ ਦੇ ਬਦਲਵੇਂ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਸੁਰੇਸ਼ ਪਡਸਾਲਾ ਦਾ ਪੱਤਰ ਵੀ ਰੱਦ ਕਰ ਦਿੱਤਾ ਸੀ। ਕਾਂਗਰਸ ਨੇ ਆਰੋਪ ਲਾਇਆ ਕਿ ਕੁੰਬਾਨੀ ਦੀ ਨਾਮਜ਼ਦਗੀ ਭਾਜਪਾ ਦੇ ਇਸ਼ਾਰੇ ‘ਤੇ ਰੱਦ ਕੀਤੀ ਗਈ। ਪਾਰਟੀ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਵੇਗੀ।
ਕਾਂਗਰਸ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮਾਮਲਾ
ਕਾਂਗਰਸੀ ਵਫ਼ਦ ਨੇ ਸੂਰਤ ਹਲਕੇ ਤੋਂ ਪਾਰਟੀ ਉਮੀਦਵਾਰ ਨਿਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਕਰਨ ਦਾ ਮਾਮਲਾ ਚੋਣ ਕਮਿਸ਼ਨ ਕੋਲ ਚੁੱਕਿਆ ਹੈ। ਉਨ੍ਹਾਂ ਆਰੋਪ ਲਾਇਆ ਕਿ ਕੁੰਭਾਨੀ ਦੇ ਪਰਚਿਆਂ ਦੀ ਤਾਈਦ ਕਰਨ ਵਾਲਿਆਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। ਮੰਗ ਪੱਤਰ ‘ਚ ਕਿਹਾ ਗਿਆ ਹੈ ਕਿ ਸਾਰੇ ਹਾਲਾਤ ਨੂੰ ਦੇਖਣ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਨੇ ਕੁੰਭਾਨੀ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਦੇ ਹੁਕਮ ਦਿੱਤੇ ਜਿਸ ਕਾਰਨ ਚੋਣ ਮੈਦਾਨ ‘ਚ ਭਾਜਪਾ ਦਾ ਹੀ ਉਮੀਦਵਾਰ ਰਹਿ ਗਿਆ ਸੀ।
ਹੁਣ ਤੱਕ 35 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਨਵੀਂ ਦਿੱਲੀ : ਭਾਜਪਾ ਦੇ ਮੁਕੇਸ਼ ਦਲਾਲ ਬੀਤੇ 12 ਸਾਲਾਂ ਦੌਰਾਨ ਲੋਕ ਸਭਾ ਚੋਣਾਂ ਵਿੱਚ ਬਿਨਾਂ ਮੁਕਾਬਲਾ ਜਿੱਤ ਦਰਜ ਕਰਨ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਸੂਰਤ ਸੰਸਦੀ ਹਲਕੇ ਤੋਂ ਉਨ੍ਹਾਂ ਦੀ ਜਿੱਤ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ 10 ਉਮੀਦਵਾਰਾਂ ਨੂੰ ਨਿਰਵਿਰੋਧ ਜੇਤੂ ਐਲਾਨਿਆ ਗਿਆ ਸੀ। ਸਾਲ 1951 ਤੋਂ ਹੁਣ ਤੱਕ ਸੰਸਦੀ ਚੋਣਾਂ ਵਿੱਚ ਘੱਟੋ-ਘੱਟ 34 ਹੋਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਨੂੰ 2012 ਵਿੱਚ ਕਨੌਜ ਲੋਕ ਸਭਾ ਸੀਟ ਤੋਂ ਨਿਰਵਿਰੋਧ ਜਿੱਤ ਮਿਲੀ। ਉਨ੍ਹਾਂ ਦੇ ਪਤੀ ਅਖਿਲੇਸ਼ ਯਾਦਵ ਦੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ। ਹੋਰ ਜੇਤੂ ਨੇਤਾਵਾਂ ਵਿੱਚ ਵਾਈਬੀ ਚਵਾਨ, ਫਾਰੂਖ ਅਬਦੁੱਲਾ, ਹਰੇਕ੍ਰਿਸ਼ਨ ਮਹਿਤਾਬ, ਟੀਟੀ ਕ੍ਰਿਸ਼ਨਾਮਾਚਾਰੀ, ਪੀਐੱਮ ਸਈਅਦ ਤੇ ਐੱਸਸੀ ਜਮੀਰ ਸ਼ਾਮਲ ਹਨ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …