Breaking News
Home / ਭਾਰਤ / ਅਕਾਲੀ ਦਲ ਦਾ ਵਫਦ ਸਿੱਖ ਮਸਲਿਆਂ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ

ਅਕਾਲੀ ਦਲ ਦਾ ਵਫਦ ਸਿੱਖ ਮਸਲਿਆਂ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਵਫ਼ਦ ਨੇ ਭਖਦੇ ਮਸਲਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਅਕਾਲੀ ਆਗੂਆਂ ਨੇ 1947 ਦੀ ਦੇਸ਼ ਵੰਡ ਦੌਰਾਨ ਪਾਕਿਸਤਾਨ ਵਿਚ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਕੱਢੇ ਗਏ ਸਿੱਖਾਂ ਦੇ ਸਮਾਜਿਕ, ਆਰਥਿਕ ਤੇ ਸਿਆਸੀ ਪੱਛੜੇਪਣ ਨੂੰ ਦੂਰ ਕਰਨ, ਮੇਘਾਲਿਆ ਤੇ ਸ਼ਿਲਾਂਗ ਵਿਚ ਪਿਛਲੇ ਦਿਨੀਂ ਸਿੱਖ ਪਰਿਵਾਰਾਂ ਦੀ ਕਾਲੋਨੀ ‘ਤੇ ਹੋਏ ਹਮਲੇ ਸਣੇ ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਗ੍ਰਹਿ ਮੰਤਰੀ ਨੂੰ ਤੱਥਾਂ ਤੋਂ ਜਾਣੂ ਕਰਵਾਇਆ ਗਿਆ। ਇਸ ਵਫ਼ਦ ਵਿਚ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਜੰਮੂ ਕਸ਼ਮੀਰ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸ਼ਾਮਿਲ ਸਨ। ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਨੂੰ ਪਾਕਿਸਤਾਨ ਤੋਂ ਆਏ ਕਸ਼ਮੀਰ ਵਿਚ ਵਸਦੇ ਸਿੱਖਾਂ ਨੂੰ ਸਰਕਾਰਾਂ ਵਲੋਂ ਨਜ਼ਰਅੰਦਾਜ਼ ਕਰਨ ਦੀ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰਾਲੇ ਦੀ ਸੰਯੁਕਤ ਸੰਸਦੀ ਕਮੇਟੀ ਵਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।
‘ਸਾਨੂੰ ਕਿਤੇ ਹੋਰ ਵਸਾਇਆ ਤਾਂ ਇਸਦੀ ਕੀ ਗਾਰੰਟੀ ਹੈ ਕਿ ਉਥੋਂ ਨਹੀਂ ਹਟਾਇਆ ਜਾਵੇਗਾ’
ਸ਼ਿਲਾਂਗ : ਮੇਘਾਲਿਆ ਦੀ ਰਾਜਥਾਨੀ ਸ਼ਿਲਾਂਗ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਰਨ, ਇਹ ਸੈਰ ਸਪਾਟਾ ਦੇ ਰਹਿਣ ਦੇ ਲਿਹਾਜ਼ ਨਾਲ ਪੂਰਬ ਉਤਰ ਦਾ ਸਭ ਤੋਂ ਸ਼ਾਂਤ ਇਲਾਕਾ ਹੈ, ਪਰ ਲੰਘੇ ਹਫਤੇ ਤੋਂ ਸਥਾਨਕ ਖਾਸੀ ਭਾਈਚਾਰੇ ਅਤੇ ਸਿੱਖਾਂ ਵਿਚਕਾਰ ਜਾਤੀ ਹਿੰਸਾ ਕਰਕੇ ਇਹ ਇਲਾਕਾ ਅਸ਼ਾਂਤੀ ਦੇ ਤੂਫਾਨ ਦੀ ਲਪੇਟ ਵਿਚ ਹੈ। ਇਸ ਨਾਲ ਦੋ ਸੂਬਿਆਂ ਮੇਘਾਲਿਆ ਅਤੇ ਪੰਜਾਬ ਦੇ ਆਪਸੀ ਰਿਸ਼ਤਿਆਂ ਵਿਚ ਵੀ ਕੜਵਾਹਟ ਘੁਲਣ ਦਾ ਸ਼ੱਕ ਹੈ।
ਦਰਅਸਲ, ਪੰਜਾਬੀ ਲਾਈਨ ਤੋਂ ਸਿੱਖਾਂ ਨੂੰ ਹਟਾਉਣ ਦਾ ਮੁੱਦਾ ਲੰਘੇ ਦੋ-ਤਿੰਨ ਦਹਾਕਿਆਂ ਤੋਂ ਸਮੇਂ-ਸਮੇਂ ‘ਤੇ ਉਠਦਾ ਰਿਹਾ ਹੈ। ਪਹਿਲਾਂ ਦੀਆਂ ਕਈ ਸਰਕਾਰਾਂ ਨੇ ਵੀ ਸਮੇਂ-ਸਮੇਂ ‘ਤੇ ਇੱਥੇ ਰਹਿਣ ਵਾਲੇ ਸਿੱਖਾਂ ਨੂੰ ਕਿਸੇ ਹੋਰ ਥਾਂ ਵਸਾਉਣ ਦੀ ਗੱਲ ਕਹੀ ਸੀ, ਪਰ ਇਹ ਮੁੱਦਾ ਜਿਉਂ ਦਾ ਤਿਉਂ ਹੈ। ਸਥਾਨਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਗੁਜੀਤ ਸਿੰਘ ਸਵਾਲ ਕਰਦੇ ਹਨ, ‘ਸਾਡੇ ਪੁਰਖੇ ਦੋ ਸੌ ਸਾਲ ਤੋਂ ਵੀ ਪਹਿਲਾਂ ਇੱਥੇ ਆ ਕੇ ਵਸੇ ਸਨ। ਹੁਣ ਇਹੀ ਸਾਡਾ ਘਰ ਹੈ। ਇਸ ਨੂੰ ਛੱਡ ਕੇ ਅਸੀਂ ਕਿੱਥੇ ਜਾਵਾਂਗੇ?’ ਉਨ੍ਹਾਂ ਦੀ ਦਲੀਲ ਹੈ ਕਿ ਜੇਕਰ ਸਾਨੂੰ ਕਿਤੇ ਹੋਰ ਵਸਾਇਆ ਗਿਆ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਸਾਨੂੰ ਦੁਬਾਰਾ ਉਥੋਂ ਨਹੀਂ ਹਟਾਇਆ ਜਾਵੇਗਾ? ਗੁਰਜੀਤ ਸਿੰਘ ਦਾ ਆਰੋਪ ਹੈ ਕਿ ਇਸ ਕਾਲੋਨੀ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲਦੀਆਂ। ਇੱਥੇ ਮੌਲਿਕ ਸਹੂਲਤਾਂ ਦੀ ਵੀ ਘਾਟ ਹੈ। ਸੰਸਦ ਮੈਂਬਰ ਅਤੇ ਵਿਧਾਇਕ ਵਿਕਾਸ ਨਿਧੀ ਤਹਿਤ ਚੱਲਣ ਵਾਲੀਆਂ ਵਿਕਾਸ ਯੋਜਨਾਵਾਂ ਦਾ ਫਾਇਦਾ ਵੀ ਇੱਥੋਂ ਦੇ ਵਾਸ਼ਿੰਦਿਆਂ ਨੂੰ ਨਹੀਂ ਮਿਲਦਾ।
ਸਥਾਨਕ ਨਗਰ ਪਾਲਿਕਾ ਨੇ ਇਸ ਕਲੋਨੀ ਨੂੰ ਵਿਵਾਦਗ੍ਰਸਤ ਇਲਾਕਾ ਕਰਾਰ ਦਿੱਤਾ ਹੋਇਆ ਹੈ। ਉਤਰ ਸ਼ਿਲਾਂਗ ਵਿਧਾਨ ਸਭਾ ਖੇਤਰ ਦਾ ਹਿੱਸਾ ਹੋਣ ਦੇ ਬਾਵਜੂਦ ਸਥਾਨਕ ਵਿਅਕਤੀਆਂ ਨੂੰ ਉਥੋਂ ਕੋਈ ਸਹੂਲਤ ਨਹੀਂ ਮਿਲਦੀ। ਗੁਜੀਤ ਸਿੰਘ ਦਾ ਦਾਅਵਾ ਹੈ ਕਿ ਲੰਘੇ ਫਰਵਰੀ ਮਹੀਨੇ ਵਿਚ ਇਕ ਖੇਤਰੀ ਪਾਰਟੀ ਦੇ ਨੇਤਾ ਏਡਲਬਰਟ ਨੌਂਗਕ੍ਰਮ ਦੇ ਚੋਣ ਜਿੱਤਣ ਤੋਂ ਬਾਅਦ ਹਾਲਾਤ ਲਗਾਤਾਰ ਬਦਤਰ ਹੋਏ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਖ ਭਾਈਚਾਰੇ ਦੇ ਖਿਲਾਫ ਜਾਤੀਵਾਦ ਦੀ ਭਾਵਨਾ ਤੇਜ਼ ਹੋਈ ਹੈ। ਸਿੰਘ ਦੇ ਮੁਤਾਬਕ, ਏਡਲਬਰਟ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਸ਼ਿਲਾਂਗ ਦੇ ਵਿਚਕਾਰ ਵਸੀ ਇਸ ਗੈਰਕਾਨੂੰਨੀ ਕਾਲੋਨੀ ਨੂੰ ਇਥੋਂ ਹਟਾ ਦੇਣਗੇ। ਇਹ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਨੇਤਾਵਾਂ ਨੇ ਜਦ ਉਨ੍ਹਾਂ ਨੂੰ ਫੋਨ ਕਰਕੇ ਸਹਾਇਤਾ ਮੰਗੀ ਤਾਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿਚ ਹਨ, ਜਦਕਿ ਉਸ ਵਕਤ ਉਹ ਸ਼ਿਲਾਂਗ ਵਿਚ ਹੀ ਸਨ।
ਗੁਜੀਤ ਸਿੰਘ ਦੱਸਦੇ ਹਨ ਕਿ ਸਾਲ 2009 ਵਿਚ ਕਾਲੋਨੀ ਵਿਚ ਸਥਿਤ ਗੁਰੂ ਨਾਨਕ ਸਕੂਲ, ਗੁਰਦੁਆਰਾ ਅਤੇ ਮੰਦਰਾਂ ਨਾਲ ਸਬੰਧਤ ਜ਼ਮੀਨ ਦੇ ਕਾਗਜ਼ਾਤ ਤਾਂ ਜਾਰੀ ਕਰ ਦਿੱਤੇ ਗਏ ਸਨ, ਪਰ ਇੱਥੇ ਰਹਿਣ ਵਾਲੇ 218 ਪਰਿਵਾਰਾਂ ਨੂੰ ਵਾਰ-ਵਾਰ ਭਰੋਸਾ ਮਿਲਣ ਦੇ ਬਾਵਜੂਦ ਜ਼ਮੀਨ ਦਾ ਪੱਟਾ ਨਹੀਂ ਦਿੱਤਾ ਗਿਆ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਰਾਜ ਸਰਕਾਰ ਇੱਥੇ ਇਕ ਸ਼ਾਪਿੰਗ ਮਾਲ ਬਣਾਉਣਾ ਚਾਹੁੰਦੀ ਹੈ। ਕਾਲੋਨੀ ਵਿਚ ਰਹਿਣ ਵਾਲੀ ਆਸ਼ਾ ਕੌਰ ਇੱਥੇ ਜਨਮੀ ਅਤੇ ਪਲੀ-ਪੜ੍ਹੀ ਹੈ। ਉਹ ਕਹਿੰਦੀ ਹੈ ਕਿ ਅਸੀਂ ਤਾਂ ਇੱਥੇ ਹੀ ਪੈਦਾ ਹੋਏ ਅਤੇ ਵੱਡੇ ਹੋ ਕੇ ਪੜ੍ਹਾਈ ਕੀਤੀ ਹੈ। ਪਰ ਹੁਣ ਸਥਾਨਕ ਵਿਅਕਤੀ ਸਾਨੂੰ ਇੱਥੋਂ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਦੇ ਮੁਤਾਬਕ ਸਥਾਨਕ ਖਾਸੀ ਭਾਈਚਾਰੇ ਦੇ ਵਿਅਕਤੀ ਕਾਲੋਨੀ ਵਿਚ ਨਾਅਰੇ ਲਗਾ ਰਹੇ ਸਨ ਕਿ ਤੁਸੀਂ ਜਾਂ ਤਾਂ ਆਪਣੀ ਜਾਨ ਦਿਓ ਜਾਂ ਫਿਰ ਸਾਨੂੰ ਇਹ ਜ਼ਮੀਨ ਦਿਓ।
ਦੂਜੇ ਪਾਸੇ ਖਾਸੀ ਭਾਈਚਾਰੇ ਦਾ ਆਰੋਪ ਹੈ ਕਿ ਪੰਜਾਬੀ ਲਾਈਨ ਵਿਚ ਰਹਿਣ ਵਾਲੇ ਵਿਅਕਤੀ ਸਥਾਨਕ ਵਿਅਕਤੀਆਂ ਨਾਲ ਮਾਰਕੁੱਟ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ। ਖਾਸੀ ਵਿਦਿਆਰਥੀ ਸੰਘ ਦੇ ਬੁਲਾਰੇ ਡੋਨਾਲਡ ਵੀ. ਥਾਬਾਹ ਕਹਿੰਦੇ ਹਨ ਕਿ ਸਿੱਖ ਨੌਜਵਾਨ ਪਹਿਲਾਂ ਵੀ ਕਈ ਵਾਰ ਖਾਸੀ ਨੌਜਵਾਨਾਂ ਨਾਲ ਮਾਰ ਕੁੱਟ ਕਰ ਚੁੱਕੇ ਹਨ। ਲਗਾਤਾਰ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨਾਲ ਹੁਣ ਸਥਾਨਕ ਵਿਅਕਤੀਆਂ ‘ਚ ਗੁੱਸਾ ਵਧਿਆ ਹੈ।
ਵਿਦਿਆਰਥੀ ਸੰਘ ਦਾ ਦਾਅਵਾ, ਹਿੰਸਾ ‘ਚ ਸਥਾਨਕ ਵਿਅਕਤੀ ਸ਼ਾਮਲ ਨਹੀਂ
ਵਿਦਿਆਰਥੀ ਸੰਘ ਦਾ ਇਹ ਵੀ ਦਾਅਵਾ ਹੈ ਕਿ ਇਸ ਹਿੰਸਾ ਵਿਚ ਸਥਾਨਕ ਨਹੀਂ ਬਲਕਿ ਕੁਝ ਬਾਹਰੀ ਗੁੱਟਾਂ ਦਾ ਹੱਥ ਹੈ। ਪਰ ਉਹ ਇਹ ਨਹੀਂ ਦੱਸਦੇ ਹਨ ਕਿ ਹਿੰਸਾ ਭੜਕਾਉਣ ਵਾਲੇ ਬਾਹਰੀ ਲੋਕ ਕੌਣ ਹਨ। ਇੱਥੇ ਜ਼ਮੀਨੀ ਹਕੀਕਤ ਨੂੰ ਧਿਆਨ ਵਿਚ ਰੱਖਦੇ ਹੋਏ ਅਬਕੀ ਸਿੱਖਾਂ ਖਿਲਾਫ ਭੜਕੀ ਹਿੰਸਾ ਦੇ ਰੁਕਣ ਦੇ ਅਸਾਰ ਘੱਟ ਹੀ ਨਜ਼ਰ ਆ ਰਹੇ ਹਨ।
ਮੇਘਾਲਿਆ ‘ਚ ਕਿਸੇ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ
ਪੰਜਾਬ ਸਰਕਾਰ ਵਲੋਂ ਭੇਜੇ ਵਫਦ ਦਾ ਦਾਅਵਾ
ਸ਼ਿਲਾਂਗ :ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਚਾਰ ਮੈਂਬਰੀ ਇਕ ਵਫਦ ਸ਼ਿਲਾਂਗ ਵਿਖੇ ਭੇਜਿਆ ਗਿਆ। ਵਫਦ ਨੇ ਸਾਰੀਆਂ ਅਫਵਾਹਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਹਾਲਾਤ ਤਣਾਅ ਵਾਲੇ ਹਨ ਪਰ ਸਥਿਤੀ ਕਾਬੂ ਹੇਠ ਹੈ। ਮੇਘਾਲਿਆ ਸਰਕਾਰ ਵਲੋਂ ਹਾਲਾਤ ਨਾਲ ਨਿਪਟਣ ਲਈ ਉਠਾਏ ਗਏ ਕਦਮਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਚਾਰ ਮੈਂਬਰੀ ਵਫਦ ਨੇ ਕਿਹਾ ਕਿ ਕਿਸੇ ਖਾਸ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ, ਪਰ ਹਿੰਸਾ ਦੌਰਾਨ ਕਿਸੇ ਗੁਰਦੁਆਰੇ ‘ਤੇ ਹਮਲਾ ਨਹੀਂ ਹੋਇਆ ਅਤੇ ਨਾ ਹੀ ਕਿਸੇ ਗੁਰਦੁਆਰੇ ਨੂੰ ਨੁਕਸਾਨ ਪਹੁੰਚਿਆ ਹੈ।
ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਵਲੋਂ ਕੈਪਟਨ ਅਮਰਿੰਦਰ ਨਾਲ ਗੱਲਬਾਤ
ਚੰਡੀਗੜ੍ਹ : ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਅਤੇ ਉਥੇ ਹੋਈਆਂ ਫ਼ਿਰਕੂ ਘਟਨਾਵਾਂ ਤੋਂ ਬਾਅਦ ਸਿੱਖ ਭਾਈਚਾਰੇ ਤੇ ਸਿੱਖ ਧਾਰਮਿਕ ਸੰਸਥਾਵਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ।
ਸੰਗਮਾ ਨੇ ਕੈਪਟਨ ਅਮਰਿੰਦਰ ਨੂੰ ਟੈਲੀਫ਼ੋਨ ਕਰਕੇ ਫ਼ਿਰਕੂ ਹਿੰਸਾ ਸਬੰਧੀ ਸੂਬੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਇਕ ਮਾਮੂਲੀ ਜਿਹੇ ਝਗੜੇ ਕਾਰਨ ਪੈਦਾ ਹੋਈ ਘਟਨਾ ਸੀ ਤੇ ਇਸ ਤੋਂ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਸਿੱਖ ਭਾਈਚਾਰਾ ਹਮਲੇ ਹੇਠ ਹੈ। ਮੇਘਾਲਿਆ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਕਿਸੇ ਵੀ ਗੁਰਦੁਆਰੇ ਜਾਂ ਸਿੱਖ ਸੰਸਥਾ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …