Breaking News
Home / ਦੁਨੀਆ / ਸ਼ਾਂਤੀ ਦੀ ਅਪੀਲ ਨਾਲ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਸ਼ਾਂਤੀ ਦੀ ਅਪੀਲ ਨਾਲ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਪੈਰਿਸ ‘ਚ ਹੋਏ ਸ਼ਤਾਬਦੀ ਸਮਾਰੋਹ ਮੌਕੇ ਟਰੰਪ, ਪੂਤਿਨ, ਟਰੂਡੋ, ਮਰਕਲ, ਵੈਂਕਈਆ ਨਾਇਡੂ ਸਮੇਤ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਵਲੋਂ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ
ਪੈਰਿਸ/ਬਿਊਰੋ ਨਿਊਜ਼ : ਪਹਿਲੀ ਸੰਸਾਰ ਜੰਗ ਦੀ ਸਮਾਪਤੀ ਦੇ 100 ਵਰ੍ਹੇ ਮੁਕੰਮਲ ਹੋਣ ‘ਤੇ ਪੈਰਿਸ ਵਿਚ ਐਤਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਸਮੇਤ ਕਈ ਹੋਰ ਮੁਲਕਾਂ ਦੇ ਆਗੂਆਂ ਨੇ ਸ਼ਹੀਦ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜੰਗਾਂ ਦੇ ਖ਼ਾਤਮੇ ਦੀ ਵਕਾਲਤ ਕੀਤੀ। ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵੈਂਕਈਆ ਨਾਇਡੂ ਅਤੇ ਫਰਾਂਸ ਦੇ ਇਮੈਨੂਅਲ ਮੈਕਰੌਨ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ। ਚੈਂਪਸ-ਐਲਿਸੀਜ਼ ਦੇ ਆਰਕ ਡੀ ਟ੍ਰਾਇੰਫ ਜੰਗੀ ਯਾਦਗਾਰ ‘ਤੇ ਭਾਰੀ ਮੀਂਹ ਨੇ ਸੋਗ ਸਮਾਗਮ ਵਿਚ ਆਪਣੀ ਹਾਜ਼ਰੀ ਲਵਾਈ ਅਤੇ ਸ਼ਰਧਾਂਜਲੀਆਂ ਨਾਲ ਸ਼ਤਾਬਦੀ ਸਮਾਗਮ ਖ਼ਤਮ ਹੋ ਗਏ। ਚਾਰ ਸਾਲਾਂ ਤਕ ਚੱਲੀ ਜੰਗ ਦੌਰਾਨ 1.8 ਕਰੋੜ ਜਾਨਾਂ ਗਈਆਂ ਸਨ। ਅਣਪਛਾਤੇ ਫ਼ੌਜੀ ਦੇ ਮਕਬਰੇ ‘ਤੇ ਮੈਕਰੌਂ, ਜਰਮਨ ਚਾਂਸਲਰ ਐਂਜਲਾ ਮਰਕਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਦਰਜਨਾਂ ਮੁਲਕਾਂ ਦੇ ਮੁਖੀਆਂ ਨੇ ਉਥੋਂ ਦਾ ਦੌਰਾ ਕੀਤਾ। ਫਰਾਂਸ ਅਤੇ ਭਾਈਵਾਲ ਮੁਲਕਾਂ ਦੇ ਸਾਬਕਾ ਫ਼ੌਜੀਆਂ ਸਮੇਤ 3400 ਤੋਂ ਵੱਧ ਵਿਅਕਤੀਆਂ ਨੂੰ ਸਮਾਗਮ ਲਈ ਉਚੇਚੇ ਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਫਰਾਂਸ ਦੇ ਕੌਮੀ ਗੀਤ ਨਾਲ ਹੋਈ ਅਤੇ ਮੈਕਰੌਨ ਨੇ ਮਿਲਟਰੀ ਸਕੂਲਾਂ ਦੇ ਕੈਡਿਟਾਂ ਦਾ ਨਿਰੀਖਣ ਕੀਤਾ। ਫਰਾਂਸ ਵਿਚ ਜਨਮੇ ਚੀਨੀ ਅਮਰੀਕਨ ਵਾਇਲਨ ਵਾਦਕ ਯੋ-ਯੋ ਮਾ ਨੇ ਧੁਨ ਵਜਾਈ ਅਤੇ ਸਕੂਲੀ ਬੱਚਿਆਂ ਨੇ ਜੰਗ ਵਿਚ ਹਿੱਸਾ ਲੈਣ ਵਾਲੇ ਅੱਠ ਮੁਲਕਾਂ ਦੇ ਫ਼ੌਜੀਆਂ ਦੇ ਉਨ੍ਹਾਂ ਦੀ ਭਾਸ਼ਾ ‘ਚ ਵੇਰਵੇ ਦਿੱਤੇ। ਟਰੰਪ ਅਤੇ ਪੂਤਿਨ ਵੱਖੋ ਵੱਖਰੇ ਸਮਾਗਮ ਵਾਲੀ ਥਾਂ ‘ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਤੋਂ ਕੁਝ ਮਿੰਟ ਪਹਿਲਾਂ ਦੋ ਅਰਧ ਨਗਨ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮਹਿਲਾ ਗਰੁੱਪ ਫੈਮੇਨ ਦੀਆਂ ਇਨ੍ਹਾਂ ਮਹਿਲਾਵਾਂ ‘ਤੇ ਪੁਲਿਸ ਨੇ ਤੁਰੰਤ ਕਾਬੂ ਪਾ ਲਿਆ। ਪੂਤਿਨ ਸਭ ਤੋਂ ਅਖੀਰ ਵਿਚ ਮੈਕਰੌਨ ਦੀ ਪਤਨੀ ਬ੍ਰਿਗਿਟ ਨਾਲ ਆਪਣੀ ਸੀਟ ‘ਤੇ ਬੈਠੇ। ਉਧਰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਟੀਵੀ ਰਾਹੀਂ ਨਸ਼ਰ ਸੁਨੇਹੇ ਵਿਚ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਪੋਪ ਫਰਾਂਸਿਸ ਨੇ ਵੈਟੀਕਨ ਵਿਚ ਕਿਹਾ ਕਿ ਪਹਿਲੀ ਸੰਸਾਰ ਜੰਗ ਚਿਤਾਵਨੀ ਹੋਣੀ ਚਾਹੀਦੀ ਸੀ ਪਰ ਇਸ ਨੂੰ ਅਣਗੌਲਿਆ ਕੀਤਾ ਗਿਆ ਅਤੇ ਜਾਪਦਾ ਹੈ ਕਿ ਅਸੀ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਇਸ ਦੌਰਾਨ ਲਵਾਂਟੀ ਵਿਚ ਜੰਗਬੰਦੀ ਦਿਵਸ ਦੇ ਸਬੰਧ ਵਿਚ ਪਹਿਲੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬਣਾਏ ਗਏ ਸੱਤ ਫੁੱਟ ਉੱਚੇ ਕਾਂਸੇ ਦੇ ਬੁੱਤ ਤੋਂ ਪਰਦਾ ਉਠਾਇਆ ਗਿਆ। ਇੰਟਰ-ਫੇਥ ਸ਼ਹੀਦੀ ਯਾਦਗਾਰ ਐਸੋਸੀਏਸ਼ਨ ਵੱਲੋਂ ਅਜਿਹੇ 57 ਬੁੱਤ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਲਵਾਂਟੀ ਵਿਚ ਦੋ ਫ਼ੌਜੀਆਂ ਦੇ ਪਿੰਜਰ ਮਿਲਣ ਮਗਰੋਂ ਉਨ੍ਹਾਂ ਨੂੰ ਪਿਛਲੇ ਸਾਲ ਪੂਰੇ ਫ਼ੌਜੀ ਸਨਮਾਨਾਂ ਨਾਲ ਦਫਨਾਇਆ ਗਿਆ ਸੀ। ਇਹ ਫ਼ੌਜੀ 9ਵੀਂ ਰਾਇਲ ਗੜ੍ਹਵਾਲ ਰਾਈਫਲਜ਼ ਦੇ ਸਨ ਅਤੇ ਉਨ੍ਹਾਂ ਬ੍ਰਿਟੇਨ ਲਈ ਜੰਗ ਲੜੀ ਸੀ।
74 ਹਜ਼ਾਰ ਭਾਰਤੀ ਫ਼ੌਜੀ ਹੋਏ ਸੀ ਸ਼ਹੀਦ
ਨਵੀਂ ਦਿੱਲੀ : ਪੂਰੇ 100 ਸਾਲ ਪਹਿਲਾਂ ’11 ਨਵੰਬਰ 1918’ ਇਤਿਹਾਸ ਵਿਚ ਦਰਜ ਉਹ ਮਿਤੀ ਹੈ ਜਦੋਂ 4 ਸਾਲ ਤੱਕ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਪਹਿਲਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਸੀ। ਜਦੋਂ ਭਾਰਤ ਵਿਚ ਸਮੁੰਦਰ ਯਾਤਰਾ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਸੀ, ਉਸ ਸਮੇਂ ਕੁਝ ਹਜ਼ਾਰ ਨਹੀਂ ਬਲਕਿ ਪੂਰੇ 11 ਲੱਖ ਭਾਰਤੀ ਫ਼ੌਜੀ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈ ਰਹੇ ਸਨ। ਇਨ੍ਹਾਂ ਫ਼ੌਜੀਆਂ ਨੇ ਸਮੁੰਦਰ ਪਾਰ ਹੋਰਾਂ ਦੇਸ਼ਾਂ ਵਿਚ ਵੀ ਆਪਣੀ ਬਹਾਦਰੀ ਦੇ ਜੌਹਰ ਦਿਖਾਏ। 4 ਸਾਲ ਤੱਕ ਚੱਲੇ ਇਸ ਵਿਸ਼ਵ ਯੁੱਧ ਵਿਚ ਕਰੀਬ 74 ਹਜ਼ਾਰ ਭਾਰਤੀ ਫ਼ੌਜੀ ਸ਼ਹੀਦ ਹੋਏ ਤੇ ਕਰੀਬ 70 ਹਜ਼ਾਰ ਜ਼ਖ਼ਮੀ ਹੋਏ। ਇਸ ਯੁੱਧ ਵਿਚ 13 ਲੱਖ ਭਾਰਤੀਆਂ ਨੇ ਹਿੱਸਾ ਲਿਆ ਸੀ।
ਬਰਤਾਨੀਆ ਤਰਫ਼ੋਂ ਯੁੱਧ ਵਿਚ ਸ਼ਾਮਿਲ ਹੋਏ ਸਨ ਭਾਰਤੀ ਫ਼ੌਜੀ
ਬਰਤਾਨੀਆ ਨੇ ਫ਼ੌਜੀ ਸਿਖਲਾਈ ਤੋਂ ਵਾਂਝੇ ਲੱਖਾਂ ਭਾਰਤੀ ਨਾਗਰਿਕਾਂ ਨੂੰ ਪੂਰਬੀ ਅਫ਼ਰੀਕਾ, ਫਰਾਂਸ, ਮਿਸਰ, ਈਰਾਨ ਜਿਹੇ ਦੇਸ਼ਾਂ ਵਿਚ ਭੇਜ ਦਿੱਤਾ। ਭਾਰਤੀ ਫ਼ੌਜੀਆਂ ਦੀ ਬਹਾਦਰੀ ਦੇ ਕਾਰਨ ਆਖ਼ਰਕਾਰ 11 ਨਵੰਬਰ 1918 ਨੂੰ ਬਰਤਾਨਵੀ ਹਕੂਮਤ ਨੇ ਇਹ ਯੁੱਧ ਜਿੱਤ ਲਿਆ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …