Breaking News
Home / ਦੁਨੀਆ / ਪਾਕਿ ਹਾਈ ਕਮਿਸ਼ਨ ‘ਚੋਂ 23 ਸਿੱਖਾਂ ਦੇ ਪਾਸਪੋਰਟ ਗਾਇਬ

ਪਾਕਿ ਹਾਈ ਕਮਿਸ਼ਨ ‘ਚੋਂ 23 ਸਿੱਖਾਂ ਦੇ ਪਾਸਪੋਰਟ ਗਾਇਬ

ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ
ਨਵੀਂ ਦਿੱਲੀ : ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਜ਼ੀਆਂ ਦੇਣ ਵਾਲੇ 23 ਸਿੱਖਾਂ ਦੇ ਪਾਸਪੋਰਟ ਇਥੇ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿਚੋਂ ਗੁੰਮ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਗੁੰਮ ਹੋਏ ਪਾਸਪੋਰਟਾਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਨਾਲ ਸੁਰੱਖਿਆ ਲਈ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ।ਸਿੱਖਾਂ ਨੇ ਏਜੰਟਾਂ ਰਾਹੀਂ ਵੀਜ਼ੇ ਲਗਾਉਣ ਲਈ ਅਰਜ਼ੀਆਂ ਦਿੱਤੀਆਂ ਸਨ ਅਤੇ ਇਨ੍ਹਾਂ ਵਿਚੋਂ ਕੁਝ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਜਾਣਾ ਚਾਹੁੰਦੇ ਸਨ। ਜਿਨ੍ਹਾਂ ਦੇ ਪਾਸਪੋਰਟ ਗੁੰਮ ਹੋਏ ਹਨ, ਉਨ੍ਹਾਂ ਇਸ ਦੀ ਐਫਆਈਆਰ ਕਰਜ ਕਰਵਾਈ ਹੈ ਪਰ ਇਸਲਾਮਾਬਾਦ ਨੇ ਮਾਮਲੇ ਵਿਚ ਆਪਣੇ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਸਿੱਖਾਂ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 21 ਤੋਂ 30 ਨਵੰਬਰ ਤਕ ਪਾਕਿਸਤਾਨ ਜਾਣਾ ਸੀ। ਦਿੱਲੀ ਆਧਾਰਿਤ ਏਜੰਟ ਨੇ ਕਿਹਾ ਕਿ ਉਸ ਨੇ ਹੋਰ ਦਸਤਾਵੇਜ਼ਾਂ ਨਾਲ ਪਾਸਪੋਰਟ ਪਾਕਿਸਤਾਨੀ ਹਾਈ ਕਮਿਸ਼ਨ ਵਿਚ ਜਮਾਂ ਕਰਵਾ ਦਿੱਤੇ ਸਨ। ਉਸ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪਾਸਪੋਰਟ ਲੈਣ ਲਈ ਪਾਕਿਸਤਾਨੀ ਹਾਈ ਕਮਿਸ਼ਨ ਗਿਆ ਤਾਂ ਉਨ੍ਹਾਂ ਪਾਸਪੋਰਟ ਨਾ ਹੋਣ ਦੀ ਗੱਲ ਆਖੀ।
ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਗੁੰਮ ਹੋਏ ਪਾਸਪੋਰਟਾਂ ਦੀ ਦੁਰਵਰਤੋਂ ਰੋਕਣ ਲਈ ਲੋੜੀਂਦੇ ਕਦਮ ਉਠਾਏ ਗਏ ਹਨ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ‘ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿਆਸਤ ਜਾਰੀ ਹੈ।
ਨਵੇਂ ਪਾਸਪੋਰਟ ਜਾਰੀ ਕਰਨ ਦਾ ਫ਼ੈਸਲਾ
ਨਵੀਂ ਦਿੱਲੀ: ਪਤਾ ਲੱਗਾ ਹੈ ਕਿ ਸਰਕਾਰ ਨੇ 23 ਭਾਰਤੀ ਨਾਗਰਿਕਾਂ ਦੇ ਨਵੇਂ ਪਾਸਪੋਰਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਬਾਰੇ ਰਿਪੋਰਟਾਂ ਆਈਆਂ ਸਨ ਕਿ ਉਨ੍ਹਾਂ ਦੇ ਪਾਸਪੋਰਟ ਇੱਥੇ ਪਾਕਿਸਤਾਨ ਹਾਈ ਕਮਿਸ਼ਨ ‘ਚੋਂ ਗੁੰਮ ਗਏ ਸਨ। ਸਰਕਾਰੀ ਸੂਤਰਾਂ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਆਪਣੀ ਪਾਸਪੋਰਟ ਡਿਵੀਜ਼ਨ ਨੂੰ ਪਾਸਪੋਰਟ ਰੱਦ ਕਰ ਕੇ 23 ਭਾਰਤੀਆਂ ਦੇ ਨਵੇਂ ਪਾਸਪੋਰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

Check Also

ਪਾਕਿਸਤਾਨ ਦੇ ਸ਼ਹਿਰ ਲਾਹੌਰ ਅਤੇ ਮੁਲਤਾਨ ’ਚ ਲੱਗਿਆ ਲਾਕਡਾਊਨ

ਵਧੇ ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਸਰਕਾਰ ਨੇ ਲਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਿਛਲੇ …