Breaking News
Home / ਦੁਨੀਆ / ਅੰਮ੍ਰਿਤਸਰੀ ਤੰਦੂਰਾਂ ਨੂੰ ਵਿਦੇਸ਼ਾਂ ‘ਚ ਟੱਕਰ ਦੇਣ ਲੱਗੇ ਰਾਵਲਪਿੰਡੀ ਦੇ ਤੰਦੂਰ

ਅੰਮ੍ਰਿਤਸਰੀ ਤੰਦੂਰਾਂ ਨੂੰ ਵਿਦੇਸ਼ਾਂ ‘ਚ ਟੱਕਰ ਦੇਣ ਲੱਗੇ ਰਾਵਲਪਿੰਡੀ ਦੇ ਤੰਦੂਰ

ਦੋਵੇਂ ਸ਼ਹਿਰਾਂ ਵਿਚ ਤੰਦੂਰਾਂ ਨੂੰ ਚੀਕਨੀ ਲਾਲ ਮਿੱਟੀ ਤੇ ਰਵਾਇਤੀ ਤਰੀਕੇ ਨਾਲ ਕੀਤਾ ਜਾਂਦਾ ਹੈ ਤਿਆਰ
ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੀ ਜੀ.ਟੀ. ਰੋਡ ‘ਤੇ ਰਾਮ ਤਲਾਈ ਆਬਾਦੀ ਵਿਚ ਬਣਾਏ ਜਾਣ ਵਾਲੇ ਮਿੱਟੀ ਦੇ ਤੰਦੂਰਾਂ ਨੇ ਅਜੇ ਤੱਕ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਆਪਣੀ ਚੌਧਰ ਕਾਇਮ ਰੱਖੀ ਹੋਈ ਸੀ, ਪਰ ਹੁਣ ਵੱਖ-ਵੱਖ ਮੁਲਕਾਂ ਵਿਚ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਬਣਾਏ ਜਾਣ ਵਾਲੇ ਤੰਦੂਰਾਂ ਦੀ ਮੰਗ ਵੀ ਕਾਫੀ ਵਧਣ ਲੱਗੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਸਿੰਗਾਪੁਰ, ਇੰਗਲੈਂਡ ਤੇ ਦੁਬਈ ਆਦਿ ਵਿਚ ਅੰਮ੍ਰਿਤਸਰ ਸਮੇਤ ਪਾਕਿਸਤਾਨੀ ਸ਼ਹਿਰਾਂ ਲਾਹੌਰ, ਕਸੂਰ, ਮੁਲਤਾਨ, ਰਾਵਲਪਿੰਡੀ ਤੇ ਕਰਾਚੀ ਦੇ ਬਣੇ ਤੰਦੂਰ ਪਿਛਲੇ ਲਗਭਗ 30-35 ਸਾਲਾਂ ਤੋਂ ਵੱਡੀ ਗਿਣਤੀ ਵਿਚ ਭੇਜੇ ਜਾਂਦੇ ਰਹੇ ਹਨ, ਪਰ ਮੌਜੂਦਾ ਸਮੇਂ ਵਿਦੇਸੀ ਢਾਬਿਆਂ ‘ਤੇ ਪੰਜਾਬੀ ਪਕਵਾਨਾਂ ਵਾਲੇ ਰੈਸਟੋਰੈਂਟਾਂ ਦੀ ਅੰਮ੍ਰਿਤਸਰੀ ਤੰਦੂਰਾਂ ਦੇ ਨਾਲ-ਨਾਲ ਰਾਵਲਪਿੰਡੀ ਦੇ ਬਣੇ ਤੰਦੂਰ ਪਹਿਲੀ ਪਸੰਦ ਬਣ ਚੁਕੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੀ ਉਕਤ ਆਬਾਦੀ ‘ਚ ਤੰਦੂਰ ਬਣਾਉਣ ਵਾਲੇ 40-50 ਪਰਿਵਾਰਾਂ ਵਿਚੋਂ ਜ਼ਿਆਦਾਤਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨੀ ਸ਼ਹਿਰਾਂ ਤੋਂ ਹੀ ਇੱਥੇ ਆਬਾਦ ਹੋਏ ਹਨ। ਤੰਦੂਰ ਬਣਾਉਣ ਵਾਲੇ ਕਾਰੀਗਰਾਂ ਅਨੁਸਾਰ ਦੇਸ ਵਿਚ 150 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਵਿਕਣ ਵਾਲੇ ਇਨ੍ਹਾਂ ਤੰਦੂਰਾਂ ਦੀ ਵਿਦੇਸ਼ੀ ਧਰਤੀ ‘ਤੇ ਪਹੁੰਚਦਿਆਂ ਹੀ ਕੀਮਤ ਕਈ ਗੁਣਾ ਵਧ ਜਾਂਦੀ ਹੈ।
ਤੰਦੂਰ ਬਣਾਉਣ ਦੀ ਤਕਨੀਕ ਵਿਚ ਅੰਮ੍ਰਿਤਸਰੀਆਂ ਤੇ ਰਾਵਲਪਿੰਡੀ ਦੇ ਕਾਰੀਗਰਾਂ ਦੀ ਮੁਹਾਰਤ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵੇਂ ਸ਼ਹਿਰਾਂ ਵਿਚ ਬਣਾਏ ਜਾਣ ਵਾਲੇ ਤੰਦੂਰਾਂ ਨੂੰ ਚੀਕਨੀ ਲਾਲ ਮਿੱਟੀ ਤੇ ਰਵਾਇਤੀ ਤਰੀਕੇ ਨਾਲ ਬਣਾਇਆ ਜਾਂਦਾ ਹੈ ਤੇ ਇਕ ਤੰਦੂਰ ਦੇ ਧੁੱਪ ਵਿਚ ਸੁੱਕ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੋਣ ‘ਚ ਇਕ ਤੋਂ ਦੋ ਹਫਤੇ ਦਾ ਸਮਾਂ ਲਗਦਾ ਹੈ।
ਰਾਵਲਪਿੰਡੀ ਤੇ ਅੰਮ੍ਰਿਤਸਰ ਦੇ ਬਣੇ ਤੰਦੂਰ ਵਿਦੇਸ਼ਾਂ ਦੇ ਹਰ ਉਸ ਸ਼ਹਿਰ ਵਿਚ ਭੇਜੇ ਜਾ ਰਹੇ ਹਨ ਜਿੱਥੇ ਪੰਜਾਬੀ ਵਸੇ ਹੋਏ ਹਨ ਜਾਂ ਜਿੱਥੇ ਰਵਾਇਤੀ ਪਕਵਾਨਾਂ ਦੇ ਸ਼ੌਕੀਨ ਵੱਡੀ ਗਿਣਤੀ ਵਿਚ ਰਹਿ ਰਹੇ ਹਨ। ਜਿੱਥੇ ਅੰਮ੍ਰਿਤਸਰ ਵਿਚ ਢਾਈ ਪੈਰ, ਤਿੰਨ ਪੈਰ, ਸਵਾ ਦੋ ਪੈਰ ਸਾਈਜ਼ ਦੇ ਤੰਦੂਰ ਬਣਾਏ ਜਾ ਰਹੇ ਹਨ, ਉੱਥੇ ਹੀ ਰਾਵਲਪਿੰਡੀ ਵਿਚ ਅੰਮ੍ਰਿਤਸਰ ਤੋਂ ਦੋ ਗੁਣਾ ਵੱਡੇ ਸਾਈਜ਼ ਵਿਚ ਤੰਦੂਰ ਤਿਆਰ ਕੀਤੇ ਜਾ ਰਹੇ ਹਨ।

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …