ਪ੍ਰਾਇਮਰੀ ਸਕੂਲ ਦੇ ਟੀਚਰਾਂ ਨੂੰ ਟ੍ਰੇਨਿੰਗ ਲਈ ਫਿਨਲੈਂਡ ਭੇਜੇਗੀ ਪੰਜਾਬ ਸਰਕਾਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਸਕੂਲ ਮੈਨੇਜਮੈਂਟ ਦੀ ਟ੍ਰੇਨਿੰਗ ਲੈਣ ਲਈ 72 ਪਿ੍ਰੰਸੀਪਲਾਂ ਦਾ ਇਕ ਹੋਰ ਬੈਚ ਅੱਜ ਸਿੰਘਾਪੁਰ ਲਈ ਰਵਾਨਾ ਕੀਤਾ। ਇਸ ਬੈਚ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ 72 ਪਿ੍ਰੰਸੀਪਲਾਂ ਨੂੰ ਭੇਜਿਆ ਗਿਆ ਹੈ ਜੋ ਸਿੰਘਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ’ਚ ਲੀਡਰਸ਼ਿਪ, ਗਲੋਬਲ ਐਜੂਕੇਸ਼ਨ, ਅਤੇ ਕੋਆਰਡੀਨੇਸ਼ਨ ਦੀ ਟ੍ਰੇਨਿੰਗ ਪ੍ਰਾਪਤ ਕਰਨਗੇ। ਉਥੇ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਗੱਲਬਾਤ ਫਿਨਲੈਂਡ ਸਰਕਾਰ ਨਾਲ ਵੀ ਚੱਲ ਰਹੀ ਹੈ ਕਿਉਂਕਿ ਫਿਨਲੈਂਡ ਨੂੰ ਪ੍ਰਾਇਮਰੀ ਸਿੱਖਿਆ ’ਚ ਸਭ ਤੋਂ ਬੇਹਤਰ ਮੰਨਿਆ ਜਾਂਦਾ ਹੈ। ਐਮਓਯੂ ਸਾਈਨ ਹੋਣ ਤੋਂ ਬਾਅਦ ਪੰਜਾਬ ਸਰਕਾਰ ਪ੍ਰਾਇਮਰੀ ਸਕੂਲ ਦੇ ਪਿੰ੍ਰਸੀਪਲਾਂ ਨੂੰ ਟ੍ਰੇਨਿੰਗ ਲਈ ਫਿਨਲੈਂਡ ਭੇਜੇਗੀ। ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿਚ ਹੋਏ ਨਵੇਂ ਦਾਖਲਿਆਂ ਦੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਹੁਣ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲ ’ਤੇ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਲੋਕ ਸਰਕਾਰੀ ਸਕੂਲਾਂ ਬਾਰੇ ਨੇਗੇਟਿਵ ਸੋਚਦੇ ਸਨ ਪ੍ਰੰਤੂ ਹੁਣ ਉਹ ਸਰਕਾਰੀ ਸਕੂਲਾਂ ਬਾਰੇ ਦੁਬਾਰਾ ਸੋਚਣ ਲੱਗੇ ਹਨ ਅਤੇ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਕਲਾਸ ’ਚ ਇਸ ਵਾਰ ਦਾਖਲਾ 17 ਫੀਸਦੀ ਵਧਿਆ ਹੈ। ਇੰਨਾ ਹੀ ਪੰਜਾਬ ਦੇ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਦੇ ਦਾਖਲਿਆਂ ’ਚ ਵੀ ਵਾਧਾ ਹੋਇਆ ਹੈ। ਜਿਹੜੇ ਕਾਲਜ ਬੰਦ ਹੋਣ ਦੀ ਕਗਾਰ ’ਤੇ ਸਨ ਉਨ੍ਹਾਂ ’ਚ ਦਾਖਲਾ ਦੋ ਗੁਣਾ ਹੋ ਚੁੱਕਿਆ ਜੋ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ।